ਬਰਨਾਲਾ (ਭੰਗੂ) ਜ਼ਿਲ੍ਹਾ ਬਰਨਾਲਾ ਦੇ ਬਲਾਕ ਢਿੱਲਵਾਂ ਦੇ ਪਿੰਡ ਫੱਤੂਚੱਕ ਦੇ 24 ਸਾਲਾਂ ਨੌਜਵਾਨ ਦੀ ਕੈਨੇਡਾ ਵਿਖੇ ਹੋਏ ਇਕ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਦਿੰਦਿਆਂ ਮ੍ਰਿਤਕ ਸਤਵਿੰਦਰ ਸਿੰਘ ਦੇ ਪਿਤਾ ਸੁਖਜਿੰਦਰ ਸਿੰਘ ਸਾਬੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਢਾਈ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਤੇ ਪੜ੍ਹਾਈ ਖ਼ਤਮ ਹੋਣ ਉਪਰੰਤ ਵਰਕ ਪਰਮਿਟ ’ਤੇ ਬਰੈਂਪਟਨ ਵਿਖੇ ਬਤੌਰ ਟਰੱਕ ਡਰਾਈਵਰ ਕੰਮ ਕਰ ਰਿਹਾ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਟਰੱਕ ਯਾਰਡ ’ਚ ਅਚਾਨਕ ਦੋ ਟਰੱਕਾਂ ਵਿਚਕਾਰ ਆਉਣ ਨਾਲ ਉਸਦੀ ਮੌਤ ਹੋ ਗਈ। ਇਕਲੌਤੇ ਨੌਜਵਾਨ ਦੀ ਮੌਤ ਹੋਣ ਨਾਲ ਜਿੱਥੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਉੱਥੇ ਪਿੰਡ ’ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
