ਕੋਟਕਪੂਰਾ (ਰਾਜੇਸ ਜੈਨ-ਭਗਵਾਨ ਭੰਗੂ) ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਿ੍ਫ਼ਤਾਰੀ ਦੇ ਵਿਰੋਧ ਵਿੱਚ 31 ਮਾਰਚ ਦਿਨ ਐਤਵਾਰ ਨੂੰ ਦਿੱਲੀ ਵਿਖੇ ਸਾਰੀਆਂ ਇਨਸਾਫਪਸੰਦ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦਾ ਇਕੱਠ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗਾ। ਪਿੰਡ ਸੰਧਵਾਂ ਵਿਖੇ ਬੁਲਾਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਸੰਬੋਧਨ ਕਰਨ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਉਕਤ ਮਹਾਂਰੈਲੀ ਵਿੱਚ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਅਹੁਦੇਦਾਰ ਸ਼ਮੂਲੀਅਤ ਕਰਨਗੇ। ਸਪੀਕਰ ਸੰਧਵਾਂ ਨੇ ਉਕਤ ਮੀਟਿੰਗ ਦੌਰਾਨ ਦਿੱਲੀ ਵਿਖੇ ਹੋਣ ਵਾਲੀ ਮਹਾਂਰੈਲੀ ਨੂੰ ਸਫਲ ਬਣਾਉਣ ਲਈ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਉਂਦਿਆਂ ਆਖਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਣ ਅਤੇ ਡਾ. ਭੀਮ ਰਾਉ ਅੰਬੇਡਕਰ ਵਲੋਂ ਰਚੇ ਸੰਵਿਧਾਨ ਸਮੇਤ ਲੋਕਤੰਤਰ ਨੂੰ ਖਤਮ ਕਰਨ ਵਾਲੀਆਂ ਤਾਨਾਸ਼ਾਹੀ ਕਾਰਵਾਈਆਂ ਕਾਰਨ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਦੇਸ਼-ਵਿਦੇਸ਼ ਵਿੱਚ ਨੁਕਤਾਚੀਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਅਕਸ ਖਰਾਬ ਕਰਨ ਲਈ ਮੋਦੀ ਸਰਕਾਰ ਵਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਸੀਬੀਆਈ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਪੀਕਰ ਸੰਧਵਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਆਖਿਆ ਕਿ ਬੋਲਣ ਅਤੇ ਲਿਖਣ ਦੇ ਪ੍ਰਗਟਾਵਿਆਂ ਦੀ ਆਜਾਦੀ ਉੱਪਰ ਅਣਐਲਾਨੀ ਐਮਰਜੈਂਸੀ ਲੱਗਣ ਕਾਰਨ ਇਨਸਾਫ ਪਸੰਦ ਜਥੇਬੰਦੀਆਂ, ਪਾਰਟੀਆਂ, ਸੰਸਥਾਵਾਂ ਅਤੇ ਸ਼ਖਸ਼ੀਅਤਾਂ ਅੰਦਰ ਰੋਸ ਪੈਦਾ ਹੋਣਾ ਸੁਭਾਵਿਕ ਹੈ। ਉਹਨਾਂ ਦੱਸਿਆ ਕਿ ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਮਨੀਸ਼ ਸ਼ਿਸ਼ੋਦੀਆ, ਸਤਿੰਦਰ ਜੈਨ ਅਤੇ ਸੰਜੇ ਸਿੰਘ ਨੂੰ ਜ਼ੇਲ ਭੇਜ ਦਿੱਤਾ ਗਿਆ ਤੇ ਹੁਣ ਅਰਵਿੰਦ ਕੇਜਰੀਵਾਲ ਦਾ ਮਨੋਬਲ ਡੇਗਣ ਅਤੇ ਉਹਨਾਂ ਦਾ ਲੋਕਪੱਖੀ ਅਕਸ ਖਰਾਬ ਕਰਨ ਲਈ ਕੋਝੇ ਹੱਥਕੰਢੇ ਅਪਣਾਏ ਜਾ ਰਹੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਭੋਲਾ ਸਿੰਘ, ਜਸਪ੍ਰਰੀਤ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ, ਸੰਦੀਪ ਸਿੰਘ, ਅਮਰੀਕ ਸਿੰਘ, ਬਾਬੂ ਸਿੰਘ, ਮੇਹਰ ਸਿੰਘ, ਮਨਜੀਤ ਸ਼ਰਮਾ, ਸੰਜੀਵ ਕਾਲੜਾ, ਕੁਲਦੀਪ ਸਿੰਘ, ਗੁਰਦੀਪ ਸ਼ਰਮਾ (ਸਾਰੇ ਬਲਾਕ ਪ੍ਰਧਾਨ), ਗੁਰਸੇਵਕ ਸਿੰਘ, ਸੁਖਵੰਤ ਸਿੰਘ ਪੱਕਾ, ਰਾਜਪਾਲ ਸਿੰਘ ਢੁੱਡੀ, ਜਸਵਿੰਦਰ ਸਿੰਘ ਢੁੱਡੀ, ਸਰਬਜੀਤ ਸਿੰਘ ਮੋਰਾਂਵਾਲੀ, ਬਲਵੀਰ ਸਿੰਘ ਮੋਰਾਂਵਾਲੀ, ਅਭੈਜੀਤ ਸਿੰਘ ਚੰਦਬਾਜਾ, ਮਨਪ੍ਰਰੀਤ ਸਿੰਘ ਮਨੀ ਧਾਲੀਵਾਲ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜਰ ਸਨ।