ਫਰੀਦਕੋਟ (ਰੋਹਿਤ ਗੋਇਲ)ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ, ਜਦੋਂ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਕੀਟਨਾਸ਼ਕ /ਖਾਦਾਂ ਦੀਆਂ ਦੁਕਾਨਾਂ ਤੋਂ ਭਰੇ ਸੈਂਪਲਾਂ ‘ਚੋਂ 2 ਨਮੂਨੇ ਗ਼ੈਰ ਮਿਆਰੀ ਪਾਏ ਗਏ। ਨਮੂਨਿਆਂ ਨਾਲ ਸਬੰਧਿਤ ਵਿਅਕਤੀਆਂ/ਫਰਮਾਂ ਨੂੰ ਮਾਣਯੋਗ ਜ਼ਿਲ੍ਹਾ ਅਦਾਲਤ ਵੱਲੋਂ ਜ਼ੁਰਮਾਨਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਦਵਾਈਆਂ/ਖਾਦਾਂ/ਬੀਜ ਉਬਲਬਧ ਕਰਵਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਖਾਦ/ਕੀਟਨਾਸ਼ਕ ਤੇ ਬੀਜ ਵਿਕੇ੍ਤਾਵਾਂ ਦੇ ਕਾਰੋਬਾਰ ਸਥਾਨਾਂ ਤੋਂ ਨਮੂਨੇ ਭਰੇ ਜਾਂਦੇ ਹਨ ਤੇ ਇਨ੍ਹਾਂ ਨਮੂਨਿਆਂ ਨੂੰ ਪਰਖ ਲਈ ਵੱਖ-ਵੱਖ ਪ੍ਰਯੋਗਸ਼ਾਲਾਵਾਂ ‘ਚ ਪਰਖ ਕਰਨ ਲਈ ਭੇਜਿਆ ਗਿਆ ਸੀ ਤੇ ਦੋ ਸੈਂਪਲ ਗ਼ੈਰ ਮਿਆਰੀ ਪਾਏ ਗਏ। ਇਸ ਸਬੰਧੀ ਸਬੰਧਤ ਵਿਅਕਤੀਆ/ਫਰਮਾਂ ਖ਼ਿਲਾਫ਼ ਪਿਛਲੇ ਤਕਰੀਬਨ 5 ਸਾਲ ਤੋਂ ਕੇਸ ਚੱਲ ਰਿਹਾ ਸੀ।ਉਨ੍ਹਾਂ ਦੱਸਿਆ ਕਿ ਇੱਕ ਕੇਸ ‘ਚ ਮਾਣਯੋਗ ਸੀ.ਜੀ.ਐਮ. ਫਰੀਦਕੋਟ ਦੀ ਅਦਾਲਤ ਜੱਜ ਲਵਦੀਪ ਸਿੰਘ ਹੁੰਦਲ, ਫਰੀਦਕੋਟ ਵੱਲੋ ਗੈਰਮਿਆਰੀ ਦਵਾਈ ਵੇਚਣ ਵਾਲੇ ਡੀਲਰ ਮੈਸਰਜ਼ ਕ੍ਰਿਸਨਾ ਪੈਸਟੀਸਾਈਡਜ ਬਲਾਕ ਕੋਟਕਪੂਰਾ, ਮਾਰਕੀਟਿੰਗ ਕੰਪਨੀ ਮੈਸਰਜ਼ ਮਕਾਡੋ ਕਰੋਪ ਸਾਇੰਸ ਬਠਿੰਡਾਂ ਤੇ ਨਿਰਮਾਤਾ ਕੰਪਨੀ ਵੈਲਕਮ ਕਰੋਪ ਹੈਲਥ ਪੋ੍ਡਕਸ ਹਰਿਆਣਾ ਅਤੇ ਇਨ੍ਹਾਂ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 50,000-50,000 ਹਜ਼ਾਰ ਜੁਰਮਾਨਾ ਤੇ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇੱਕ ਹੋਰ ਕੇਸ ‘ਚ ਮਾਣਯੋਗ ਅਦਾਲਤ ਜੈਤੋ ਜੱਜ ਹਰਪ੍ਰਰੀਤ ਸਿੰਘ ਵੱਲੋ ਗ਼ੈਰਮਿਆਰੀ ਦਵਾਈ ਵੇਚਣ ਵਾਲੀ ਨਿਰਮਾਤਾ ਕੰਪਨੀ ਧਾਨੁਕਾ ਐਗਰੀਟੈਕ ਨੂੰ ਤੇ ਇਸ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10,000-10,000 ਹਜ਼ਾਰ ਜੁਰਮਾਨਾ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਅਮਰੀਕ ਸਿੰਘ ਵੱਲੋਂ ਸਾਰੇ ਦਵਾਈਆਂ/ਖਾਦ/ਬੀਜ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਖੇਤੀ ਸਮੱਗਰੀ ਵਿਕੇ੍ਤਾਵਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦਵਾਈਆਂ/ਖਾਦ/ਬੀਜ ਕਿਸਾਨਾਂ ਨੂੰ ਪੱਕੇ ਬਿੱਲ ‘ਤੇ ਦੇਣ ਤਾਂ ਜੋ ਕਿਸਾਨਾਂ ਨੂੰ ਮਿਆਰੀ ਦਵਾਈਆਂ/ਖਾਦ/ਬੀਜ ਉਪਲਬਧ ਹੋ ਸਕਣ। ਇਸ ਮੌਕੇ ਉਨ੍ਹਾਂ ਨਾਲ ਡਾ.ਗੁਰਪ੍ਰਰੀਤ ਸਿੰਘ,ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਹਾਜ਼ਰ ਸਨ।