ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਹੈ, ਇਸ ਮੌਕੇ ਉਨ੍ਹਾਂ ਨੂੰ ਪੰਜਾਬ ਭਰ ਵਿਚ ਯਾਦ ਕੀਤਾ ਜਾ ਰਿਹਾ ਹੈ। ਦੇਸ਼ ਦੀ ਰਾਜਨੀਤੀ ਵਿਚ ਸਭ ਤੋਂ ਵਧੇਰੇ ਸਮਾਂ ਸਰਗਰਮ ਰਹਿਣ ਵਾਲੇ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਵੱਡੀ ਖੰਤਰੀ ਪਾਰਟੀ ਦੇ ਸੰਸਥਾਪਕ ਅਤੇ ਸਭ ਤੋਂ ਵੱਧ ਸਮਾਂ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹ ਇੱਕ ਅਜਿਹੀ ਹੀ ਸ਼ਖ਼ਸੀਅਤ ਸਨ ਜੋ ਸਿਰਫ ਪੰਜਾਬ ਵਿੱਚ ਨਹੀਂ ਸਗੋਂ ਦੇਸ਼ ਦੀ ਰਾਜਨੀਤੀ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਜੇਕਰ ਉਨ੍ਹਾਂ ਨੂੰ ਯੁਗਪੁਰਸ਼ ਦਾ ਨਾਂ ਦੇ ਦਿੱਤਾ ਜਾਵੇ ਤਾਂ ਇਹ ਕੋਈ ਅਤਿਕਥਣੀ ਨਹੀਂ ਹੋਵੇਗੀ। ਜੇਕਰ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਜੀਵਨ ਵਿਚ ਸਭ ਤੋਂ ਪਹਿਲਾਂ ਕਾਂਗਰਸ ਦੀ ਟਿਕਟ ’ਤੇ ਜਿੱਤ ਕੇ ਵਿਧਾਇਕ ਬਣੇ ਪਰ ਬਾਅਦ ਵਿਚ ਉਸੇ ਕਾਂਗਰਸ ਖਿਲਾਫ ਸਾਰੀ ਉਮਰ ਸਿਆਸੀ ਲੜਾਈ ਲੜਦੇ ਰਹੇ। ਪੰਜਾਬ ਦੀ ਸਭ ਤੋਂ ਵੱਡੀ ਖੇਤਰੀ ਪਾਰਟੀ ਦੀ ਸਥਾਪਨਾ ਕੀਤੀ ਅਤੇ ਸਫਲਤਾ ਪੂਰਵਕ ਚਲਾਈ। ਜੇਕਰ ਭਾਰਤੀ ਜਨਤਾ ਨਾਲ ਗਠਜੋੜ ਕਰਕੇ 25 ਸਾਲ ਤੱਕ ਦਾ ਲੰਬਾ ਸਮਾਂ ਗਠਦੋੜ ਨੂੰ ਕਾਇਮ ਰੱਖਿਆ ਤਾਂ ਉਹ ਸਿਰਫ ਪ੍ਰਕਾਸ਼ ਸਿੰਘ ਬਾਦਲ ਦੀ ਸਿਆਣਪ ਨਾਲ ਸੰਭਵ ਹੋ ਸਕਿਆ। ਗਠਜੋੜ ਦੌਰਾਨ ਕਈ ਵਾਰ ਅਜਿਹੇ ਹਾਲਾਤ ਆਏ ਜਿਸ ਤੋਂ ਲੱਗਦਾ ਸੀ ਕਿ ਗਠਜੋੜ ਟੁੱਟ ਜਾਵੇਗਾ ਪਰ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹਾ ਨਹੀਂ ਹੋਣ ਦਿੱਤਾ। ਪਰ ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸਥਿਤੀ ਪੇਚੀਦਾ ਹੋ ਗਈ ਤਾਂ ਮਜ਼ਬੂਰੀ ਵਿੱਚ ਅਕਾਲੀ ਦਲ ਨੂੰ ਭਾਜਪਾ ਨਾਲੋਂ ਨਾਤਾ ਤੋੜਨਾ ਪਿਆ। ਇਸ ਲਈ ਮਰਦੇ ਦਮ ਤੱਕ ਉਨ੍ਹਾਂ ਦੇ ਮਨ ਵਿਚ ਮਲਾਲ ਰਿਹਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੀਵਨ ਵਿੱਚ ਕਈ ਸਾਲ ਜੇਲ੍ਹ ਕੱਟੀ। ਪੰਜਾਬ ਅਤੇ ਦੇਸ਼ ਦੀ ਭਲਾਈ ਲਈ ਕਈ ਮੋਰਚੇ ਲਗਾਏ ਅਤੇ ਸਫਲਤਾ ਪੂਰਵਕ ਫਤਹਿ ਵੀ ਕੀਤੇ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਗਰੀਬ ਵਰਗ ਦੀਆਂ ਕਈ ਲਾਭਕਾਰੀ ਸਕੀਮਾਂ ਸ਼ੁਰੂ ਕੀਤੀਆਂ। ਕਿਸਾਨਾਂ ਨੂੰ ਖੇਤੀ ਲਈ ਮੁਫਤ ਬਿਜਲੀ ਪਾਣੀ, ਗਰੀਬ ਵਰਗਾਂ ਨੂੰ ਮੁਫਤ ਬਿਜਲੀ, ਆਟਾ ਦਾਲ ਦੇਣ ਦੀ ਸਕੀਮ, ਮਾਈ ਭਾਗੋ ਸੋਜਨਾ ਅਧੀਨ ਸਕੂਲ ਪੜ੍ਹਣ ਵਾਲੀਆਂ ਬੱਚੀਆਂ ਨੂੰ ਸਾਇਕਲ ਵੰਡਣੇ, ਲੜਕੀਆਂ ਲਈ ਵਿਆਹ ਤੇ ਸ਼ਗਨ ਸਕੀਮ ਚਲਾਉਣਾ ਤੋਂ ਇਲਾਵਾ ਹੋਰ ਕਈ ਕਲਿਆਣਕਾਰੀ ਯੋਜਨਾਵਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਅਤੇ ਉਨ੍ਹਾਂ ਤੋਂ ਬਾਅਦ ਵੀ ਕੋਈ ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ ਉਨ੍ਹਾਂ ਸਕੀਮਾਂ ਨੂੰ ਬੰਦ ਕਰਨ ਦੀ ਹਿੰਮਤ ਨਹੀਂ ਦਿਖਾ ਸਕੀਆਂ ਬਲਕਿ ਬਾਦਲ ਵਾਲੀਆਂ ਸਕੀਮਾਂ ਦੇਸ਼ ਦੇ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵਲੋਂ ਵੀ ਸ਼ੁਰੂ ਕੀਤੀਆਂ ਗਈਆਂ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਉਤਰਾਅ ਝੜਾਅ ਦੇਖੇ। ਉਨ੍ਹਾਂ ਨੂੰ ਸਿਆਸਤ ਦਾ ਚਾਣਕਿਆ ਵੀ ਮੰਨਿਆ ਜਾਂਦਾ ਸੀ। ਇੱਕ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਵਿਰੋਧੀ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਭਾਵੇਂ ਉਹ ਕਿੰਨਾ ਵੀ ਨੇੜੇ ਕਿਉਂ ਨਾ ਹੋਵੇ। ਪ੍ਰਕਾਸ਼ ਸਿੰਘ ਬਾਦਲ ਆਪਣੇ ਜੀਵਨ ਕਾਲ ਦੌਰਾਨ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਆਪਣੇ ਸਮਕਾਲੀ ਨੇਤਾਵਾਂ ਨੂੰ ਦਰਕਿਨਾਰ ਕੀਤਾ। ਜਿਸ ਕਾਰਨ ਉਨ੍ਹਾਂ ਦੇ ਆਪਣੇ ਪਰਿਵਾਰ ਵਿਚ ਵੀ ਦਰਾੜ ਪਈ। ਜਾਸ ਅਤੇ ਪਾਸ਼ ( ਪ੍ਰਕਾਸ਼ ਸਿੰਘ ਬਾਦਲ ਅਤੇ ਭਰਾ ਗੁਰਕਦਾਸ ਬਾਦਲ ) ਦੀ ਜੋੜੀ ਟੱੁਟ ਗਈ, ਭਤੀਜਾ ਮਨਪ੍ਰੀਤ ਬਾਦਲ ਬਾਗੀ ਹੋ ਗਿਆ। ਪਾਰਟੀ ਦੇ ਵੱਡੇ ਕੱਦ ਦੇ ਨੇਤਾ ਪਾਰਟੀ ਛੱਡ ਗਏ। ਉਨ੍ਹਾਂ ਦੇ ਕਾਰਜਕਾਲ ਪਿਛਲੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀਆਂ ਕਈ ਘਟਨਾਵਾਂ ਨੂੰ ਵਾਪਰੀਆਂ, ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮਾਮਲਾ ਸਾਹਮਣੇ ਆਇਆ ਅਤੇ ਜਦੋਂ ਕੇਂਦਰ ਵਿੱਚ ਪੰਜਾਬ ਵਿੱਚ ਖੇਤੀ ਸਬੰਧੀ ਤਿੰਨ ਕਾਨੂੰਨ ਲਾਗੂ ਹੋਏ, ਉਸ ਸਮੇਂ ਉਹ ਭਾਜਪਾ ਨਾਲ ਗੱਠਜੋੜ ਵਿੱਚ ਸਨ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਉਸ ਸਮੇਂ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਸਹੀ ਕਿਹਾ ਗਿਆ ਸੀ। ਪਰ ਕਿਸਾਨਾਂ ਦੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਸਥਿਤੀ ਬਦਲ ਗਈ, ਜਿਸ ਕਰਕੇ ਉਨ੍ਹਾਂ ਨੂੰ ਉਨ੍ਹਾਂ ਤਿੰਨਾਂ ਕਾਨੂੰਨਾਂ ਦਾ ਵਿਰੋਧ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਭਾਜਪਾ ਨਾਲ ਗਠਜੋੜ ਛੱਡਣਾ ਪਿਆ। ਭਾਵੇਂ ਕਿ ਨੇ ਭਾਜਪਾ ਨਾਲ ਗਠਜੋੜ ਤੋੜ ਦਿੱਤਾ, ਪਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਬੇਅਦਬੀ ਦੀਆਂ ਘਟਨਾਵਾਂ, ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕ ਬੇਹੱਦ ਨਾਰਾਜ਼ ਸਨ। ਜਿਸ ਕਾਰਨ ਸੂਬੇ ਦੀ ਸਭ ਤੋਂ ਵੱਡੀ ਅਤੇ ਲੰਬੀ ਸੱਤਾਧਾਰੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਰਸ਼ ਤੋਂ ਫਰਸ਼ ਤੇ ਮੂਧੇ ਮੂੰਹ ਆ ਡਿੱਗੀ। ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਜੀਵਨ ਦੀ ਆਖਰੀ ਚੋਣ ਹਾਰ ਗਏ। ਪ੍ਰਕਾਸ਼ ਸਿੰਘ ਬਾਦਲ ਨੇ ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੱਕ ਦੇ ਸਾਰੇ ਸਫਰ ਆਪਣੀਆਂ ਅੱਖਾਂ ਨਾਲ ਦੇਖੇ। ਜਿਥੇ ਉਨ੍ਹਾਂ ਦੇ ਖੂਨ ਪਸੀਨੇ ਨਾਲ ਵੱਡੇ ਦਰਖਤ ਦੇ ਰੂਪ ਵਿਚ ਸਥਾਪਤ ਹੋਈ ਪਾਰਟੀ ਉਨ੍ਹਾਂ ਦੇ ਦੇਖਦੇ ਹੀ ਦੇਖਦੇ ਜ਼ੀਰੋ ਤੇ ਆ ਪਹੁੰਚੀ, ਇਹ ਉਨ੍ਹਾਂ ਲਈ ਬੇਹੱਦ ਦੁਖਦਾਈ ਸਮਾਂ ਸੀ। ਜੀਵਨ ਦੇ ਆਖਰੀ ਪੈਂਡੇ ਤੇ ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਗੋਲੀ ਕਾਂਡ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗਾਏ ਗਏ। ਭਾਵੇਂ ਕਿ ਉਨ੍ਹਾਂ ਨੂੰ ਸਿੱਖ ਧਰਮ ਦੇ ਸਰਵਉੱਚ ਸਨਮਾਨ ਨਾਲ ਪੰਥ ਰਤਨ ਨਾਲ ਨਿਵਾਜਿਆ ਗਿਆ ਸੀ ਪਰ ਕੌਮ ਦੇ ਸਰਬਉੱਚ ਖਿਤਾਬ ਨਾਲ ਨਵਾਜੇ ਗਏ ਵਿਅਕਤੀ ਤੇ ਸ੍ਰੀ ਗੁਰੂ ਗ੍ਰੰਥ ਾਸਹਿਬ ਜੀ ਦੀ ਬੇਅਦਬੀ ਦੇ ਦੋਸ਼ ਲੱਗ ਜਾਣ ਤਾਂ ਉਸ ਨਾਲੋਂ ਅਸਹਿ ਪੀੜਾ ਹੋਰ ਕੋਈ ਨਹੀਂ ਹੋ ਸਕਦੀ। ਜੀਵਨ ਦੇ ਆਖਰੀ ਪਹਿਰੇ ਚ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਜ਼ਿੰਦਗੀ ਦੀਆਂ ਵੱਡੀਆਂ ਪ੍ਰਾਪਤੀਆਂ ’ਤੇ ਮਾਣ ਨਾਲ ਚਿਹਰੇ ਤੇ ਨੂਰ ਹੋਣਾ ਚਾਹੀਦਾ ਸੀ ਉਹ ਨੂਰ ਹਰ ਪਾਸੇ ਤੋਂ ਵੱਡੀ ਅਸਫਲਤਾ ਨਾਲ ਗਾਇਬ ਰਿਹਾ। ਜਿਸ ਪਾਰਟੀ ਨੂੰ ਆਪਣੇ ਖੂਨ ਨਾਲ ਇੱਕ ਵੱਡੇ ਰੁੱਖ ਵਜੋਂ ਸਥਾਪਿਤ ਕੀਤਾ ਉਹ ਪਾਰਟੀ ਤਿਣਕੇ ਵਾਂਗ ਬਿਖਰਦੀ ਦੇਖੀ, ਪਰਿਵਾਰ ਬਿਖਰਦਾ ਦੇਖਿਆ, ਜਿਸ ਪੰਥ ਲਈ ਅੱਗੇ ਹੋ ਕੇ ਲੜਾਈ ਲੜੀ ਉਸੇ ਪੰਥ ਨੇ ਸ਼ੱਕੀ ਨਜਰ ਨਾਲ ਦੇਖਿਆ। ਅਜਿਹੇ ਸੰਕਟ ਵਾਲੇ ਹਾਲਾਤਾਂ ਵਿਚ ਹੀ ਉਨ੍ਹਾਂ ਨੇ ਅੰਤਿਮ ਸਾਹ ਲਿਆ। ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਪੰਜਾਬ ਅਤੇ ਦੇਸ਼ ਦੇ ਸਤਿਕਾਰਿਤ ਰਾਜਨੇਤਾ ਵਜੋਂ ਹਮੇਸ਼ਾ ਜਾਣੇ ਜਾਂਦੇ ਰਹਿਣਗੇ। ਜਦੋਂ ਵੀ ਪੰਜਾਬ ਦੀ ਸਿਆਸਤ ਦੀ ਗੱਲ ਹੋਵੇਗੀ ਤਾਂ ਉਨ੍ਹਾਂ ਦਾ ਨਾਂ ਹਮੇਸ਼ਾ ਸਿਖਰ ’ਤੇ ਆਉਂਦਾ ਰਹੇਗਾ। ਅਸੀਂ ਉਨ੍ਹਾਂ ਦੀ ਪਹਿਲੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।
ਹਰਵਿੰਦਰ ਸਿੰਘ ਸੱਗੂ।