ਪੁਲਿਸ ਦੀਆਂ ਵਧੀਕੀਆਂ ਦੇ ਸ਼ਿਕਾਰ ਲੋਕ ਦਿੰਦੇ ਰਹੇ ਇਨਸਾਫ਼ ਦੀ ਦੁਹਾਈੇ
ਜਗਰਾਓਂ, 27 ਮਈ ( ਜਗਰੂਪ ਸੋਹੀ, ਬੌਬੀ ਸਹਿਜਲ )—ਬਦਲਾਅ ਦੇ ਨਾਂ ’ਤੇ ਪੰਜਾਬ ’ਚ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਰਾਜ ’ਚ ਕਿਹੋ ਜਿਹੇ ਬਦਲਾਵ ਹੋਏ ਹਨ ਅਤੇ ਪੁਲਿਸ ਕਿਸ ਤਰ੍ਹਾਂ ਲੋਕਾਂ ’ਤੇ ਨਜਾਇਜ਼ ਮੁਕਦਮੇ ਦਰਜ ਕਰ ਰਹੀ ਹੈ ਅਤੇ ਉਸਦੇ ਬਾਅਦ ਇਨਸਾਫ ਲੈਣ ਲਈ ਲੋਕ ਦੁਹਾਈਆਂ ਦਿੰਦੇ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਇਸ ਦੀ ਮਿਸਾਲ ਸ਼ਨੀਵਾਰ ਨੂੰ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੀ ਅਗਵਾਈ ਹੇਠ ਥਾਣਾ ਸਿਟੀ, ਥਾਣਾ ਸਦਰ ਅਤੇ ਥਾਣਾ ਸਿੱਧਵਾਂਬੇਟ ਵਿਖੇ ਰੱਖੇ ਗਏ ਦਰਬਾਰ ਵਿੱਚ ਪੁੱਜੇ ਲੋਕਾਂ ਨੇ ਪੇਸ਼ ਕੀਤੀ। ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਜੇਕਰ ਨਜਾਇਜ਼ ਮੁਕੱਦਮੇ ਦਰਜ ਕਰਨ ਦਾ ਮੁਕਾਬਲਾ ਦੇਖਿਆ ਜਾਵੇ ਤਾਂ ਇਸ ਵਿੱਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਪਹਿਲੇ ਨੰਬਰ ’ਤੇ ਆਵੇਗਾ। ਚੌਕੀਮਾਨ ਦੀ ਇੱਕ ਪੀੜਤ ਔਰਤ ਇਨਸਾਫ਼ ਦੀ ਗੁਹਾਰ ਲਗਾਉਣ ਲਈ ਥਾਣਾ ਸਦਰ ਪਹੁੰਚੀ, ਪਿੰਡ ਅਖਾੜਾ ਦਾ ਇੱਕ ਬਜ਼ੁਰਗ ਪਿਤਾ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਪੁੱਤਰ ਲਈ ਇਨਸਾਫ਼ ਮੰਗਣ ਗਿਆ। ਜਿਸ ਨੂੰ ਮੁਲਾਜ਼ਮਾਂ ਨੇ ਉਥੇ ਦਾਖਲ ਹੀ ਨਹੀਂ ਹੋਣ ਦਿੱਤਾ। ਇਸ ਤੋਂ ਇਲਾਵਾ ਜਗਰਾਓਂ ਨੇੜੇ ਇੱਕ ਪਿੰਡ ਵਿੱਚ ਰਹਿਣ ਵਾਲੀ ਮੋਗਾ ਜ਼ਿਲ੍ਹੇ ਦੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਭੈਣ ਦੀ ਨੂੰਹ ਇਨਸਾਫ਼ ਦੀ ਦੁਹਾਈ ਦਿੰਦੀ ਰਹੀ। ਪਿੰਡ ਚੌਕੀਮਾਨ ਦੀ ਵਸਨੀਕ ਸੁਖਵਿੰਦਰਜੀਤ ਕੌਰ ਨੇ ਕਿਹਾ ਕਿ 17 ਸਤੰਬਰ 2022 ਨੂੰ ਉਸ ਦੇ ਘਰ ਦਾਖ਼ਲ ਹੋ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲਿਆਂ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੀੜਤਾ ਨੇ ਇਸ ਮਾਮਲੇ ਸਬੰਧੀ ਐਸਐਸਪੀ ਕੋਲ ਪਹੁੰਚ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ, ਪਰ ਇਸ ਤੋਂ ਪਹਿਲਾਂ ਹੀ ਸਦਰ ਥਾਣੇ ਦੇ ਇੰਚਾਰਜ ਵੱਲੋਂ ਉਸਨੂੰ ਕਿਹਾ ਗਿਆ ਕਿ ਜਿਨ੍ਹਾਂ ਖ਼ਿਲਾਫ਼ ਤੂੰ ਕੇਸ ਦਰਜ ਕਰਵਾਇਆ ਸੀ ਉਨ੍ਹਾਂ ਨੂੰ ਪੁਲੀਸ ਨੇ ਜਾਂਚ ਦੌਰਾਨ ਕਲੀਨ ਚਿੱਟ ਦੇ ਦਿੱਤੀ ਹੈ। ਹੁਣ ਤਾਂ ਤੁਹਾਨੂੰ ਗਿਰਫਤਾਰ ਕੀਤਾ ਜਾਵੇਗਾ। ਇਹ ਸੁਣ ਕੇ ਹੱਕੀ-ਬੱਕੀ ਹੋਈ ਪੀੜਤ ਔਰਤ ਐਸਐਸਪੀ ਦੇ ਸਾਹਮਣੇ ਬੈਠ ਗਈ ਅਤੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਥਾਣਾ ਇੰਚਾਰਜ ਦੀ ਵਲੋਂ ਉਸਦੀ ਗ੍ਰਿਫ਼ਤਾਰੀ ਕਰਨ ਬਾਰੇ ਦੱਸਿਆ ਅਤੇ ਕਿਹਾ ਕਿ ਉਸ ਨੂੰ ਕਿਸੇ ਵੀ ਅਧਿਕਾਰੀ ਨੇ ਜਾਂਚ ਲਈ ਨਹੀਂ ਬੁਲਾਇਆ। ਫਿਰ ਜਿਨ੍ਹਾਂ ਲੋਕਾਂ ’ਤੇ ਮੇਰੇ ’ਤੇ ਹਮਲਾ ਕਰਨ ਦਾ ਮਾਮਲਾ ਦਰਜ ਸੀ, ਉਨ੍ਹਾਂ ਨੂੰ ਕਿਵੇਂ ਕਲੀਨ ਚਿੱਟ ਦੇ ਦਿੱਤੀ ਗਈ। ਜਿਸ ’ਤੇ ਐਸਐਸਪੀ ਵੱਲੋਂ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ। ਦੂਜੇ ਮਾਮਲੇ ਵਿੱਚ ਪੁਲੀਸ ਵੱਲੋਂ ਉਸ ਦੇ ਲੜਕੇ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕਰਕੇ ਇਨਸਾਫ਼ ਦੀ ਦੁਹਾਈ ਦੇਣ ਆਏ ਬਹਾਦਰ ਸਿੰਘ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਅਤੇ ਬਾਹਰੋਂ ਵਾਪਸ ਭੇਜ ਦਿੱਤਾ ਗਿਆ। ਉਪਰੰਤ ਪੱਤਰਕਾਰਾਂ ਕੋਲ ਪਹੁੰਚੇ ਬਹਾਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜਰਨੈਲ ਸਿੰਘ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸਦੇ ਚਾਰ ਛੋਟੇ ਬੱਚੇ ਹਨ ਅਤੇ ਉਸਦੇ ਦੋ ਭਰਾਵਾਂ ਦੀ ਮੌਤ ਤੋਂ ਬਾਅਦ ਉਸਦੇ ਚਾਰ ਬੱਚਿਆਂ ਦਾ ਪਾਲਣ ਪੋਸ਼ਣ ਵੀ ਉਹੀ ਕਰਦਾ ਹੈ। ਜਰਨੈਲ ਸਿੰਘ ਨੂੰ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ 24 ਮਈ ਨੂੰ ਸਵੇਰੇ 6 ਵਜੇ ਘਰੋਂ ਉਠਾ ਕੇ ਇਹ ਕਹਿ ਕੇ ਲੈ ਗਈ ਸੀ ਕਿ ਉਸ ਪਾਸੋਂ ਕੁਝ ਪੁੱਛ ਗਿੱਛ ਕਰਨੀ ਹੈ ਬਾਅਦ ਵਿਚ ਛੱਡ ਦੇਵਾਂਗੇ। ਉਸੇ ਸਮੇਂ ਉਹੀ ਪੁਲਿਸ ਪਾਰਟੀ ਪਿੰਡ ਦੇ ਦੋ ਹੋਰ ਲੜਕਿਆਂ ਨੂੰ ਵੀ ਲੈ ਕੇ ਗਈ ਸੀ। ਜਦੋਂ ਮੈਂ ਪਿੰਡ ਵਾਸੀਆਂ ਨੂੰ ਲੈ ਕੇ ਸੀ.ਆਈ.ਏ ਸਟਾਫ਼ ਗਿਆ ਤਾਂ ਉਨ੍ਹਾਂ ਨੂੰ ਵਾਰ-ਵਾਰ ਸਮਾਂ ਦੇਣ ’ਤੇ ਵੀ ਦੇਰ ਸ਼ਾਮ ਤੱਕ ਅੰਦਰ ਨਹੀਂ ਆਉਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਦੀ ਗੱਲ ਸੁਣੀ। ਉਸ ਤੋਂ ਬਾਅਦ ਮੇਰੇ ਲੜਕੇ ’ਤੇ 300 ਨਸ਼ੀਲੀਆਂ ਗੋਲੀਆਂ ਦਾ ਝੂਠਾ ਮੁਕਦਮਾ ਦਰਜ ਕਰ ਦਿਤਾ ਗਿਆ ਅਤੇ ਬਾਕੀ ਦੋ ਲੜਕੇ ਜੋ ਉਸ ਸਮੇਂ ਪੁਲਿਸ ਨਾਲ ਲੈ ਕੇ ਗਈ ਸੀ ਉਹ ਛੱਡ ਦਿਤੇ ਗਏ। ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਮੁਹੱਲਾ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਮੇਰੇ ਲੜਕੇ ਨੂੰ ਘਰੋਂ ਚੁੱਕ ਕੇ ਲਿਜਾਇਆ ਗਿਆ ਤਾਂ ਉਸ ਕੋਲ ਕੁਝ ਵੀ ਨਹੀਂ ਸੀ। ਪੁਲਿਸ ਨੇ ਮੇਰੇ ਲੜਕੇ ’ਤੇ ਝੂਠਾ ਕੇਸ ਦਰਜ ਕੀਤਾ ਹੈ। ਤੀਸਰੀ ਸ਼ਿਕਾਇਤ ਵਿੱਚ ਮੋਗਾ ਜ਼ਿਲ੍ਹੇ ਦੇ ‘ਆਪ’ ਵਿਧਾਇਕ ਦੀ ਭੈਣ ਦੀ ਨੂੰਹ ਜੋ ਕਿ ਜਗਰਾਉਂ ਇਲਾਕੇ ਦੇ ਪਿੰਡ ਵਿੱਚ ਰਹਿੰਦੀ ਹੈ, ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਹੈ। ਉਸ ਦੇ ਪਤੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ। ਉਸ ਦੀ ਸੱਸ, ਸਹੁਰਾ ਅਤੇ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਤਲਾਕ ਦੀ ਮੰਗ ਕਰਦੇ ਹਨ।
ਕੀ ਕਹਿਣਾ ਹੈ ਅਧਿਕਾਰੀ ਦਾ-ਪਿੰਡ ਅਖਾੜੇ ਤੋਂ ਫੜੇ ਗਏ ਜਰਨੈਲ ਸਿੰਘ ਖਿਲਾਫ 300 ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਕਰਨ ਸਬੰਧੀ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਜਰਨੈਲ ਸਿੰਘ ਕੋਲੋਂ ਬਰਾਮਦ ਹੋਇਆ ਉਸੇ ਅਨੁਸਾਰ ਹੀ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਵਿੱਚ ਬਾਕੀ ਦੋ ਲੜਕੇ ਬੇਕਸੂਰ ਪਾਏ ਗਏ। ਜਿਸ ’ਤੇ ਉਸ ਨੂੰ ਛੱਡ ਦਿਤਾ ਗਿਆ।