ਜਗਰਾਓਂ , 27 ਮਈ ( ਬਲਦੇਵ ਸਿੰਘ)– ਸਰਕਾਰੀ ਹਾਈ ਸਕੂਲ ਡਾਂਗੀਆ ਵਿਚ ਵੜਕੇ ਇੱਕ ਵਿਅਕਤੀ ਸ਼ਰੇਆਮ ਕੁਰਸੀ ਤੇ ਪਿਆ ਪਰਸ ਚੁੱਕ ਕੇ ਤਿੱਤਰ ਹੋ ਗਿਆ। ਲਗਭਗ ਡੇਢ ਕੁ ਵਜੇ ਨਵੀਂ ਬਦਲ ਕੇ ਆਈ ਅਧਿਆਪਕਾ ਨਵਜੀਤ ਕੌਰ ਸਾਇੰਸ ਰੂਮ ਵਿੱਚ ਪੀਰੀਅਡ ਲਗਾ ਰਹੀ ਸੀ,ਰੂਮ ਦੇ ਬਾਹਰ ਕੁਰਸੀ ਤੇ ਉਸਦਾ ਪਰਸ ਪਿਆ ਸੀ। ਸ਼ਾਤਿਰ ਚੋਰ ਨੇ ਇੱਧਰ ਉੱਧਰ ਵੇਖਿਆ,ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਨਾ ਦਿੱਸਿਆ ਕਿਉਂਕਿ ਪੀਰੀਅਡ ਲੱਗੇ ਹੋਏ ਸਨ। ਮੌਕੇ ਦੀ ਤਾਕ ਹਿੱਤ ਚੋਰ ਪਰਸ ਚੁੱਕ ਕੇ ਨੌਂ ਦੋ ਗਿਆਰਾਂ ਹੋ ਗਿਆ। ਸੂਚਨਾ ਅਨੁਸਾਰ ਬਾਹਰ ਉਸਦਾ ਇੱਕ ਹੋਰ ਸਾਥੀ, ਮੋਟਰਸਾਇਕਲ ਸਟਾਰਟ ਕਰਕੇ ਖੜਾ ਸੀ।ਉਹ ਦੋਹੇਂ ਮੋਟਰਸਾਇਕਲ ਤੇ ਸਵਾਰ ਹੋ ਕੇ ਚੂਹੜਚੱਕ ਪਿੰਡ ਵੱਲ ਭੱਜ ਗਏ।ਸੀ,ਸੀ ਟੀ ਕੈਮਰਿਆਂ ਦੀ ਫੁਟੇਜ ਦੀ ਮੱਦਦ ਨਾਲ ਦੋ ਅਧਿਆਪਕਾਂ ਨੇ ਉਹਨਾਂ ਚੋਰਾਂ ਦਾ ਪਿੱਛਾ ਵੀ ਕੀਤਾ , ਚੂਹੜਚੱਕ ਤੱਕ ਲੋਕੇਸ਼ਨ ਸਾਫ ਮਿਲ ਰਹੀ ਸੀ, ਉਹਨਾਂ ਦੇ ਚਿਹਰੇ ਅਤੇ ਮੋਟਰਸਾਇਕਲ ਦਾ ਰੰਗ ਅਤੇ ਨੰਬਰ ਵੀ ਦਿਸ ਰਿਹਾ ਸੀ। ਉਹਨਾਂ ਪਿੱਛਾ ਕਰ ਰਹੇ ਅਧਿਆਪਕਾਂ ਨੂੰ ਚੂਹੜਚੱਕ ਨੇੜਿਓਂ ਖੇਤਾਂ ਵਿੱਚੋਂ ਚੋਰੀ ਕੀਤਾ ਖਾਲੀ ਪਰਸ ਮਿਲ ਗਿਆ,ਪਰ ਮੋਬਾਇਲ ਅਤੇ ਰੁਪਏ ਪੈਸੇ ਗ਼ਾਇਬ ਸਨ।ਇਸ ਸਬੰਧੀ ਪੁਲਿਸ ਚੌਂਕੀ ਨੂੰ ਇਤਲਾਹ ਦੇ ਦਿੱਤੀ ਗਈ ਹੈ।