ਡਾ: ਸ਼ਰਮਾ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਢਿੱਲੋਂ ਤੋਂ ਵੀ ਲਿਆ ਅਸ਼ੀਰਵਾਦ
ਬੰਗਾ , 17 ਮਈ ( ਸੰਜੀਵ ਗੋਇਲ, ਅਨਿਲ ਕੁਮਾਰ)-: ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਪੰਜਾਬ ਵਿੱਚ ਦੋ ਦਹਾਕਿਆਂ ਤਕ ਚੱਲੇ ਅਤਿਵਾਦ ਦਾ ਮੁੱਦਾ ਉਠਾਉਂਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਤੋਂ ਪੀੜਤ ਪੰਜਾਬੀਆਂ ਦਾ ਦਰਦ ਸੰਸਦ ਵਿੱਚ ਉਠਾਇਆ ਜਾਵੇਗਾ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਅੱਜ ਬੰਗਾ ਅਤੇ ਬਹਿਰਾਮ ਵਿੱਚ ਚੋਣ ਰੈਲੀਆਂ ਵਿਚ ਬੋਲਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਸੀ ਅਤੇ ਦੰਗਾਕਾਰੀਆਂ ਨੂੰ ਜੇਲ੍ਹ ਭੇਜਣ ਦਾ ਕੰਮ ਸ਼ੁਰੂ ਕਿੱਤਾ, ਇਸੇ ਤਰਜ਼ ‘ਤੇ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਵੀ ਸੰਸਦ ‘ਚ ਉਠਾਇਆ ਜਾਵੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਵੇਂ ਪੰਜਾਬ ਵਿਚੋਂ ਅੱਤਵਾਦ ਲਗਭਗ ਖ਼ਤਮ ਹੋ ਚੁੱਕਾ ਹੈ ਪਰ ਕਈ ਦਹਾਕਿਆਂ ਬਾਅਦ ਵੀ ਇਸ ਨਾਲ ਪੀੜਤ ਪੰਜਾਬੀਆਂ ਦੇ ਜ਼ਖ਼ਮ ਅਜੇ ਵੀ ਤਾਜ਼ਾ ਹਨ | ਇਸ ਗੰਭੀਰ ਮੁੱਦੇ ‘ਤੇ ਅੱਜ ਤਕ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਨੇ ਪੀੜਤਾਂ ਦਾ ਸਹੀ ਸਰਵੇ ਵੀ ਨਹੀਂ ਕੀਤਾ । ਭਾਜਪਾ ਪੂਰੇ ਸੂਬੇ ਦੇ ਸਹਿਯੋਗ ਅਤੇ ਆਸ਼ੀਰਵਾਦ ਨਾਲ ਇਸ ਕੰਮ ਨੂੰ ਪੂਰਾ ਕਰੇਗੀ।
ਬਹਿਰਾਮ ਅਤੇ ਕੁਲਥਮ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਅਤੇ ਹੁਣ ਭਗਵੰਤ ਮਾਨ ਸਰਕਾਰ ਨੇ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ। ਪੰਜਾਬ ਦੇ ਪਿੰਡਾਂ ਵਿੱਚ ਆਯੂਸ਼ਮਾਨ ਕਾਰਡ ਵੀ ਨਹੀਂ ਬਣੇ। ਕੱਚੇ ਘਰਾਂ ਵਿੱਚ ਰਹਿਣ ਵਾਲੇ ਗਰੀਬਾਂ ਦਾ ਧਿਆਨ ਨਹੀਂ ਰੱਖਿਆ ਗਿਆ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਲੋਕਾਂ ਲਈ ਬਹੁਤ ਕੁਝ ਕਰ ਰਹੇ ਹਨ ਪਰ ਇੱਥੋਂ ਦੀਆਂ ਸਰਕਾਰਾਂ ਉਨ੍ਹਾਂ ਤੱਕ ਮਦਦ ਨਹੀਂ ਪਹੁੰਚਣ ਦਿੰਦੀਆਂ। ਇਸ ਲਈ ਤੁਸੀਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ, ਹੁਣ ਭਾਜਪਾ ਨੂੰ ਮੌਕਾ ਦਿਓ। ਡਾ: ਸ਼ਰਮਾ ਨੇ ਕਿਹਾ ਕਿ ਕੇਂਦਰੀ ਸਕੀਮਾਂ ਦਾ ਲਾਭ ਇਸ ਲੋਕ ਸਭਾ ਹਲਕੇ ਦੇ ਲੋਕਾਂ ਤੱਕ ਉਦੋਂ ਹੀ ਪਹੁੰਚੇਗਾ ਜਦੋਂ ਇੱਥੋਂ ਭਾਜਪਾ ਦਾ ਸੰਸਦ ਮੈਂਬਰ ਜਿੱਤੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਅਤੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਭਾਜਪਾ ਦਾ ਇੱਥੋਂ ਜਿੱਤਣਾ ਬਹੁਤ ਜ਼ਰੂਰੀ ਹੈ।
ਅੱਜ ਡਾ: ਸੁਭਾਸ਼ ਸ਼ਰਮਾ ਨੇ ਬੰਗਾ, ਬਹਿਰਾਮ ਅਤੇ ਕੁਲਥਮ ਵਿੱਚ ਦਰਜਨ ਤੋਂ ਵੱਧ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ। ਚੋਣ ਪ੍ਰਚਾਰ ਦੌਰਾਨ ਜਨਤਾ ਭਾਜਪਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਸੀ। ਸਵੇਰੇ ਡਾ: ਸੁਭਾਸ਼ ਸ਼ਰਮਾ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ।