ਜੋਧਾਂ, 17 ਮਈ ( ਵਿਕਾਸ ਮਠਾੜੂ )- ਮਹਿਜ਼ 5 ਰੁਪਏ ਦੇ ਟਮਾਟਰਾਂ ਨੂੰ ਲੈ ਕੇ ਹੋਏ ਝਗੜੇ ’ਚ ਥਾਣਾ ਜੋਧਾ ਵਿਖੇ ਪਿਓ-ਪੁੱਤ ਖਿਲਾਫ ਮਾਮਲਾ ਦਰਜ ਹੋ ਗਿਆ। ਏਐਸਆਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਹਰਮਨਜੋਤ ਸਿੰਘ ਵਾਸੀ ਪਿੰਡ ਨੰਗਲ ਖੁਰਦ ਥਾਣਾ ਜੋਧਾ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਸਵੇਰੇ ਉਹ ਆਪਣੇ ਰਿਕਸ਼ਾ ਰੇਹੜੇ ’ਤੇ ਆਪਣੇ ਹੀ ਪਿੰਡ ’ਚ ਟਮਾਟਰ ਵੇਚ ਰਿਹਾ ਸੀ ਤਾਂ ਪਰਮਜੀਤ ਸਿੰਘ ਉਰਫ ਪੰਮਾ ਮੇਰੇ ਕੋਲ ਆਇਆ ਅਤੇ ਬਿਨਾਂ ਪੁੱਛੇ ਉਸਨੇ ਰਿਕਸ਼ਾ ਰੇਹੜੇ ’ਚੋਂ ਅੱਧਾ ਕਿੱਲੋ ਦੇ ਕਰੀਬ ਟਮਾਟਰ ਬਿਨ੍ਹਾਂ ਦੱਸੇ ਅਤੇ ਪੁੱਛੇ ਲੈ ਕੇ ਜਾਣ ਲੱਗਾ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਇਨ੍ਹਾਂ ਟਮਾਟਰਾਂ ਦੇ ਪੈਸੇ ਦੇ ਦਿਓ ਜਾਂ ਟਮਾਟਰ ਉੱਥੇ ਹੀ ਰੱਖ ਦਿਓ। ਇਸ ’ਤੇ ਉਹ ਉਸ ਨਾਲ ਬਹਿਸ ਕਰਨ ਲੱਗਾ ਅਤੇ ਇਹ ਕਹਿ ਕੇ ਚਲਾ ਗਿਆ ਕਿ ਉਹ ਟਮਾਟਰਾਂ ਦੇ ਪੈਸੇ ਦੇ ਕੇ ਆਪਣੇ ਲੜਕੇ ਨੂੰ ਭੇਜਦਾ ਹੈ। ਉਥੋਂ ਮੈਂ ਹੌਲੀ-ਹੌਲੀ ਪਿੰਡ ਦੀਆਂ ਗਲੀਆਂ ਵਿੱਚੋਂ ਟਮਾਟਰਾਂ ਦਾ ਹੋਕਾ ਦਿੰਦੇ ਹੋਏ ਲੰਘ ਕੇ ਮੁੱਖ ਸੜਕ ’ਤੇ ਜਾ ਰਿਹਾ ਸੀ ਤਾਂ ਉਸ ਸਮੇਂ ਪਰਮਜੀਤ ਸਿੰਘ ਤੇ ਉਸ ਦਾ ਲੜਕਾ ਕ੍ਰਿਸ਼ਨ ਸਿੰਘ ਆਪਣੇ ਮੋਟਰਸਾਈਕਲ ’ਤੇ ਆਏ। ਉਨਾਂ ਆਪਣਾ ਮੋਟਰਸਾਈਕਲ ਮੇਰੇ ਰਿਕਸ਼ਾ ਰੇਹੜੇ ਦੇ ਅੱਗੇ ਖੜ੍ਹਾ ਕਰ ਦਿੱਤਾ, ਮੈਨੂੰ ਘੇਰ ਲਿਆ ਅਤੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਮੈਂ ਰੌਲਾ ਪਾਇਆ ਤਾਂ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਦੋਵੇਂ ਧਮਕੀਆਂ ਦਿੰਦੇ ਹੋਏ ਉਥੋਂ ਭੱਜ ਗਏ। ਇਸ ਸਬੰਧੀ ਥਾਣਾ ਜੋਧਾ ਵਿਖੇ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਉਸ ਦੇ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਿੰਡ ਨੰਗਲ ਖੁਰਦ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।