ਜਗਰਾਓਂ, 17 ਮਈ ( ਜਗਰੂਪ ਸੋਹੀ )-ਰਾਹਗੀਰ ਤੋਂ ਮੋਬਾਈਲ ਫੋਨ ਖੋਹ ਕੇ ਭੱਜ ਰਹੇ ਦੋ ਲੜਕਿਆਂ ਨੂੰ ਪਿੰਡ ਅਖਾੜਾ ਲਾਗੇ ਲੋਕਾਂ ਨੇ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਜਿਸ ’ਤੇ ਦੋਵਾਂ ਖ਼ਿਲਾਫ਼ ਪੁਲੀਸ ਚੌਕੀ ਕਾਉਂਕੇ ਕਲਾਂ ਵਿਖੇ ਕੇਸ ਦਰਜ ਕਰ ਲਿਆ ਗਿਆ। ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਵਾਸੀ ਸ਼ੇਰਾਂਵਾਲਾ ਗੇਟ ਪਿੰਡ ਅਖਾੜਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਂ ਘਰੇਲੂ ਰਾਸ਼ਨ ਲੈਣ ਲਈ ਆਪਣੀ ਐਕਟਿਵਾ ਸਕੂਟੀ ’ਤੇ ਘਰੋਂ ਜਗਰਾਉਂ ਗਿਆ ਸੀ। ਜਦੋਂ ਮੈਂ ਆਪਣਾ ਕੰਮ ਨਿਪਟਾ ਕੇ ਜਗਰਾਉਂ ਤੋਂ ਵਾਪਸ ਪਿੰਡ ਅਖਾੜਾ ਵੱਲ ਜਾ ਰਿਹਾ ਸੀ ਤਾਂ ਸ਼ਾਮ ਨੂੰ ਜਦੋਂ ਮੈਂ ਅਖਾੜਾ ਨਹਿਰ ਤੋਂ ਆਪਣੇ ਪਿੰਡ ਵੱਲ ਮੋੜ ਮੁੜਨ ਲੱਗਾ ਤਾਂ ਸਾਹਮਣੇ ਤੋਂ ਦੋ ਲੜਕਿਆਂ ਨੇ ਮੇਰੀ ਐਕਟਿਵਾ ਸਕੂਟਰੀ ਨੂੰ ਰੋਕ ਲਿਆ। ਦੋ ਨੌਜਵਾਨਾਂ ਵਿੱਚੋਂ ਇੱਕ ਨੇ ਮੇਰੇ ਕੁੜਤੇ ਦੀ ਜੇਬ ਵਿੱਚ ਪਿਆ ਮੋਬਾਈਲ ਫੋਨ ਖੋਹ ਲਿਆ ਅਤੇ ਭੱਜਣ ਲੱਗੇ। ਜਦੋਂ ਉਸ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਨੇ ਇਕੱਠੇ ਹੋ ਕੇ ਦੋਵਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਇਸ ਦੌਰਾਨ ਪਿੰਡ ਅਖਾੜਾ ਦੇ ਕੁਝ ਲੋਕ ਵੀ ਮੌਕੇ ’ਤੇ ਪਹੁੰਚ ਗਏ। ਫੜੇ ਗਏ ਲੜਕਿਆਂ ਦੀ ਪਹਿਚਾਣ ਸਮਨਮਦੀਪ ਸਿੰਘ ਨਿਵਾਸੀ ਪਿੰਡ ਬੁਰਜ ਨਕਲੀਆਂ ਅਤੇ ਹਰਪਾਲ ਸਿੰਘ ਨਿਵਾਸੀ ਪਿੰਡ ਗਾਲਿਬ ਕਲਾਂ ਹਾਲ ਵਾਸੀ ਅਗਵਾੜ ਲੋਪੋ ਜਗਰਾਓਂ ਵਜੋਂ ਹੋਈ। ਇਨ੍ਹਾਂ ਪਾਸੋਂ ਸ਼ਿਕਾਇਤਕਰਤਾ ਦਾ ਖੋਹਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ।