ਜਗਰਾਉਂ, 18 ਅਪ੍ਰੈਲ ( ਵਿਕਾਸ ਮਠਾੜੂ )- ਹਰੇਕ ਸਾਲ ਮਾਤਾ ਪਾਰਵਤੀ ਦੇਵੀ ਟਰੱਸਟ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ਪ੍ਰੋਗਰਾਮ ਰੱਖਿਆ ਜਾਂਦਾ ਹੈ| ਇਸ ਸਾਲ ਵੀ ਡਾਇਟ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ| । ਇਸ ਵਾਰ ਟਰੱਸਟ ਵੱਲੋਂ ਜਗਰਾਉਂ ਦੇ ਨਾਲ ਨਾਲ ਸਿੱਧਵਾਂ ਬੇਟ ਬਲਾਕ ਦੇ ਸਰਕਾਰੀ ਸਕੂਲਾਂ ਨੂੰ ਵੀ ਸਹਾਇਤਾ ਲਈ ਸ਼ਾਮਿਲ ਕੀਤਾ ਗਿਆ| ਪ੍ਰੋਗਰਾਮ ਵਿੱਚ ਡੀ.ਟੀ.ਐਫ. ਲੁਧਿਆਣਾ ਦੇ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਈ.ਟੀ.ਓ. ਐਚ. ਐਸ. ਡਿੰਪਲ ਵਿਸ਼ੇਸ਼ ਤੌਰ ਤੇ ਪਹੁੰਚੇ। ਡਿੰਪਲ ਵੱਲੋਂ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਨੂੰ ਕਿਤਾਬਾਂ ਪੜ੍ਹਨ ਲਈ ਉਤਸਾਹਿਤ ਕੀਤਾ ਗਿਆ| ਉਨ੍ਹਾਂ ਨੇ ਸਮਾਜ ਵਿੱਚ ਕਿਤਾਬਾਂ, ਸਾਹਿਤ ਦੀ ਮਹੱਤਤਾ ਸਮਝਾਈ।ਉਨ੍ਹਾਂ ਨੇ ਜਗਰਾਉਂ ਦੀ ਪ੍ਰੋਗਰੈਸਿਵ ਲਾਇਬਰੇਰੀ ਵਿੱਚ ਵੀ ਅਧਿਆਪਕਾਂ ਨੂੰ ਜਾਣ ਲਈ ਪ੍ਰੇਰਿਤ ਕੀਤਾ| ਇਸ ਉਪਰੰਤ ਡੀ.ਟੀ.ਐਫ. ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਨੇ ਮੌਜੂਦਾ ਸਮੇਂ ਵਿੱਚ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਸਬੰਧੀ ਜਾਗਰੂਕ ਕੀਤਾ| ਉਨ੍ਹਾਂ ਨੇ ਅਧਿਆਪਕਾਂ ਨੂੰ ਜਥੇਬੰਦਕ ਹੋਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਨੀਤੀ 2020 ਦੇ ਮਾੜੇ ਪ੍ਰਭਾਵ ਅਤੇ ਵਿਗਿਆਨਿਕ ਸਿੱਖਿਆ ਦੇਣ ਦੀ ਜਗ੍ਹਾ ਪਖੰਡਵਾਦ ਵਾਲੀ ਸਿੱਖਿਆ ਦੇਣ, ਨਵੇਂ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਨੂੰ ਪੰਜਾਬ ਦੇ ਗ੍ਰੇਡ ਪੇ ਦੀ ਜਗ੍ਹਾ ਸੈਂਟਰ ਵੱਲੋਂ ਜਾਰੀ ਗ੍ਰੇਡ ਪੇ ਦੇਣ, ਅਧਿਆਪਕਾਂ ਦੀ ਠੇਕੇ ਤੇ ਭਰਤੀ ਆਦਿ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ, ਨਾਲ ਹੀ ਉਹਨਾਂ ਜਥੇਬੰਦੀ ਵੱਲੋਂ ਬੀਤੇ ਦਿਨੀ ਏ.ਡੀ.ਸੀ. ਲੁਧਿਆਣਾ ਨਾਲ ਹੋਈ ਮੀਟਿੰਗ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਚੋਣ ਜਾਬਤੇ ਕਾਰਨ ਅਧਿਆਪਕਾਂ ਦੀਆਂ ਬੰਦ ਕੀਤੀਆਂ ਛੁੱਟੀਆਂ ਜਾਰੀ ਕਰਵਾਈਆਂ ਗਈਆਂ। ਪੰਜਾਬ ਵਿੱਚ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਮਿਸ਼ਨ ਸਮਰੱਥ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਖੁੱਲ ਕੇ ਗੱਲ ਕੀਤੀ ਗਈ ਉਹਨਾਂ ਕਿਹਾ ਅੱਜ ਦੇ ਹਾਕਮ ਵੀ ਦਰੋਣਾਚਾਰੀਆਂ ਵਾਂਗ ਹਨ ਜੋ ਏਕਲਵਯ ਵਰਗ ਭਾਵ ਮਿਹਨਤਕਸ਼ ਜਮਾਤ ਦੇ ਬੱਚਿਆ ਨੂੰ ਗਿਆਨ ਵਿਗਿਆਨ ਤੋ ਕੋਹਾਂ ਦੂਰ ਰਖਣ ਦੀ ਨੀਤੀ ਤੇ ਚਲ ਰਹੇ ਹਨ। ਰਿਟਾਇਰਡ ਡਾਇਟ ਲੈਕਚਰਾਰ ਅਵਤਾਰ ਸਿੰਘ ਨੇ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਮਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਮਾਂ ਦਾ ਰੁਤਬਾ ਤਾਂ ਪਰਮਾਤਮਾ ਦੇ ਬਰਾਬਰ ਜਾਂ ਉਸ ਤੋਂ ਵੀ ਉੱਪਰ ਹੈ| ਇਸ ਉਪਰੰਤ ਜਗਰਾਉਂ ਡੀ.ਟੀ.ਐਫ. ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਮਾਤਾ ਪਾਰਵਤੀ ਦੇਵੀ ਟਰੱਸਟ ਦੇ ਮੈਂਬਰਾਂ ਦੀ ਜ਼ਿੰਦਗੀ ਸਬੰਧੀ ਅਧਿਆਪਕਾਂ ਨੂੰ ਦੱਸਿਆ ਕਿ ਇਹ ਪਰਿਵਾਰ ਸਮਾਜ ਦੀ ਸੇਵਾ ਲਈ ਸਮਰਪਤ ਪਰਿਵਾਰ ਹੈ। ਹਰੇਕ ਸਾਲ ਲੱਖਾਂ ਰੁਪਏ ਇਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਦਾਨ ਕਰਦੇ ਹਨ।ਹਰਭਜਨ ਸਿੰਘ ਨੇ ਵੀ ਕਿਤਾਬਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਅਖੀਰ ਵਿੱਚ ਜੋਗਿੰਦਰ ਆਜ਼ਾਦ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਏ ਅਧਿਆਪਕਾਂ ਦਾ ਧੰਨਵਾਦ ਪ੍ਰਗਟ ਕੀਤਾ| ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਅਜਾਦੀ ਘੁਲਾਟੀਏ ਪਿਤਾ ਜੀ ਨੇ ਚੰਗਾ ਸਾਹਿਤ ਪੜ੍ਹਨ ਲਈ ਬਹੁਤ ਲੋਕਾਂ ਨੂੰ ਚੇਟਕ ਲਾਈ ਸੀ। ਉਹ ਕਾਰਜ ਹੀ ਸਾਡਾ ਪਰਿਵਾਰ ਅਗੇ ਪੂਰਾ ਕਰਨ ਦਾ ਯਤਨ ਕਰ ਰਿਹਾ। ਅਖੀਰ ਵਿੱਚ ਹਾਜ਼ਰ ਅਧਿਆਪਕਾਂ ਨੂੰ ਉਨਾਂ ਵੱਲੋਂ ਸਕੂਲਾਂ ਲਈ ਮੰਗੀ ਗਈ ਸਮੱਗਰੀ ਵੰਡੀ ਗਈ। ਸਟੇਜ ਸਕੱਤਰ ਵਜੋਂ ਅਸ਼ੋਕ ਭੰਡਾਰੀ ਨੇ ਜਿਮੇਵਾਰੀ ਨਿਭਾਈ| ਟਰੱਸਟ ਦੇ ਪ੍ਰਧਾਨ ਬਲਦੇਵ ਰਾਜ ਅਤੇ ਸੁਰਿੰਦਰ ਕੁਮਾਰ ਅਤੇ ਸੁਮੀਤ ਪਾਟਣੀ ਨੇ ਦਸਿਆ ਕਿ 50 ਸਕੂਲਾਂ ਨੂੰ ਕਾਪੀਆਂ ਦਿੱਤੀਆਂ ਕੀਤੀਆਂ ਗਈਆਂ ਹਨ।