ਦੇਸ਼ ਦੇ ਕਈ ਰਾਜਾਂ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਭਾਵੇਂ ਕਿ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਆਪਣੇ ਪੱਧਰ ’ਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਪਰ ਹਾਲਾਤ ਅਜੇ ਵੀ ਬਹੁਤੇ ਠੀਕ ਨਹੀਂ ਹਨ। ਰਾਜਨੀਤੀ ਦਾ ਕੀੜਾ ਅਜਿਹਾ ਹੈ ਕਿ ਨੇਤਾ ਲੋਕ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ, ਭਾਵੇਂ ਕੋਈ ਵੀ ਸਥਿਤੀ ਕਿਉਂ ਨਾ ਹੋਵੇ। ਸਿਆਸਤ ਵਿਚ ਆ ਹੀ ਜਾਂਦੀ ਹੈ ਅਤੇ ਸਿਆਸੀ ਲੋਕ ਬਿਨਾਂ ਸਮਾਂ ਗਵਾਏ ਕਿਸੇ ਵੀ ਤਰ੍ਹਾਂ ਦੀ ਸਥਿਤੀ ’ਤੇ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਮੌਜੂਦਾ ਸਮੇਂ ’ਚ ਪੈਦਾ ਹੋਈ ਹੜਾਂ ਕਾਰਨ ਸਥਿਤੀ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿਚ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਦੀ ਵੱਡੀ ਜਿੰਮੇਵਾਰੀ ਸੱਤਾਧਾਰੀ ਪਾਰਟੀ ਦੀ ਹੁੰਦੀ ਹੈ। ਪੰਜਾਬ ਸਰਕਾਰ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੀ ਵੀ ਨਜ਼ਰ ਆ ਰਹੀ ਹੈ। ਜਿਸ ਵਿਚ ਪਹਿਲਾਂ ਵਾਂਗ ਮੁੱਖ ਮੰਤਰੀ ਹੈਲੀਕਾਪਟਰ ’ਤੇ ਬੈਠ ਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਬਜਾਏ ਖੁਦ ਜ਼ਮੀਨ ’ਤੇ ਜਾ ਕੇ ਲੋਕਾਂ ਵਿਚ ਜਾ ਰਹੇ ਹਨ। ਜੋ ਕਿ ਇਕ ਚੰਗਾ ਕੰਮ ਹੈ ਉਸਦੀ ਸਰਾਹਮਣਾ ਕਰਨੀ ਹੀ ਚਾਹੀਦੀ ਹੈ, ਭਾਵੇਂ ਕੋਈ ਵੀ ਕਿਉਂ ਨਾ ਹੋਵੇ। ਮੁੱਖ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਵੱਲੋਂ ਜ਼ਮੀਨੀ ਪੱਧਰ ਤੱਕ ਜਾ ਕੇ ਲੋਕਾਂ ਵਿੱਚ ਜਾ ਕੇ ਰਾਬਤ ਕੰਮ ਕਰਵਾ ਰਹੇ ਹਨ, ਜਿਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਵਿਰੋਧੀ ਪਾਰਟੀਆਂ ਦੇ ਆਗੂ ਇਸ ਨੂੰ ਸਿਰਫ਼ ਦਿਖਾਵੇ ਦੀ ਰਾਜਨੀਤੀ ਕਰਾਰ ਦੇ ਰਹੇ ਹਨ। ਅਜਿਹਾ ਕਹਿਣਾ ਅਤੇ ਬਿਆਨਬਾਜੀ ਕਰਨਾ ਇਹ ਵਿਰੋਧੀ ਧਿਰ ਦੀ ਜਿੰਮੇਵਾਰੀ ਹੁੰਦੀ ਹੈ ਜਿਸਨੂੰ ਉਹ ਬਾਖੂਬੀ ਨਿਭਾ ਰਹੇ ਹਨ। ਕੁਝ ਖੇਤਰਾਂ ਵਿੱਚ ਤਾਂ ਸੱਤਾਧਾਰੀ ਪਾਰਟੀ ਦੇ ਆਗੂ ਵੀ ਛੋਟੀ ਤੋਂ ਛੋਟੀ ਕਾਰਵਾਈ ਨੂੰ ਇਕ ਵੱਡੇ ਪ੍ਰਦਰਸ਼ਨ ਵਜੋਂ ਉਭਾਰ ਕੇ ਚੱਲ ਰਹੇ ਹਨ ਜਿਸਨੂੰ ਲੋਕ ਪਸੰਦ ਨਹੀਂ ਕਰਦੇ। ਸੱਤਾਧਾਰੀ ਪਾਰਟੀ ਨੂੰ ਇਹ ਸਮਝਣਾ ਚਾਹੀਦਾ ਹੈ। ਇਹ ਸਮਾਂ ਸਿਰਫ ਦਿਖਾਵੇ ਲਈ ਨਹੀਂ ਸਗੋਂ ਲੋਕਾਂ ਨੂੰ ਰਾਹਤ ਦੇਣ ਲਈ ਹੈ। ਇਸ ਸਮੇਂ ਕੁਝ ਜ਼ਿਲਿ੍ਹਆਂ ਵਿੱਚ ਹੜ੍ਹਾਂ ਕਾਰਨ ਜੋ ਸਥਿਤੀ ਪੈਦਾ ਹੋਈ ਹੈ, ਉਹ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਗੁੰਝਲਦਾਰ ਹੋ ਜਾਵੇਗੀ ਅਤੇ ਖਤਰਨਾਕ ਮੋੜ ਤੱਕ ਪਹੁੰਚ ਸਕਦੀ ਹੈ। ਹੜ੍ਹਾਂ ਦੇ ਪਾਣੀ ਅਤੇ ਲਗਾਤਾਰ ਖੜ੍ਹੇ ਪਾਣੀ ਕਾਰਨ ਪਸ਼ੂ-ਪੰਛੀਆਂ ਦੀ ਮੌਤ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇਵੇਗੀ।।ਬੁਰੀ ਤਰ੍ਹਾਂ ਨਾਲ ਘਰੇਲੂ, ਵਪਾਰਿਕ ਅਤੇ ਆਰਥਿਕ ਤੌਰ ਬਪਬਾਦ ਹੋ ਚੁੱਕੇ ਲੋਕਾਂ ਦੀ ਜੀਵਨ ਵਾਲੀ ਗੱਡੀ ਨੂੰ ਮੁੜ ਪਟੜੀ ਤੇ ਲਿਆਉਣ ਲਈ ਰ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ। ਇਸ ਲਈ ਵਿਰੋਧੀ ਧਿਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੱਧਰ ’ਤੇ ਨਿੰਦਾ ਦਾ ਪ੍ਰੋਗਰਾਮ ਛੱਡ ਕੇ ਲੋਕਾਂ ਦੀ ਸੇਵਾ ਲਈ ਅੱਗੇ ਆਉਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੇਵਾ ਵਿਚ ਆਪਣਾ ਯੋਗਦਾਨ ਦੇਣਗੇ ਤਾਂ ਅੱਗੇ ਉਸਦਾ ਫਲ ਵੀ ਉਨ੍ਹਾਂ ਨੂੰ ਮਿਲੇਗਾ। ਭਾਵੇਂ ਉਹ ਸੇਵਾ ਸਿਰਫ਼ ਦਿਖਾਵੇ ਲਈ ਹੀ ਕਰਨ ਪਰ ਇਸ ਦਾ ਨਤੀਜਾ ਜ਼ਰੂਰ ਮਿਲੇਗਾ। ਸਮਾਜਿਕ ਸੰਸਥਾਵਾਂ ਅਤੇ ਸਿੱਖ ਕੌਮ ਸੇਵਾ ਕਰਨ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੀ ਵਿਚ ਡਟਕੇ ਬਿਨ੍ਹਾਂ ਭੇਦ ਭਾਵ ਦੇ ਸਹਾਇਤਾ ਕਰਨੀ ਹਰ ਸਿੱਖ ਅਪਣਾ ਫ੍ਰਰਜ ਸਮਝਦਾ ਹੈ ਅਤੇ ਉਸ ਫਰਜ਼ ਨੂੰ ਬਾਖੂਬੀ ਨਿਭਾਉਂਦੇ ਵੀ ਹਨ। ਇਹ ਸਾਡੇ ਆਪਣੇ ਘਰ ਦੀ ਗੱਲ ਹੈ। ਸਮਾਜ ਸੇਵੀ ਸੰਸਥਾਵਾਂ ਦੇਸ਼ ਦੇ ਦੂਜੇ ਸੂਬਿਆਂ ਵਿੱਚ ਜਾ ਅਤੇ ਦੇਸ਼-ਵਿਦੇਸ਼ ਵਿੱਚ ਜਾ ਕੇ ਸੇਵਾ ਕਰਦੇ ਹਨ ਪਰ ਹੁਣ ਸਭ ਲਈ ਪੰਜਾਬ ਵਿੱਚ ਆਪਣੇ ਘਰ ਜਾ ਕੇ ਸੇਵਾ ਕਰਨ ਦਾ ਮੌਕਾ ਹੈ। ਇਸ ਲਈ ਉਹ ਕਿਸੇ ਹੋਰ ਥਾਂ ਜਾਣ ਦੀ ਬਜਾਏ ਪਹਿਲਾਂ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੀ ਸੇਵਾ ਕਰਨ। ਹੜਾਂ ਕਾਰਨ ਸਥਿਤੀ ਇਕੱਲੇ ਪੰਜਾਬ ਵਿਚ ਹੀ ਖਰਾਬ ਨਹੀਂ ਹੈ ਬਲਕਿ ਕੁਝ ਹੋਰਨਾ ਸੂਬਿਆਂ ਵਿਚ ਵੀ ਖਰਾਬ ਹੈ। ਪਰ ਉਥਏ ਦੀਆਂ ਸਮਾਜਸੇਵੀ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਦੇ ਕਈ ਵਿੰਗ ਜੋ ਸਮੇਂ ਸਮੇਂ ਤੇ ਧਰਮ ਦੀ ਦੁਬਾਈ ਦਿੰਦੇ ਹਨ, ਅੱਜ ਸੰਕਟ ਦੇ ਸਮੇਂ ਵਿਚ ਉਨ੍ਹਾਂ ਵਿਚੋਂ ਕੋਈ ਵੀ ਨਜ਼ਰ ਨਹੀਂ ਆ ਰਿਹਾ ਸਿਰਫ ਚਾਰੇ ਪਾਸੇ ਸਿੱਖ ਹੀ ਸਿੰੱਖ ਸੇਵਾ ਕਰਦੇ ਨਜ਼ਰ ਆਉਂਦੇ ਹਨ। ਜਿੰਨ੍ਹਾਂ ਨੂੰ ਲੋੜ ਪੂਰੀ ਹੋਣ ਤੋਂ ਬਾਅਦ ਅੱਤਵਾਦੀ ਦਾ ਖਿਤਾਬ ਦਿਤਾ ਜਾਂਦਾ ਹੈ। ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਬਰਸਾਤੀ ਪਾਣੀ ਨੂੰ ਆਪਣੀ ਨਹਿਰਾਂ ਰਾਹੀਂ ਲੈਣ ਤੋਂ ਇਨਕਾਰ ਕਰਨ ਕਰਕੇ ਪੰਜਾਬ ਦੀ ਹਾਲਤ ਖਰਾਬ ਕਰ ਦਿੱਤੀ ਹੈ। ਰਾਜਨੀਤਿਕ ਪਾਰਟੀਆਂ ਦੀ ਖੇਡ ਹੈ ਜੋ ਕਿ ਹਮੇਸ਼ਾ ਤੋਂ ਹੀ ਖੇਡੀ ਜਾਂਦੀ ਰਹੀ ਹੈ। ਜਿਸਦਾ ਖਮਿਆਜਾ ਆਮ ਪਬਲਿਕ ਹੀ ਭੁਗਤਦੀ ਆਈ ਹੈ। ਪਰ ਕੁਦਰਤੀ ਆਫਤਾਂ ਅਤੇ ਲਾਸ਼ਾਂ ਤੇ ਰਾਜਨੀਤੀ ਕਰਨ ਵਾਲੇ ਸਫਲ ਨਹੀਂ ਹੁੰਦੇ। ਇਸ ਲਈ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ, ਭਾਵੇਂ ਉਹ ਸੱਤਾਧਾਰੀ ਹੋਣ ਜਾਂ ਵਿਰੋਧੀ, ਕਿਸੇ ਵੀ ਪਾਰਟੀ ਜਾਂ ਦਲ ਨਾਲ ਸਬੰਧਤ ਹੋਣ , ਸਭ ਨੂੰ ਬਿਨਾਂ ਕਿਸੇ ਭੇਦ-ਭਾਵ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪ੍ਰਭਾਵਿਤ ਖੇਤਰਾਂ ਵਿਚ ਅੱਗੇ ਆਉਣ ਅਤੇ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹੀ ਸਮਾਂ ਹੈ ਨਿਰਸਵਾਰਥ ਸੇਵਾ ਦਾ ਅਤੇ ਇਹੀ ਸਾਡੇ ਗੁਰੂ ਸਹਿਬਾਨ ਦੀ ਸਿੱਖਿਆ ਅਤੇ ਉਪਦੇਸ਼ ਹੈ।
ਹਰਵਿੰਦਰ ਸਿੰਘ ਸੱਗੂ।