ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਦੇਸ਼ ਵਿਚ 7 ਦੌਰ ਵਿਚ ਹੋਣ ਵਾਲੀਆਂ ਚੋਣਾਂ ’ਚ ਪੰਜਾਬ ਵਿਚ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਆਉਣ ਵਾਲੇ 5 ਸਾਲਾਂ ’ਚ ਦੇਸ਼ ਦਾ ਭਵਿੱਖ ਤੈਅ ਹੋਵੇਗਾ। ਕਾਂਗਰਸ ਅਤੇ ਭਾਜਪਾ ਦੋਵੇਂ ਆਪੋ-ਆਪਣੇ ਗਠਜੋੜ ਨੂੰ ਲੈ ਕੇ ਪੂਰੀ ਤਰ੍ਹਾਂ ਆਹਮੋ-ਸਾਹਮਣੇ ਹਨ। ਇਨ੍ਹਾਂ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਕਾਂਗਰਸ ਅਤੇ ਭਾਜਪਾ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਭਾਜਪਾ ਇਹ ਚੋਣਾਂ ਜਿੱਤ ਕੇ ਹੈਟ੍ਰਿਕ ਬਨਾਉਣ ਲਈ ਅਤੇ ਾਕੰਗਰਸ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਯਚਨਸ਼ੀਲ ਹਨ। ਪਰ ਜਿਸ ਤਰ੍ਹਾਂ ਭਾਜਪਾ ਪੂਰੀ ਯੋਜਨਾਬੰਦੀ ਨਾਲ ਕਦਮ-ਦਰ-ਕਦਮ ਅੱਗੇ ਵਧ ਰਹੀ ਹੈ, ਉਸ ਤਰ੍ਹਾਂ ਕਾਂਗਰਸ ਕਦਮ-ਦਰ-ਕਦਮ ਅੱਗੇ ਨਹੀਂ ਵਧ ਪਾ ਰਹੀ। ਕਾਂਗਰਸ ਦੇ ਸਾਸ਼ਨ ਵਾਲੇ ਰਾਜਾਂ ਵਿੱਚ ਵੀ ਉਥਲ-ਪੁਥਲ ਮੱਚੀ ਹੋਈ ਹੈ ਕਿਉਂਕਿ ਪਾਰਟੀ ਦਾ ਅੰਦਰੂਨੀ ਕਲੇਸ਼ ਲਗਭਗ ਸਾਰੇ ਕਾਂਗਰਸ ਸਾਸ਼ਤ ਰਾਜਾਂ ਵਿੱਚ ਅਤੇ ਹੋਰ ਰਾਜਾਂ ਵਿਚ ਵੀ ਪਾਰਟੀ ਅੰਦਰੂਨੀ ਕਾਟੋ ਕਲੇਸ਼ ਨਾਲ ਜੂਝ ਰਹੀ ਹੈ। ਕਾਂਗਰਸ ਹਾਈ ਕਮਾਂਡ ਪਾਰਟੀ ਦੇ ਇਸ ਅੰਦਰੂਨੀ ਕਾਟੋ ਕਲੇਸ਼ ਨੂੰ ਖਤਮ ਕਰਨ ਵਿਚ ਅਸਫਲ ਸਾਬਿਤ ਹੋਈ ਹੈ। ਪੰਜਾਬ ਵਿੱਚ ਕਾਂਗਰਸ ਦੇ ਇਸ ਸਮੇਂ 8 ਸੰਸਦ ਮੈਂਬਰ ਹਨ। ਉਹ ਵੀ ਆਪਣਾ ਜਨ ਆਧਾਰ ਬਰਕਰਾਰ ਰੱਖਣ ਵਿੱਚ ਸਫਲ ਹੁੰਦੇ ਨਜ਼ਰ ਨਹੀਂ ਆ ਰਹੇ। ਜਿਸ ਕਾਰਨ ਉਨ੍ਹਾਂ ਦੀ ਜਿੱਤ ਨੂੰ ਲੈ ਕੇ ਸ਼ੰਕਾ ਪੈਦਾ ਹੋ ਰਹੀ ਹਨ। ਪੰਜਾਬ ਵਿੱਚ ਕਾਂਗਰਸ ਆਪਣੇ ਆਪ ਨੂੰ ਬਹੁਤ ਮਜ਼ਬੂਤ ਮੰਨ ਰਹੀ ਹੈ। ਪਰ ਪਾਰਟੀ ਲੀਡਰਸ਼ਿਪ ਕਈ ਧੜ੍ਹਿਆਂ ਵਿਚ ਵੰਡੀ ਹੋਣ ਕਾਰਨ ਕਾਂਗਰਸ ਕੋਲ ਇਸ ਵੇਲੇ ਕੋਈ ਮਜਬੂਤ ਜਨ ਆਧਾਰ ਨਹੀਂ ਹੈ। ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਖਰਾ ਧੜਾ ਬਣਾ ਕੇ ਆਪਣੀ ਡਫਲੀ ਵਜਾ ਰਹੇ ਹਨ ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਾਥੀ ਨਵਜੋਤ ਸਿੱਧੂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ’ਚ ਕਾਂਗਰਸ ਨੂੰ ਮੁੜ ਸਥਾਪਤ ਕਰਨਾ ਅਸਭੰਵ ਲੱਗ ਰਿਹਾ ਹੈ। ਕਾਂਗਰਸ ਲੀਡਰਸ਼ਿਪ ਨਵਜੋਤ ਸਿੱਧੂ ਨੂੰ ਪਟਿਆਲਾ ਸੰਸਦੀ ਹਲਕੇ ਤੋਂ ਮੈਦਾਨ ’ਚ ਉਤਾਰਨ ਦੀ ਯੋਜਨਾ ਬਣਾ ਰਹੀ ਸੀ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਪਾਰਟੀ ਸਾਹਮਣੇ ਪੇਚੀਦਾ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਸਿੱਧੂ ਨੂੰ ਲੋਕ ਸਭਾ ਵਿੱਚ ਟਿਕਟ ਦੇ ਕੇ ਇੱਕ ਹਲਕੇ ਤੱਕ ਸੀਮਤ ਕੀਤਾ ਜਾ ਸਕਦਾ ਸੀ, ਪਰ ਹੁਣ ਜੇਕਰ ਉਹ ਚੋਣ ਨਹੀਂ ਲੜਨਗੇ ਤਾਂ ਸੁਭਾਵਿਕ ਹੈ ਕਿ ਉਹ ਪਹਿਲਾਂ ਵਾਂਗ ਹੀ ਆਪਣਾ ਰਾਗ ਅਲਾਪਦੇ ਰਹਿਣਗੇ ਅਤੇ ਪਾਰਟੀ ਲਈ ਮੁਸ਼ਿਕਲ ਪੈਦਾ ਕਰਦੇ ਰਹਿਣਗੇ। ਜੇਕਰ ਅਜਿਹਾ ਹੋਇਆ ਤਾਂ ਕਾਂਗਰਸ ਨੂੰ ਨੁਕਸਾਨ ਤੋਂ ਕੋਈ ਨਹੀਂ ਬਚਾ ਸਕੇਗਾ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਨਹੀਂ ਹੋ ਸਕਿਆ ਕਿਉਂਕਿ ਸਥਾਨਕ ਾਕੰਗਰਸ ਲੀਡਰਸ਼ਿਪ ਬਹੁਤ ਓਵਰਰਾਨਫੀਡੈਂਸ ਵਿਚ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ 8 ਸੀਟਾਂ ਪਹਿਲਾਂ ਵਾਲੀਆਂ ਅਤੇ ਇਕ ਦੋ ਹੋਰ ਵੀ ਜਿੱਤ ਲੈਣਗੇ, ਪਰ ਇਹ ਉਨ੍ਹਾਂ ਦਾ ਖਿਆਲੀ ਪੁਲਾਵ ਹੀ ਹੈ। ਪੰਜਾਬ ਕਾਂਗਰਸ ਦੇ ਆਗੂ ਇੰਡੀਆ ਤ ਗਠਜੋੜ ਦੇ ਤਹਿਤ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੇ ਖਿਲਾਫ ਹਨ। ਪਰ ਜੇਕਰ ਇਹ ਦੋਵੇਂ ਪਾਰਟੀਆਂ ਗਠਜੋੜ ਕਰਕੇ ਚੋਣਾਂ ਲੜਦੀਆਂ ਤਾਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਜਾਂਦੀਆਂ । ਹੁਣ ਜੇਕਰ ਦੋਵੇਂ ਵੱਖਰੇ ਤੌਰ ’ਤੇ ਚੋਣਾਂ ਲੜਦੀਆਂ ਹਨ ਤਾਂ ਨਤੀਜੇ ਕਾਂਗਰਸ ਦੀ ਲੀਡਰਸ਼ਿਪ ਦੀ ਉਮੀਦ ਮੁਤਾਬਕ ਨਹੀਂ ਆਉਣਗੇ। ਪਾਰਟੀ ਵਿਚ ਅੰਦਰੂਨੀ ਕਾਟੋ ਕਲੇਸ਼ ਸਿਖਰਾਂ ਤੇ ਹੋਣ ਕਾਰਨ ਪਾਰਟੀ ਦੇ ਵੱਡੇ ਆਗੂ ਪਾਰਟੀ ਛੱਡ ਕੇ ਜਾ ਰਹੇ ਹਨ। ਹੁਣ ਤੋਂ ਚੋਣਾਂ ਤੋਂ ਪਹਿਲਾਂ ਇਕ ਵਿਧਾਇਕ ਡਾ ਚੱਬੇਵਾਲ ਵੀ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋ ਗਏ। ਪਾਰਟੀ ਨੇਤਾਵਾਂ ਦਾ ਮੌਕੇ ਤੇ ਪਾਰਟੀ ਵਿਚੋਂ ਚਲੇ ਜਾਣਾ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹੈ। ਕਾਂਗਰਸ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੀ ਹੈ ਪਰ ਅਜਿਹੇ ’ਚ ਕਾਂਗਰਸ ਦੇ ਸੁਪਨੇ ਕਿਵੇਂ ਸਾਕਾਰ ਹੋ ਸਕਣਗੇ, ਇਹ ਇੱਕ ਵੱਡਾ ਸਵਾਲ ਹੈ। ਇਸ ਲਈ ਕਾਂਗਰਸ ਨੂੰ ਸਭ ਤੋਂ ਪਹਿਲਾਂ ਸਾਰੇ ਰਾਜਾਂ ਵਿੱਚ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਆਪਸੀ ਝਦੜੇ ਖਤਮ ਕਰਵਾ ਕੇ ਇਕ ਸੂਤਰ ਵਿਚ ਬੰਨਣਾ ਹੋਵੇਗਾ ਅਤੇ ਪਾਰਟੀ ਦੇ ਸਿਧਾਂਤਾਂ ਨੂੰ ਮਜ਼ਬੂਤ ਕਰਕੇ ਪਾਰਟੀ ਲੀਡਰਸ਼ਿਪ ਨੂੰ ਹਰ ਪਾਸੇ ਇਕਜੁੱਟ ਕਰਨ ਦੀ ਲੋੜ ਹੈ ਤਾਂ ਹੀ ਭਾਜਪਾ ਨਾਲ ਮੁਕਾਬਲਾ ਸੰਭਵ ਹੋ ਸਕਦਾ ਹੈ, ਨਹੀਂ ਤਾਂ ਕਾਂਗਰਸ ਅਤੇ ਇਸ ਦਾ ਗਠਜੋੜ ਭਾਜਪਾ ਦੀ ਤੀਜੀ ਹੈਟ੍ਰਿਕ ਨੂੰ ਨਹੀਂ ਰੋਕ ਸਕੇਗਾ।
ਹਰਵਿੰਦਰ ਸਿੰਘ ਸੱਗੂ।