ਪਟਿਆਲਾ (ਭੰਗੂ) ਸੂਬੇ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪਟਿਆਲਾ ਦੇ ਡੀਸੀ ਤੇ ਸਕੱਤਰ ਲੋਕ ਸੰਪਰਕ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਰਾਜ ਭਰ ਦੇ ਸਿਨੇਮਾ ਘਰਾਂ ‘ਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਵਾਲੇ ਪ੍ਰਚਾਰ ਇਸ਼ਤਿਹਾਰ ਚਲਾਏ ਜਾ ਰਹੇ ਹਨ।ਸਰਕਾਰੀ ਖਜ਼ਾਨੇ ਦੇ ਪੈਸੇ ਨਾਲ ਕੀਤਾ ਜਾ ਰਿਹਾ ਸਿੱਧਾ ਪ੍ਰਚਾਰ
ਇਹ ਸਰਕਾਰੀ ਸਾਜ਼ੋ-ਸਾਮਾਨ ਤੇ ਸਰਕਾਰੀ ਖ਼ਜ਼ਾਨੇ ‘ਚੋਂ ਪੈਸੇ ਲੈ ਕੇ ਕੀਤਾ ਜਾ ਰਿਹਾ ਸਿੱਧਾ ਪ੍ਰਚਾਰ ਹੈ। ਇਹ ਚੋਣ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਹੈ। ਇਹ ਕਿਵੇਂ ਸੰਭਵ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ 20 ਦਿਨ ਬਾਅਦ ਵੀ ਸਿਨੇਮਾਘਰਾਂ ‘ਚ ਖੁੱਲ੍ਹੇਆਮ ਅਜਿਹੇ ਇਸ਼ਤਿਹਾਰ ਚੱਲ ਰਹੇ ਹਨ, ਉਹ ਵੀ ਬਿਨਾਂ ਪੈਸੇ ਲਏ ਤੇ ਬਿਨਾਂ ਕਿਸੇ ਦੀ ਜਾਣਕਾਰੀ ਦੇ।
ਪਟਿਆਲਾ ‘ਚ ਦਿਖਾਇਆ ਗਿਆ ਇਸ਼ਤਿਹਾਰ
ਸ਼ਿਕਾਇਤ ਅਨੁਸਾਰ ਇਹ ਇਸ਼ਤਿਹਾਰ ਪ੍ਰਾਈਮ ਸਿਨੇਮਾ, ਰਾਜਪੁਰਾ (ਪਟਿਆਲਾ) ‘ਚ ਦਿਖਾਇਆ ਗਿਆ ਸੀ ਜਿਸ ਫਿਲਮ ਦੌਰਾਨ ਇਹ ਇਸ਼ਤਿਹਾਰ ਦਿਖਾਇਆ ਗਿਆ ਸੀ, ਉਹ 29 ਮਾਰਚ ਨੂੰ ਰਿਲੀਜ਼ ਹੋਈ ਸੀ ਤੇ 16 ਮਾਰਚ ਨੂੰ ਚੋਣ ਜ਼ਾਬਤਾ ਲੱਗ ਗਿਆ ਸੀ। ਰਾਜ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਰਾਜਪੁਰਾ ਤੋਂ ਸ਼ਿਕਾਇਤ ਆਉਣ ਤੋਂ ਬਾਅਦ ਪਟਿਆਲਾ ਦੇ ਡੀਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।ਰਾਜ ਦੇ ਹੋਰ ਜ਼ਿਲ੍ਹਿਆਂ ‘ਚ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਪਹਿਲਾਂ ਹੀ ਟੀਮਾਂ ਨੂੰ ਸੂਬੇ ‘ਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖਣ ਅਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।