ਚੰਡੀਗੜ੍ਹ(ਸੰਜੀਵ ਕੁਮਾਰ-ਅਨਿੱਲ ਕੁਮਾਰ)ਸੈਕਟਰ-8/9 ਦੀ ਡਿਵਾਈਡਿੰਗ ਰੋਡ ’ਤੇ ਸ਼ਨਿਚਰਵਾਰ ਦੇਰ ਸ਼ਾਮ ਸੜਕ ’ਤੇ ਜਾ ਰਹੇ ਇਕ ਵਾਹਨ ਨੂੰ ਅੱਗ ਲੱਗ ਗਈ। ਕਾਰ ’ਚ ਸਵਾਰ ਪਿਓ-ਪੁੱਤ ਇਸ ਹਾਦਸੇ ’ਚ ਵਾਲ-ਵਾਲ ਬਚ ਗਏ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਰਹਿਣ ਵਾਲਾ ਅੰਸ਼ੁਲ ਬਜਾਜ ਸ਼ਨੀਵਾਰ ਨੂੰ ਆਪਣੇ ਬੇਟੇ ਵੰਸ਼ ਬਜਾਜ ਨਾਲ ਚੰਡੀਗੜ੍ਹ ਕਿਸੇ ਕੰਮ ਲਈ ਆਇਆ ਹੋਇਆ ਸੀ। ਸ਼ਾਮ ਵੇਲੇ ਜਦੋਂ ਉਹ ਸੈਕਟਰ-8/9 ਦੀ ਡਿਵਾਈਡਿੰਗ ਰੋਡ ਤੋਂ ਸੁਖਨਾ ਝੀਲ ਵੱਲ ਆਪਣੀ ਕਾਰ ਵਿੱਚ ਜਾ ਰਿਹਾ ਸੀ। ਇਸ ਦੌਰਾਨ ਗੱਡੀ ਦੇ ਕਲੱਚ ਨੇ ਕੰਮ ਕਰਨਾ ਬੰਦ ਕਰ ਦਿੱਤਾ। ਡਿਜ਼ੀਟਲ ਇੰਜਣ ’ਚ ਲਿਖਿਆ ਹੋਇਆ ਸੀ ਕਿ ਗੱਡੀ ਨੂੰ ਸਰਵਿਸ ਕਰਵਾਉਣ ਦੀ ਲੋੜ ਹੈ। ਕੁਝ ਸਕਿੰਟਾਂ ਬਾਅਦ ਵੰਸ਼ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਕਾਰ ਦੇ ਬੋਨਟ ’ਚੋਂ ਧੂੰਆਂ ਨਿਕਲ ਰਿਹਾ ਹੈ। ਇਸ ’ਤੇ ਅੰਸ਼ੁਲ ਨੇ ਕਾਰ ਰੋਕ ਦਿੱਤੀ। ਕਾਰ ਰੁਕਦਿਆਂ ਹੀ ਅੱਗ ਦੀਆਂ ਲਪਟਾਂ ਹੋਰ ਤੇਜ਼ ਹੋ ਗਈਆਂ। ਪਿਓ-ਪੁੱਤਰ ਨੇ ਕਾਰ ’ਚੋਂ ਜ਼ਰੂਰੀ ਸਾਮਾਨ ਉਤਾਰਿਆ ਅਤੇ ਉੱਥੋਂ ਚਲੇ ਗਏ। ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਇੱਕ ਮਿੰਟ ਵਿੱਚ ਅੱਗ ਦੀਆਂ ਲਪਟਾਂ ਵੱਧ ਗਈਆਂ ਅਤੇ ਪਟਾਕੇ ਵੱਜਣ ਲੱਗੇ। ਕੁਝ ਦੇਰ ’ਚ ਹੀ ਫਾਇਰ ਬ੍ਰਿਗੇਡ ਨੇ ਉੱਥੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।