ਲੋਕ ਸਭਾ ਚੋਣਾਂ ’ਚ ਅਕਾਲੀ-ਭਾਜਪਾ ਦਾ ਫਰੈਂਡਲੀ ਮੈਚ ?
ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਭਾਜਪਾ ਆਪੋ-ਆਪਣੇ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਚੋਣ ਲੜ ਰਹੀਆਂ ਹਨ। ਪੰਜਾਬ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ 20 ਸਾਲਾਂ ਤੋਂ ਚੋਣ ਗੱਠਜੋੜ ਸੀ, ਜੋ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਟੁੱਟਣ ਤੋਂ ਬਾਅਦ ਭਾਵੇਂ ਅੰਦਰੂਨੀ ਤੌਰ ’ਤੇ ਦੋਵੇਂ ਪਾਰਟੀਆਂ ਗਠਜੋੜ ਬਣਾਉਣਾ ਚਾਹੁੰਦੀਆਂ ਸਨ, ਪਰ ਕਿਾਸਨਾਂ ਵਲੋਂ ਫਿਰ ਅੰਦੋਲਨ ਸ਼ੁਰੂ ਕਰਨ ਕਰਕੇ ਹੋਣ ਵਾਲੇ ਟਕਰਾਅ ਕਾਰਨ ਦੋਵਾਂ ਪਾਰਟੀਆਂ ਵਿਚਕਾਰ ਸਿਆਸੀ ਗਠਜੋੜ ਨਾ ਕਰਨਾ ਇਕ ਮਜਬੂਰੀ ਬਣ ਗਿਆ ਹੈ। ਸਿੱਧੇ ਤੌਰ ਤੇ ਗਠਜੋੜ ਐਲਾਣ ਕੇ ਚੋਣ ਮੈਦਾਨ ਵਿਚ ਉਤਰਨ ਤੋਂ ਭਾਵੇਂ ਅਕਾਲੀ ਭਾਜਪਾ ਦੋਵੇਂ ਹੀ ਮੁਨਕਰ ਹਨ ਪਰ ਦੋਵਾਂ ਪਾਰਟੀਆਂ ਦਾ ਅੰਦਰੂਨੀ ਗਠਜੋੜ ਹੋ ਚੁੱਕਾ ਹੈ ਅਤੇ ਸੀਟਾਂ ਦੀ ਵੰਡ ਵੀ ਹੋ ਗਈ ਸੀ। ਪਰ ਸ਼੍ਰੋਮਣੀ ਅਕਾਲੀ ਦਲ ਕਿਸਾਨ ਅੰਦੋਲਨ ਕਾਰਨ ਪੈਦਾ ਹੋਣ ਵਾਲੀ ਮੁਸ਼ਕਲ ਨੂੰ ਦੇਖਦਿਆਂ ਭਾਜਪਾ ਨਾਲ ਸਿੱਧੇ ਤੌਰ ’ਤੇ ਗਠਜੋੜ ਕਰਨ ਦਾ ਜੋਖਮ ਨਹੀਂ ਉਠਾਉਣਾ ਚਾਹੁੰਦਾ। ਪਰ ਸਿਆਸੀ ਮਾਹਿਰਾਂ ਅਨੁਸਾਰ ਦੋਵਾਂ ਪਾਰਟੀਆਂ ਵਿਚ ਅੰਦਰੂਨੀ ਗਠਜੋੜ ਜੋ ਹੋਇਆ ਸੀ ਉਹ ਅਜੇ ਵੀ ਬਰਕਰਾਰ ਹੈ। ਜਿਸ ਦੀ ਮਿਸਾਲ ਪੰਜਾਬ ਵਿਚ ਰੋਜ਼ਾਨਾ ਦੇਖੀ ਜਾ ਸਕਦੀ ਹੈ। ਪਹਿਲਾਂ ਅਕਾਲੀ ਭਾਜਪਾ ਗਠਜੋੜ ਵਿਚ ਸੀਟਾਂ ਦਾ ਬਟਵਾਰਾ 7 ਅਕਾਲੀ ਦਲ ਅਤੇ 6 ਭਆਝਫਾ ਦਾ ਹੋਣ ਦੀ ਚਰਚਾ ਸੀ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਆਪਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਿ ਹੋਰ ਉਮੀਦਵਾਰ ਅਜੇ ਤੱਕ ਐਲਾਨੇ ਨਹੀਂ ਗਏ ਹਨ। ਪੰਜਾਬ ਵਿਚ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ। ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰ ਲੀਡਰਸ਼ਿਪ ਸਮੇਤ ਪੰਜਾਬ ਦੇ ਸਾਰੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਇਸ ਵਿਚ ਵੱਡੀ ਗੱਲ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਵਿਚ ਸ਼ਾਮਲ ਗੱਡੀਆਂ ਦੇ ਕਾਫਿਲੇ ਵਿਚ ਕਾਂਗਰਸ ਵਲੋਂ ਪੰਜਾਬ ਖਿਲਾਫ ਕੀਤੀਆਂ ਗਈਆਂ ਵਧੀਕੀਆਂ ਦੀਆਂ ਤਸਵੀਰਾਂ ਅਤੇ ਕਾਂਗਰਸ ਲੀਡਰਸ਼ਿਪ ਦੀਆਂ ਤਸਵੀਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਲਗਾ ਕੇ ਦੋਵਾਂ ਪਾਰਟੀਆਂ ਤੇ ਨਿਸ਼ਾਨਾ ਸਾਧਿਆ ਹੋਇਆ ਹੈ। ਆਪਣੇ ਭਾਸ਼ਣਾਂ ਵਿਚ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ। ਪੰਜਾਬ ਬਚਾਓ ਯਾਤਰਾ ਦੇ ਵਾਹਨਾਂ ’ਤੇ ਨਾ ਤਾਂ ਭਾਜਪਾ ਦੇ ਖਿਲਾਫ ਕੋਈ ਬੈਨਰ ਜਾਂ ਪੋਸਟਰ ਹੈ ਅਤੇ ਨਾ ਹੀ ਉਹ ਭਾਜਪਾ ਖਿਲਾਫ ਕੁਝ ਕਹਿੰਦੇ ਹਨ। ਹੁਣ ਤੱਕ ਬਾਦਲ ਜਾਂ ਉਸੀ ਬਾਕੀ ਲੀਡਰਸ਼ਿਪ ਵਲੋਂ ਆਪਣੇ ਭਾਸ਼ਣ ਜਾਂ ਬਿਆਨਾਂ ਵਿੱਚ ਬੀਜੇਪੀ ਦੇ ਖਿਲਾਫ ਇੱਕ ਵੀ ਸ਼ਬਦ ਬੋਲਿਆ। ਦੂਜੇ ਪਾਸੇ ਬੀਜੇਪੀ ਵੀ ਇਹੀ ਰਣਨੀਤੀ ਅਪਣਾ ਰਹੀ ਹੈ। ਪੰਜਾਬ ਵਿੱਚ ਇਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦੀ ਹੈ ਪਰ ਅਕਾਲੀ ਦਲ ਦੇ ਖਿਲਾਫ ਆਪਣਾ ਮੂੰਹ ਨਹੀਂ ਖੋਲਿ੍ਹਆ ਹੈ। ਇਨ੍ਹਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਇਹ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ’ਚ ਪੰਜਾਬ ’ਚ ਅਕਾਲੀ ਭਾਜਪਾ ਵਿਚਕਾਰ ਦੋਸਤਾਨਾ ਮੈਚ ਹੋਣ ਜਾ ਰਿਹਾ ਹੈ। ਜਿਸਦੇ ਤਹਿਤ ਜੋ ਸੀਟਾਂ ਦੀ ਵੰਡ ਸਮੇਂ ਅੰਦਰੂਨੀ ਤੌਰ ਤੇ ਜੋ ਸੀਟਾਂ ਭਾਜਪਾ ਦੇ ਹਿੱਸੇ ਆਈਆਂ ਹਨ, ਉਨ੍ਹਾਂ ਸੀਟਾਂ ’ਤੇ ਅਕਾਲੀ ਦਲ ਆਪਣੇ ਕਮਜ਼ੋਰ ਉਮੀਦਵਾਰ ਖੜ੍ਹੇ ਕਰੇਗੀ। ਜੋ ਕਿ ਸੀਟਾਂ ਅਕਾਲੀ ਦਲ ਦੇ ਹਿੱਸੇ ਹਨ ਉਨ੍ਹਾਂ ਤੇ ਭਾਜਪਾ ਆਪਣੇ ਕਮਜ਼ੋਰ ਉਮੀਦਵਾਰ ਖੜ੍ਹੇ ਕਰੇਗੀ। ਸਮਾਂ ਆਉਣ ’ਤੇ ਉਹ ਇਕ ਦੂਸਰੇ ਦੇ ਉਮੀਦਵਾਰਾਂ ਨੂੰ ਆਪਣੇ ਵਰਕਰਾਂ ਰਾਹੀਂ ਵੋਟਾਂ ਵੀ ਪੁਆ ਸਕਦੇ ਹਨ। ਇਹ ਸਮਾਂ ਹੀ ਦੱਸੇਗਾ ਕਿ ਇਸ ਲੁਕਵੇਂ ਗਠਜੋੜ ਵਿਚ ਦੋਵਾਂ ਪਾਰਟੀਆਂ ਨੂੰ ਕਿੰਨੀ ਸਫਲਤਾ ਮਿਲੇਗੀ। ਭਾਵੇਂ ਇਨ੍ਹਾਂ ਪਾਰਟੀਆਂ ਦੇ ਲੀਡਰ ਇਸਨੂੰ ਗੁਪਤ ਰੱਖ ਕੇ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਗਲਤਫਹਿਮੀ ਹੈ ਕਿ ਪਬਲਿਕ ਨੂੰ ਇਸ ਬਾਰੇ ਗਿਆਨ ਨਹੀਂ ਹੈ। ਪਰ ‘‘ ਪਬਲਿਕ ਹੈ ਵੋ ਸਭ ਜਾਣਤੀ ਹੈ ।’’ ਇਸ ਅੰਦਰੂਨੀ ਗਠਜੋੜ ਨਾਲ ਭਾਵੇਂ ਭਾਜਪਾ ਨੂੰ ਲਾਭ ਮਿਲ ਜਾਏ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇਸਦਾ ਨੁਕਸਾਨ ਜ਼ਰੂਰ ਝੱਲਣਾ ਪਵੇਗਾ। ਸੂਬੇ ਦੇ ਲੋਕ ਇਸ ਦੋਸਤਾਨਾ ਮੈਚ ਨੂੰ ਚੰਗੀ ਤਰ੍ਹਾਂ ਦੇਖ ਰਹੇ ਹਨ ਅਤੇ ਸਮਝ ਰਹੇ ਹਨ। ਲੰਬੀ ਸੋਚ ਰੱਖ ਕੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਖੁੱਲ੍ਹੇਆਮ ਭਾਜਪਾ ਨਾਲ ਗੱਠਜੋੜ ਕਰਨ ਤੋਂ ਕਤਰਾ ਰਿਹਾ ਹੈ। ਜਿਸਦਾ ਲਾਭ ਉਨ੍ਹੰ ਨੂੰ ਅਗਲੇ ਸਮੇਂ ਵਿਚ ਮਿਲਣ ਦੀ ਉਮੀਦ ਹੈ। ਪਰ ਇਹ ਅਕਾਲੀ ਲੀਡਰਸ਼ਿਪ ਦੇ ਮਨ ਦਾ ਭੁਲੇਖਾ ਹੀ ਸਾਬਿਤ ਹੋਵੇਗਾ। ਹਾਂ! ਜੇਕਰ ਹੋਰ ਸਿਆਸੀ ਪਾਰਟੀਆਂ ਵਾਂਗ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਸਟੈਂਡ ਸਪੱਸ਼ਟ ਕਰਦਾ ਹੈ ਅਤੇ ਕਾਂਗਰਸ, ’ਆਪ’ ਅਤੇ ਭਾਜਪਾ ਦੇ ਮੁਕਾਬਲੇ ਸਨਮਾਨਜਨਕ ਢੰਗ ਨਾਲ ਮੈਦਾਨ ’ਚ ਉਤਰਦਾ ਹੈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕੁਝ ਹੱਦ ਤੱਕ ਆਪਣੀ ਜ਼ਮੀਨ ਨੂੰ ਬਚਾਉਣ ਵਿਚ ਜ਼ਰੂਰ ਸਫਲਤਾ ਹਾਸਿਲ ਕਰ ਲਵੇਗੀ। ਬੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਕਿਸ ਤਰ੍ਹਾਂ ਦੀ ਰਣਨੀਤੀ ਨਾਲ ਸਾਹਮਣੇ ਆਏਗਾ ਅਤੇ ਆਪਣੀ ਸਿਆਸੀ ਜ਼ਮੀਨ ਬਚਾਉਣ ਵਿੱਚ ਕਾਮਯਾਬ ਹੁੰਦਾ ਹੈ ਜਾਂ ਨਹੀਂ।
ਹਰਵਿੰਦਰ ਸਿੰਘ ਸੱਗੂ।