ਕਿਧਰ ਨੂੰ ਜਾ ਰਹੀ ਹੈ ਦੇਸ਼ ਦੀ ਸਿਆਸਤ ?
ਲੋਕ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰ ਆਮ ਜਨਤਾ ਨਾਲ ਜੁੜੇ ਮੁੱਦਿਆਂ ਦੀ ਬਜਾਏ ਬੇਤੁਕੇ ਬਿਆਨਬਾਜ਼ੀ ਵਿੱਚ ਉਲਝਦੀ ਜਾ ਰਹੀ ਹੈ। ਭਾਰਤ ਨੂੰ ਦੁਨੀਆਂ ਦਾ ਸਭ ੋਤੰ ਵੱਡਾ ਲੋਕਤੰਤਰ ਦੇਸ਼ ਮੰਨਿਆ ਜਾਂਦਾ ਹੈ ਜਿਥੇ ਸਭ ਧਰਮਾਂ, ਜਾਤਾਂ ਦੇ ਲੋਕ ਆਪਸੀ ਪ੍ਰਏਣ ਅਤੇ ਸਦਭਾਵਨਾ ਨਾਲ ਰਹਿੰਦੇ ਹਨ ਅਤੇ ਇਕ ਦੂਸਰੇ ਦੇ ਤਿਉਹਾਰ ਮਿਲ ਜੁਲ ਕੇ ਮਨਾਉਂਦੇ ਹਨ। ਇਹੀ ਸਾਡੇ ਦੇਸ਼ ਦੀ ਖੂਬਸੂਰਤੀ ਹੈ। ਦੇਸ਼ ’ਚ ਹਰ ਕਿਸੇ ਨੂੰ ਆਪਣੀ ਮਰਜ਼ੀ ਮੁਤਾਬਕ ਖਾਣ-ਪੀਣ ਦੀ ਇਜਾਜ਼ਤ ਹੈ। ਹਾਲ ਹੀ ’ਚ ਤੇਜਸਵੀ ਯਾਦਵ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਜਿਸ ਵਿਚ ਉਹ ਮਛਲੀ ਖਆ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਗਰਮਾਈ ਰਾਜਨੀਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਨਾਂ ’ਤੇ ਪ੍ਰਚਾਰਿਆ ਜਾ ਰਿਹਾ ਹੈ। ਹਰ ਕਿਸੇ ਦੀ ਆਪਣੀ ਧਾਰਮਿਕ ਆਸਥਾ ਹੁੰਦੀ ਹੈ, ਪਰ ਜੇਕਰ ਕੋਈ ਵਿਅਕਤੀ ਕਿਸੇ ਵੀ ਧਾਰਮਿਕ ਸਮੇਂ ਅਤੇ ਦਿਨ ਦੀ ਮਹੱਤਤਾ ਨੂੰ ਸਮਝਦਾ ਹੋਵੇ ਤਾਂ ੳਹ ਆਪਣੇ ਆਪ ਹੀ ਮਰਿਯਾਦਾ ਦਾ ਧਿਆਨ ਰੱਖਦਾ ਹੈ। ਪਰ ਕਿਸੇ ਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ। ਕੋਈ ਕਿਸ ਦਿਨ ਮਾਸ ਖਾਵੇ ਜਾਂ ਕੋਈ ਸ਼ਰਾਬ ਪੀਵੇ, ਇਹ ਹਰ ਕਿਸੇ ਦਾ ਨਿੱਜੀ ਮਾਮਲਾ ਹੈ। ਜੇਕਰ ਉਸ ਦੇ ਦਿਲ ਵਿਚ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਤਾਂ ਉਹ ਆਪਣੇ ਆਪ ਨਹੀਂ ਖਾਵੇਗਾ। ਇਸ ਲਈ ਇਕ ਸਿਆਸੀ ਨੇਤਾ ਮਾਸ ਖਾਂਦਾ ਹੈ ਅਤੇ ਹੋਰ ਨੇਤਾ ਅਸਲ ਮੁੱਦਿਆਂ ਨੂੰ ਛੱਡ ਕੇ ਸਿਰਫ ਉਸੇ ਦੀ ਆਲੋਚਨਾ ਕਰਨ ਵਾਲੇ ਪਾਸੇ ਤੁਰ ਪੈਣ ਤਾਂ ਇਹ ਅੱਜ ਦੇ ਜਮਾਨੇ ਵਿਚ ਦਿਲਚਸਪ ਗੱਲ ਹੈ। ਕੋਈ ਰਾਮ ਮੰਦਿਰ ਦੇ ਨਿਰਮਾਣ ਅਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਹੀ ਇਕ ਦੂਸਰੇ ਤੇ ਹਮਲੇ ਕਰੀ ਜਾਂਦੇ ਹਨ। ਜਦੋਂ ਕਿ ਸਾਰੀਆਂ ਪਾਰਟੀਆਂ ਨੇ ਜਨਤਾ ਨੂੰ ਆਪਣੇ ਕੀਤੇ ਹੋਏ ਕੰਮਾਂ ਅਤੇ ਕਰਨ ਜਾ ਰਹੇ ਕੰਮਾਂ ਬਾਰੇ ਦੱਸ ਕੇ ਵੋਟਾਂ ਮੰਗਣੀਆਂ ਹੁੰਦੀਆਂ ਹਨ। ਪਰ ਸਭ ਨੂੰ ਪਿੱਛੇ ਛੱਡ ਕੇ, ਮਾਸ ਖਾਣ ਜਾਂ ਨਾ ਖਾਣ ਨੂੰ ਲੈ ਕੇ ਹੀ ਆਪਸ ਵਿਚ ਉਲਝਾ ਕੇ ਜਨਤਾ ਦਾ ਧਿਆਨ ਬੇਤੁਕੇ ਮੁੱਦੇ ਵੱਲ ਲੈ ਕੇ ਜਾ ਰਹੇ ਹਨ। ਜਦੋਂ ਕਿ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਗਰੀਬੀ ਇੱਕ ਵੱਡਾ ਮਸਲਾ ਹੈ ਅਤੇ ਇਹ ਸਮਸਿਆ ਹਲ ਹੋਣ ਦੀ ਬਜਾਏ ਹਰੇਕ ਵਾਰ ਪਹਿਲਾਂ ਨਾਲੋਂ ਵੱਡੀ ਹੋ ਜਾਂਦੀ ਹੈ। ਇਸ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਅਜਿਹੀਆਂ ਬੇਕਾਰ ਦੀਆਂ ਬਹਿਸਾਂ ਵਿੱਚ ਉਲਝਣ ਦੀ ਬਜਾਏ ਚੋਣ ਪ੍ਰਚਾਰ ਵਿਚ ਦੇਸ਼ ਲਈ ਆਪਣਾ ਦ੍ਰਿਸ਼ਟੀਕੋਣ ਦੱਸਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਲੋਕਾਂ ਲਈ ਕੀ ਕਰੇਗਾ। ਜੇ ਅਸੀਂ ਮੀਟ ਅਤੇ ਮੱਛੀ ਦੀ ਗੱਲ ਕਰੀਏ ਤਾਂ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਥੋਂ ਸਭ ਤੋਂ ਮਾਸ ਵਿਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ। ਸਰਕਾਰਾਂ ਨੇ ਕਦੇ ਵੀ ਇਸ ਨਿਰਯਾਤ ਕਾਰੋਬਾਰ ਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਸ ਨਿਰਯਾਤ ਦੇ ਕਾਰੋਬਾਰ ਨੂੰ ਹੋਰ ਪ੍ਰਫੁੱਲਤ ਕਰਕੇ ਪੈਸਾ ਕਮਾਉਣ ਵੱਲ ਧਿਆਨ ਕੇਂਦਰਿਤ ਕੀਤਾ ਹੈ। ਭਾਵੇਂ ਕੋਈ ਵੀ ਸਰਕਾਰ ਰਹੀ ਹੋਵੇ ਅਤੇ ਉਹ ਮੀਟ ਖਾਣ ਦੀ ਵਕਾਲਤ ਕਰੇ ਜਾਂ ਨਾ ਕਰੇ ਪਰ ਨਿਰਯਾਤ ਕਾਰੋਬਾਰ ਨੂੰ ਘੱਟ ਕਰਨ ਦੀ ਇਜਾਜ਼ਤ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ। ਜੇਕਰ ਅਸੀਂ ਮਾਸ ਵਿਦੇਸ਼ਾਂ ਵਿਚ ਭੇਜ ਕੇ ਪੈਸਾ ਇਕੱਠਾ ਕਰਦੇ ਹਾਂ ਤਾਂ ਸਾਡੇ ਖੁਦ ਦੇ ਦੇਸ਼ ਵਿਚ ਮਾਸ ਮਛਲੀ ਨੂੰ ਰਾਜਨੀਤਿਕ ਬਹਿਸ ਦਾ ਹਿੱਸਾ ਕਿਉਂ ਬਣਾਇਾ ਜਾ ਰਿਹਾ ਹੈ। ਇਸ ਸਮੇਂ ਦੇਸ਼ ਵਿਚ ਭਖਦੇ ਮੁੱਦਿਆਂ ’ਤੇ ਕੰਮ ਕਰਨ ਦੀ ਲੋੜ ਹੈ। ਦੇਸ਼ ਵਿਚੋਂ ਗ਼ਰੀਬੀ ਦੂਰ ਕਰਨ ਲਈ ਕਿਹੜੀ ਪਾਰਟੀ ਕੰਮ ਕਰੇਗੀ, ਭ੍ਰਿਸ਼ਟਾਚਾਰ ਕਿਵੇਂ ਦੂਰ ਹੋਵੇਗਾ, ਦੇਸ਼ ਦੇ ਹਰ ਨਾਗਰਿਕ ਨੂੰ ਉਸਦਾ ਮੂਲ ਅਧਿਕਾਰ ਰੋਟੀ, ਕਪੜਾ ਅਤੇ ਮਕਾਨ ਕਦੋਂ ਤੱਕ ਨਸੀਬ ਹੋ ਸਕੇਗਾ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿਚ ਅਸੀਂ ਕਦੋਂ ਆਤਮ ਨਿਰਭਰ ਹੋ ਸਕਾਂਗੇ, ਵਿਦੇਸ਼ਾਂ ਵਿੱਚ ਪਏ ਕਾਲੇ ਧਨ ਦੀ ਸੂਚੀ ਕੌਣ ਜਾਰੀ ਕਰਵਾਏਗਾ। ਇਨਾਂ ਸਭ ਤੇ ਹਰ ਵਾਰ ਚੋਣਾਂ ’ਚ ਚਰਚਾ ਜ਼ਰੂਰ ਹੁੰਦੀ ਹੈ ਪਰ ਸਰਕਾਰਾਂ ਬਣਨ ’ਤੇ ਬਾਅਦ ’ਚ ਇਹ ਸਿਰਫ ਬਿਆਨਬਾਜ਼ੀ ਹੀ ਸਾਬਿਤ ਹੁੰਦੀਆਂ ਹਨ। ਇਸ ਲਈ ਦੇਸ਼ ਦੀ ਜਨਤਾ ਨੂੰ ਅਜਿਹੀ ਫੋਕੀ, ਭਰਮਾਊ ਅਤੇ ਗਲਤ ਬਿਆਨਬਾਜ਼ੀ ਦੇ ਚੱਕਰਵਿਊ ਵਿਚ ਫਸਣ ਦੀ ਬਜਾਏ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਪਾਸੋਂ ਦੇਸ਼ ਦੇ ਅਹਿਮ ਮੁੱਦਿਆਂ ਬਾਰੇ ਸਵਾਲ ਜਵਾਬ ਕਰਨੇ ਚਾਹੀਦੇ ਹਨ ਤਾਂ ਹੀ ਦੇਸ਼ ਅੱਗੇ ਵਧ ਸਕੇਗਾ।
ਹਰਵਿੰਦਰ ਸਿੰਘ ਸੱਗੂ।