ਜਗਰਾਓਂ, 29 ਮਈ ( ਭਗਵਾਨ ਭੰਗੂ )- ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਤੋਂ ਜਗਰਾਓਂ ਪਹੁੰਚ ਕੇ ਇੱਕ ਘਰ ਵਿੱਚੋਂ ਗੈਸ ਸਿਲੰਡਰ ਚੋਰੀ ਕਰਦੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਬੱਸ ਸਟੈਂਡ ਪੁਲੀਸ ਚੌਕੀ ਦੇ ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਵਾਸੀ ਨਿਊ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦਾ ਅਤੇ ਉਸ ਦੇ ਭਰਾ ਸੁਖਬੀਰ ਸਿੰਘ ਦਾ ਘਰ ਦੇ ਨਾਲ ਹੀ ਇੱਕ ਹੋਰ ਮਕਾਨ ਹੈ। ਜਿਸ ਦੀ ਮੈਂ ਸੰਭਾਲ ਕਰ ਰਿਹਾ ਹਾਂ। ਅਸੀਂ ਇਸ ਦਾ ਇੱਕ ਹਿੱਸਾ ਕਿਰਾਏਦਾਰ ਨੂੰ ਦਿੱਤਾ ਹੋਇਆ ਹੈ ਅਤੇ ਬਾਕੀ ਹਿੱਸਾ ਸਾਡੇ ਕੋਲ ਹੈ। ਜਿਸ ਵਿੱਚ ਸਾਡਾ ਘਰੇਲੂ ਸਮਾਨ ਪਿਆ ਹੈ। ਰਾਤ ਨੂੰ ਜਦੋਂ ਮੈਂ ਆਪਣੇ ਘਰ ਮੌਜੂਦ ਸੀ ਤਾਂ ਮੇਰਾ ਭਰਾ ਕੁਝ ਘਰੇਲੂ ਸਾਮਾਨ ਖਰੀਦਣ ਗਿਆ ਤਾਂ ਦੇਖਿਆ ਕਿ ਘਰ ਦੇ ਬਾਹਰ ਇੱਕ ਲੜਕਾ ਸਟਾਰਟ ਮੋਟਰਸਾਈਕਲ ਲੈ ਕੇ ਖੜ੍ਹਾ ਸੀ ਅਤੇ ਇਸੇ ਦੌਰਾਨ ਸਾਡੇ ਘਰ ਦੇ ਅੰਦਰੋਂ ਇੱਕ ਹੋਰ ਲੜਕਾ ਬਾਹਰ ਆਇਆ, ਜਿਸ ਦਾ ਮੂੰਹ ਬੰਨਿ੍ਹਆ ਹੋਇਆ ਸੀ ਅਤੇ ਉਸਦੇ ਹੱਥਾਂ ਵਿੱਚ ਇੱਕ ਗੈਸ ਸਿਲੰਡਰ ਫੜਿਆ ਹੋਇਆ ਹੈ। ਜਿਸ ’ਤੇ ਮੈਂ ਆਪਣੇ ਗੁਆਂਢੀ ਕੁਲਦੀਪ ਸਿੰਘ ਨੂੰ ਆਵਾਜ਼ ਮਾਰ ਕੇ ਕਿਹਾ ਕਿ ਉਹ ਸਾਡੇ ਘਰੋਂ ਸਿਲੰਡਰ ਚੋਰੀ ਕਰ ਕੇ ਲੈ ਜਾ ਰਹੇ ਹਨ। ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਅਸੀਂ ਉਕਤ ਦੋਵੇਂ ਲੜਕਿਆਂ ਨੂੰ ਸਿਲੰਡਰ ਅਤੇ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੜਕਿਆਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਪੀਤਾ ਅਤੇ ਹਰਦੀਪ ਸਿੰਘ ਉਰਫ਼ ਗੁੱਲੂ ਵਾਸੀ ਪਿੰਡ ਗਿੱਲ ਪੱਤੀ ਚੂਹੜਚੱਕ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।