ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਹ ਚੋਣਾਂ ਹੋਂਦ ਦਾ ਸਵਾਲ
ਕਿਸਾਨ ਅੰਦੋਲਨ ਨੂੰ ਲੈ ਕੇ ਅਕਾਲੀ ਭਾਜਪਾ ਗਠਜੋੜ ਦੇ ਬਿਗਾੜੇ ਖੇਲ ਦਾ ਖਮਿਆਜ਼ਾ ਪੰਜਾਬ ਵਿਚ ਦੋਵੇਂ ਹੀ ਅਕਾਲੀ ਭਾਜਪਾ ਭੁਗਤ ਰਹੇ ਹਨ। ਇਸ ਸਮੇਂ ਪੰਜਾਬ ਵਿਚ ਦੋਵੇਂ ਪਾਰਟੀਆਂ ਭਾਵੇਂ ਉੱਪਰੋਂ ਫਰੈਂਡਲੀ ਮੈਚ ਅਨੁਸਾਰ ਹੀ ਚੱਲ ਰਹੀਆਂ ਹਨ ਪਰ ਦਿਖਾਵੇ ਦੇ ਤੌਰ ਤੇ ਦੋਵੇਂ ਅਲੱਗ ਅਲੱਗ ਚੋਣਾਂ ਲੜ ਰਹੇ ਹਨ। ਇਨ੍ਹਾਂ ਚੋਣਾਂ ਤੋਂ ਬਾਅਦ ਭਾਜਪਾ ਪੰਜਾਬ ਵਿਚ ਪੈਰ ਜਮਾਉਣ ਵਾਲੇ ਪਾਸੇ ਵਧ ਜਾਵੇਗੀ ਅਤੇ ਅਕਾਲੀ ਦਲ ਆਪਣੀ ਝਮੀਨ ਬਚਾਉਣ ਲਈ ਇਸਤੋਂ ਅੱਗੇ ਵੀ ਹੋਰ ਸੰਘਰਸ਼ ਕਰਦਾ ਨਜ਼ਰ ਆਏਗਾ। ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਲੋਕ ਸਭਾ ਚੋਣਾਂ ’ਚ ਹੋਂਦ ਦਾ ਸਵਾਲ ਬਣ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਰਸ਼ ਤੋਂ ਫਰਸ਼ ਤੇ ਮੂਧੇ ਮੂੰਹ ਡਿੱਗ ਪਈ ਅਤੇ ਹੁਣ ਤੱਕ ਸਿਆਸੀ ਜਮੀਨ ਨੂੰ ਸੰਭਾਲ ਨਹੀਂ ਸਕੀ। ਹੁਣ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਇਨ੍ਹਾਂ ਚੋਣਾ ਨੂੰ ਸਿਰ ਧੜ ਦੀ ਬਾਜੀ ਨਾਲ ਲੜ ਰਹੀ ਹੈ। ਹਾਲਾਂਕਿ ਸਥਿਤੀ ਸਪੱਸ਼ਟ ਹੈ ਕਿ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਕੋਈ ਬਹੁਤਾ ਚੰਗਾ ਹੁੰਗਾਰਾ ਮਿਲਦੀ ਨਜ਼ਰ ਨਹੀਂ ਆ ਰਿਹਾ ਪਰ ਉਸਦੇ ਬਾਵਜੂਦ ਵੀ ਹਰ ਹਾਲਤ ਵਿਚ ਸੰਸਦ ਤੱਕ ਪਹੁੰਚਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਕਾਰਨ ਪਾਰਟੀ ਨਾਲ ਨਾਰਾਜ਼ ਹੋ ਚੁੱਕੇ ਵੱਡੇ ਨੇਤਾਵਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਗਈਆਂ। ਜਿਥੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਵੀ ਅੰਦਰੂਨੀ ਤੌਰ ਤੇ ਗੱਲਬਾਤ ਕੀਤੀ ਜਾ ਰਹੀ ਸੀ ਉਥੇ ਵਿਚਕਾਰ ਹੀ ਸੁਖਬੀਰ ਬਾਦਲ ਵਲੋਂ ਆਪਣੇ ਜੀਜਾ ਆਦੇਸ਼ ਪ੍ਰਤਾਪ ਕੈਰੋਂ ਨੂੰ ਖੰਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਕਹਿਣ ਤੇ ਕੱਢ ਦਿਤਾ ਗਿਆ। ਜਿਸਦਾ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਿਧੇ ਸਤੌਰ ਤੇ ਵਿਰੋਧ ਕਰ ਰਹੀ ਹੈ ਅਤੇ ਇਸ ਫੈਸਲੇ ਨੂੰ ਗਲਤ ਕਰਾਰ ਦਿਤਾ ਜਾ ਰਿਹਾ ਹੈ। ਪਹਿਲਾਂ ਇਸ ਮਾਮਲੇ ਤੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ) ਜਿੰਨਾਂ ਨੂੰ ਕੁਝ ਸਮਾਂ ਪਹਿਲਾਂ ਹੀ ਸੁਖਬੀਰ ਬਾਦਲ ਪਾਰਟੀ ਵਿਚ ਵਾਪਿਸ ਲਿਆਏ ਸਨ ) ਨੇ ਵਿਰੋਧ ਕੀਤਾ ਹੁਣ ਬੀਬੀ ਜਾਗੀਰ ਕੌਰ ਨੇ ਵੀ ਸੁਖਬੀਰ ਦੇ ਇਸ ਫੈਸਲੇ ਦਾ ਖੁੱਲ੍ਹੇ ਤੌਰ ਤੇ ਵਿਰੋਧ ਕਰ ਦਿਤਾ ਹੈ। ਜੇਕਰ ਪੰਜਾਬ ਦੀ ਸਭ ਤੋਂ ਹੌਟ ਸੀਟ ਅਤੇ ਬਾਦਲ ਪਰਿਵਾਰ ਲਈ ਨੱਕ ਦਾ ਸਵਾਲ ਬਠਿੰਡਾ ਦੀ ਸੀਟ ਹਰ ਵਾਰ ਹਰਸਿਮਰਤ ਕੌਰ ਬਾਦਲ ਦੀ ਸੀਟ ਪੱਕੀ ਮੰਨੀ ਜਾਂਦੀ ਰਹੀ ਹੈ ਅਤੇ ਉਥੋਂ ਲਗਾਤਾਰ ਤਿੰਨ ਵਾਰ ਉਹ ਸੰਸਦ ਵਿਚ ਜਾ ਚੁੱਕੀ ਹਨ। ਇਸ ਵਾਰ ਸੱਤਾਧਾਰੀ ਧਿਰ ਵੱਲੋਂ ਅਤੇ ਦੂਜੀਆਂ ਵਿਰੋਧੀ ਧਿਰਾਂ ਵਲੋਂ ਵੀ ਕੀਤੀ ਗਈ ਘੇਰਾਬੰਦੀ ਕਾਰਨ ਹਰਸਿਮਰਤ ਬਾਦਲ ਦੀ ਇਹ ਸੀਟ ਵੀ ਸੁਰੱਖਿਅਤ ਨਹੀਂ ਮੰਨੀ ਜਾ ਰਹੀ। ਆਪਣੀ ਇਸ ਸੀਟ ਨੂੰ ਬਚਾਉਣ ਲਈ ਭਾਵੇਂ ਇਹ ਮੰਨਿਆ ਜਾ ਰਿਹਾ ਸੀ ਕਿ ਸੁਖਬੀਪ ਬਾਦਲ ਆਪਣ ਨਾਰਾਜ ਭਰਾ ਮਨਪ੍ਰੀਤ ਬਾਦਲ ਨੂੰ ਮਨਾਉਣ ਵਿਚ ਸਫਲ ਹੋ ਸਕਣਗੇ ਪਰ ਅਜਿਹਾ ਨਹੀਂ ਹੋ ਸਿਕਆ। ਮਨਪ੍ਰੀਤ ਬਾਦਲ ਨੇ ਹਰਸਿਮਰਤ ਕੌਰ ਬਾਦਲ ਦੇ ਸਮਪਥਨ ਦੀ ਬਜਾਏ ਭਾਜਪਾ ਦਾ ਸਮਰਥਨ ਕਰ ਦਿਤਾ। ਦੂਜਾ ਬਠਿੰਡਾ ਤੋਂ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਦੇ ਬੇਟੇ ਅਤੇ ਉਨ੍ਹਾਂ ਦੀ ਨੂੰਹ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਮਲੂਕੇ ਦੀ ਨੂੰਹ ਨੂੰ ਭਾਜਪਾ ਨੇ ਮੈਦਾਨ ’ਚ ਉਤਾਰਿਆ ਹੈ। ਬਠਿੰਡਾ ਤੋਂ ਅਜਿਹੀ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਹੁਣ ਇਹ ਸੀਟ ਖ਼ਤਰੇ ਤੋਂ ਖਾਲੀ ਨਹੀਂ ਹੈ। ਜੇਕਰ ਸੁਖਬੀਰ ਬਾਦਲ ਆਪਣੇ ਭਰਾ ਮਨਪ੍ਰੀਤ ਹਾਦਲ ਨੂੰ ਘਰ ਵਾਪਿਸੀ ਲਈ ਤਿਆਰ ਕਰ ਲੈਂਦੇ ਹਨ ਤਾਂ ਹਰਸਿਮਰਤ ਬਾਦਲ ਦੀ ਲੜਾਈ ਥੋੜੀ ਆਸਾਨ ਬਣ ਸਕਦੀ ਹੈ। ਇਥੇ ਇਹ ਗੱਲ ਬਿਲਕੁਲ ਸਪਸ਼ੱਟ ਹੈ ਕਿ ਜੇਕਰ ਇਨ੍ਹਾਂ ਚੋਣਾਂ ਆਪਣੀ ਸਾਖ ਬਚਾਉਣ ਵਿਚ ਅਕਾਲੀ ਦਲ ਸਫਲ ਰਹਿੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਟੁੱਟਣ ਤੋਂ ਬਚ ਜਾਵੇਗਾ ਅਤੇ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੇ ਪਕੜ ਬਰਕਰਾਰ ਰੱਖ ਸਕੇਗਾ। ਜੇਕਰ ਹਰਸਿਮਰਤ ਬਾਦਲ ਵੀ ਚੋਣ ਹਾਰ ਜਾਂਦੇ ਹਨ ਤਾਂ ਪਾਰਟੀ ਲਈ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ ਕਿਉਂਕਿ ਜਦੋਂ ਵਿਧਾਨ ਸਭਾ ਚੋਣਾਂ ਚ ਸੁਖਬਰੀ ਬਾਦਲ ਦੀ ਹਾਰ ਹੋਈ ਸੀ ਤਾਂ ਅਕਾਲੀ ਦਲ ਬਿਖਰਣ ਵਾਲੇ ਪਾਸੇ ਵਧ ਗਿਆ ਸੀ ਅਤੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਖੁੱਲ੍ਹੇ ਤੌਰ ਤੇ ਉਠਣੀ ਸ਼ੁਰੂ ਹੋ ਗਈ ਸੀ। ਹੁਣ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਕੱਢਣ ਤੋਂ ਬਾਅਦ ਸ਼ੁਰੂ ਹੋਈ ਬਾਗੀ ਸੁਰ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਇਹ ਬਾਗੀ ਸੁਰਾਂ ਹੋਰ ਵੱਡੇ ਪੱਧਰ ਤੇ ਉੱਠ ਸਕਦੀਆਂ ਹਨ। ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਹੁਣ ਤੱਕ ਸਥਿਤੀ ਬਹੁਤ ਔਖੀ ਸੰਭਾਲੀ ਗਈ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੂਜੀ ਵਾਰ ਲੋਕ ਸਭਾ ਚੋਣਾਂ ਹਾਰਦਾ ਹੈ ਤਾਂ ਭਵਿੱਖ ਵਿੱਚ ਉਹ ਪੰਜਾਬ ਵਿੱਚ ਆਪਣਾ ਰਸੂਖ ਬਣਾ ਨਹੀਂ ਸਕੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਲਈ ਇਹ ਚੋਣਾਂ ਹੋਂਦ ਦੀ ਲੜਾਈ ਹੈ। ਹੁਣ ਇਹ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਨੂੰ ਮੁੜ ਸਵਿਕਾਰ ਕਰਦੇ ਹਨ ਜਾਂ ਨਹੀਂ।
ਹਰਵਿੰਦਰ ਸਿੰਘ ਸੱਗੂ।
98723-27899