ਅਜਨਾਲਾ14 ਅਪ੍ਰੈਲ (ਲਿਕੇਸ਼ ਸ਼ਰਮਾ – ਅਸ਼ਵਨੀ) : ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣ ਰਹੀ ਹੈ ਅਤੇ ਇਸ ਵਾਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ’ਤੇ ਵਿਸ਼ੇਸ਼ ਤਵੱਜੋ ਦਿੱਤਾ ਜਾਵੇਗਾ।ਤਰਨਜੀਤ ਸਿੰਘ ਸੰਧੂ ਸਮੁੰਦਰੀ ਅੱਜ ਹਲਕਾ ਇੰਚਾਰਜ ਅਤੇ ਭਾਜਪਾ ਓਬੀਸੀ ਮੋਰਚੇ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨਾਲ ਸਰਹੱਦੀ ਖੇਤਰ ਦਾ ਦੌਰਾ ਕਰ ਰਹੇ ਸਨ। ਪਿੰਡ ਜਗਦੇਵ ਖ਼ੁਰਦ ਵਿਖੇ ਪਹੁੰਚਣ ’ਤੇ ਤਰਨਜੀਤ ਸਿੰਘ ਸੰਧੂ ਦਾ ਪਿੰਡ ਵਾਸੀਆਂ ਵੱਲੋਂ ਫੁੱਲ ਮਾਲਾਵਾਂ ਪਹਿਨਾ ਕੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਥੇ ਇਕ ਪ੍ਰਭਾਵਸ਼ਾਲੀ ਪੇਂਡੂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੂਜੇ ‘ਤੇ ਦੂਸ਼ਣਬਾਜ਼ੀ ਇਕ ਘਟੀਆ ਰਾਜਨੀਤੀ ਹੈ ਪਰ ਅਸੀਂ ਇਹ ਰਾਜਨੀਤੀ ਕਰਨ ਨਹੀਂ ਆਏ ਹਾਂ, ਮੇਰਾ ਮਕਸਦ ਕਿਸਾਨ, ਮਜ਼ਦੂਰ, ਕਾਰੋਬਾਰੀ ਸਭ ਦੀ ਆਮਦਨ ਵਧਾਉਣ ਲਈ ਆਧੁਨਿਕ ਤਕਨੀਕ ਨਾਲ ਯਤਨ ਕਰਨਾ ਹੈ। ਮੈਂ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹਾਂ ਤੇ ਖ਼ੁਦ ਕਿਸਾਨਾਂ, ਮਜ਼ਦੂਰਾਂ ਦਾ ਹੀ ਹਿੱਸਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਸਰਹੱਦੀ ਖੇਤਰ ਨੂੰ ਫੂਡ ਪ੍ਰੋਸੈਸਿੰਗ ਹੱਬ ਬਣਾਇਆ ਜਾਵੇ। ਇਸ ਨਾਲ ਕਿਸਾਨ ਦਾ ਮੁਨਾਫ਼ਾ ਵਧੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਹ ਫੂਡ ਪ੍ਰੋਸੈਸਿੰਗ ਪਲਾਂਟ ਪੇਂਡੂ ਅਰਥਚਾਰੇ ਦੇ ਨਵੇਂ ਵਿਕਾਸ ਇੰਜਣ ਬਣ ਜਾਣਗੇ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ’ਚ ਅਸੀਂ ਬਹੁਤ ਸਾਰੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੁਆਰਾ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਾਂਗੇ। ਨਾਲ ਹੀ ਸਟਾਰਟਅੱਪ ਅਤੇ ਗਲੋਬਲ ਸੈਂਟਰਾਂ ਨੂੰ ਉਤਸ਼ਾਹਿਤ ਕਰਕੇ ਉੱਚ ਮੁੱਲ ਵਾਲੀਆਂ ਸੇਵਾਵਾਂ ‘ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 2024 ਲਈ ਭਾਜਪਾ ਦੇ ਸੰਕਲਪ ਪੱਤਰ ਭਾਵ ਮੈਨੀਫੈਸਟੋ “ਭਾਜਪਾ ਦਾ ਸੰਕਲਪ – ਮੋਦੀ ਦੀ ਗਾਰੰਟੀ 2024” ਵਿਕਸਤ ਭਾਰਤ ਦੇ ਮਜ਼ਬੂਤ ਥੰਮ੍ਹਾਂ ਜਿਨ੍ਹਾਂ ’ਚ ਯੁਵਾ ਸ਼ਕਤੀ, ਮਹਿਲਾ ਸ਼ਕਤੀ, ਕਿਸਾਨ ਅਤੇ ਗ਼ਰੀਬਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਸਾਡਾ ਧਿਆਨ ਸਭਿਆਚਾਰਕ ਕਦਰਾਂ ਕੀਮਤਾਂ,ਨਿਵੇਸ਼ ਅਤੇ ਨੌਕਰੀਆਂ ‘ਤੇ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗ਼ਰੀਬਾਂ ਦਾ ਭੋਜਨ ਪੌਸ਼ਟਿਕ, ਸੰਤੋਸ਼ਜਨਕ ਅਤੇ ਕਿਫ਼ਾਇਤੀ ਹੋਵੇ। ਮੋਦੀ ਦੀ ਗਾਰੰਟੀ ਹੈ ਕਿ ਮੁਫ਼ਤ ਰਾਸ਼ਨ ਸਕੀਮ ਅਗਲੇ 5 ਸਾਲਾਂ ਤੱਕ ਜਾਰੀ ਰਹੇਗੀ। ਹਰੇਕ ਬਜ਼ੁਰਗ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਰਹੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਸਰਹੱਦੀ ਮਸਲਿਆਂ ਦਾ ਸਥਾਈ ਹੱਲ ਲੱਭਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਆਮਦਨੀ ’ਚ ਵਾਧੇ ਲਈ ਆਪਣੀਆਂ ਫ਼ਸਲਾਂ, ਫਲ਼ ਅਤੇ ਸਬਜ਼ੀਆਂ ਨੂੰ ਅੰਮ੍ਰਿਤਸਰ ਤੋਂ ਏਅਰ ਕਾਰਗੋ ਰਾਹੀਂ ਖਾੜੀ ਅਤੇ ਅਮਰੀਕਾ ਵਿਚ ਭੇਜਣ ਦਾ ਸੁਝਾਅ ਦਿੱਤਾ। ਜਿਸ ਲਈ ਉਹ ਹਰ ਤਰਾਂ ਮਦਦ ਕਰਨ ਲਈ ਤਿਆਰ ਹਨ।ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਅਤੇ ਭਾਜਪਾ ਓ ਬੀ ਸੀ ਮੋਰਚਾ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਜਿਨ੍ਹਾਂ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਅਮਨ ਕਾਨੂੰਨ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਇਸ ਵਾਰ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲ ਤੋਂ ਇਸ ਲੋਕ ਸਭਾ ਹਲਕੇ ਨਾਲ ਸੰਬੰਧਿਤ ਸਰਹੱਦੀ ਲੋਕਾਂ ਨੂੰ ਦਰਪੇਸ਼ ਮਸਲਿਆਂ ਦਾ ਕਿਸੇ ਵੀ ਲੋਕ ਪ੍ਰਤੀਨਿਧੀ ਨੇ ਹੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੇਂਦਰੀ ਸਕੀਮਾਂ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਲੋਕਾਂ ਤਕ ਨਹੀਂ ਪਹੁੰਚ ਰਹੀਆਂ ਹਨ, ਉਨ੍ਹਾਂ ਨੂੰ ਲੋਕਾਂ ਤਕ ਪਹੁੰਚ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ ਮੁੜ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਵਿਚ ਭਾਰੀ ਜੋਸ਼ ਤੁਸਾਂ ਸਭ ਨੇ ਦੇਖਿਆ ਹੈ, ਮੋਦੀ ਸਰਕਾਰ ਦੀਆਂ ਸਕੀਮਾਂ ਘਰ ਘਰ ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਸੰਧੂ ਅਤੇ ਬੋਨੀ ਅਜਨਾਲਾ ਦੇ ਨਾਲ ਰਾਜਬੀਰ ਸ਼ਰਮਾ, ਰਾਮ ਸ਼ਰਨ ਪਰਾਸ਼ਰ, ਪ੍ਰੋ. ਸਰਚਾਂਦ ਸਿੰਘ ਖਿਆਲਾ, ਸਾਬਕਾ ਸਰਪੰਚ ਮਨਜੀਤ ਸਿੰਘ, ਰਾਜ ਕੁਮਾਰ ਆੜ੍ਹਤੀ,ਅਸ਼ੋਕ ਮੰਨਣ, ਬਲਵਿੰਦਰ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ ਅਤੇ ਮੁਖਤਾਰ ਸਿੰਘ, ਗੁਰਨਾਮ ਸਿੰਘ, ਜਸਵੰਤ ਸਿੰਘ ਅਤੇ ਗੁਰਦਿਆਲ ਸਿੰਘ ਆਦਿ ਮੌਜੂਦ ਸਨ।