ਅੰਮ੍ਰਿਤਸਰ 15 ਅਪ੍ਰੈਲ (ਰਾਜੇਸ਼ ਜੈਨ – ਸੰਜੀਵ) : ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੀ ਯੋਗ ਅਗੁਵਾਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਐਨ.ਜੀ.ਓ. ਸ਼ਹੀਦ ਭਗਤ ਸਿੰਘ ਵਿਰਾਸਤ ਮੰਚ ਰੰਗਮੰਚ ਗਰੁੱਪ ਵਲੋਂ ਇੱਕ ਵੋਟਰ ਜਾਗਰੂਕਤਾ ਨੁੱਕੜ ਨਾਟਕ ਦਾ ਆਯੋਜਨ ਹੈਰੀਟੇਜ ਸਟਰੀਟ ਵਿਖੇ ਕੀਤਾ ਗਿਆ।ਰੰਗਕਰਮੀ ਦਲਜੀਤ ਸੋਨਾ ਦੁਆਰਾ ਨਿਰਦੇਸ਼ਿਤ ਇਸ ਨਾਟਕ ਦਾ ਮੁੱਖ ਟੀਚਾ ਆਮ ਲੋਕਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਕਰਨ ਲਈ ਪ੍ਰੇਰਿਤ ਕਰਨਾ ਸੀ। ਨਾਟਕ ਵਿੱਚ ਕੰਮ ਕਰਦੇ ਅਦਾਕਾਰਾਂ ਨੇ ਆਪਣੀ ਬੇਹਤਰੀਨ ਅਦਾਕਾਰੀ ਨਾਲ ਮੌਕੇ ਤੇ ਮੌਜੂਦ ਆਮ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਰੰਗਕਰਮੀ ਦਲਜੀਤ ਸੋਨਾ ਨੇ ਕਿਹਾ ਕਿ ਕਿਸੇ ਵੀ ਗੰਭੀਰ ਮੁੱਦੇ ਤੇ ਆਮ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਰੰਗਮੰਚ ਅੱਜ ਵੀ ਸੱਭ ਤੋਂ ਵਧੀਆ ਅਤੇ ਅਸਾਨ ਸਾਧਨ ਹੈ। ਉਹਨਾਂ ਕਿਹਾ ਕਿ ਸਾਨੂੰ ਸੱਭ ਨੂੰ ਅਗਾਮੀ ਚੋਣਾਂ ਵਿੱਚ ਇੱਕ ਇਮਾਨਦਾਰ ਅਤੇ ਮਿਹਨਤੀ ਉਮੀਦਵਾਰ ਦੀ ਚੋਣ ਕਰਨੀ ਚਾਦੀਦੀ ਹੈ,ਜੋ ਸਮਾਜ ਲਈ ਚੰਗੇ ਕੰਮ ਕਰ ਸਕੇ। ਜਿਕਰਯੋਗ ਹੈ ਕਿ ਜਿਲਾ ਪ੍ਰਸ਼ਾਸਨ ਵਲੋਂ ਸਮਾਜ ਦੇ ਹਰ ਵਰਗ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਾਉਣ ਲਈ ਲਗਾਤਾਰ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ,ਇਸੇ ਲੜੀ ਵਜੋਂ ਐਨ.ਜੀ.ਓ. ਦੀ ਸਹਾਇਤਾ ਨਾਲ ਵਿਸ਼ੇਸ਼ ਨੁੱਕੜ ਨਾਟਕ ਖੇਡੇ ਜਾ ਰਹੇ ਹਨ।