ਭਗਤਾ ਭਾਈਕਾ(ਰਾਜਨ ਜੈਨ)ਸਾਬਕਾ ਵਜ਼ੀਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਉਨ੍ਹਾਂ ਬਾਬਤ ਅਕਾਲੀ ਦਲ ਵਿਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਅਕਾਲੀ ਦਲ ਵਿਚ ਨਹੀਂ ਜਾ ਰਹੇ, ਸਗੋਂ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ’ਚ ਮਿਹਨਤ ਅਤੇ ਨਿਸ਼ਠਾ ਨਾਲ ਰਾਮਪੁਰਾ ਫੂਲ ਹਲਕੇ ਸਮੇਤ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦੇਣ ਅਤੇ ਫਿਰਕੂ ਇਕਸੁਰਤਾ ਕਾਇਮ ਰੱਖਣ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਇਸ ਕਰ ਕੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ੍ਟ’ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਜਾਣੇ ਅਣਜਾਣੇ ਵਿਚ ਉਹ ਭਾਜਪਾ ’ਚ ਜਾਣ ਦੀ ਗਲਤੀ ਜ਼ਰੂਰ ਕਰ ਗਏ ਸਨ, ਪ੍ਰੰਤੂ ਹਲਕੇ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਹ ਆਪਣੀ ਪੁਰਾਣੀ ਪਾਰਟੀ ’ਚ ਪਰਤ ਕੇ ਕਾਂਗਰਸ ਦਾ ਝੰਡਾ ਬੁਲੰਦ ਕਰ ਰਹੇ ਹਨ।ਕਾਂਗੜ ਨੇ ਆਪਣੇ ਵਰਕਰਾਂ/ਹਲਕੇ ਦੇ ਲੋਕਾਂ ਨੂੰ ਖਾਸ ਤੌਰ ’ਤੇ ਸੰਬੋਧਨ ਹੁੰਦਿਆਂ ਸੁਚੇਤ ਕੀਤਾ ਕਿ ਉਹ ਪਾਰਟੀ ਬਦਲਣ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਗੁਮਰਾਹ ਨਾ ਹੋਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਪਸੰਦ ਬਣੇ ਰਾਹੁਲ ਗਾਂਧੀ, ਸੀਨੀਅਰ ਆਗੂ ਸੋਨੀਆ ਗਾਂਧੀ, ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਪ੍ਰਦੇਸ਼ ਲੀਡਰਸ਼ਿਪ ਬਿਹਤਰੀਨ ਅਗਵਾਈ ਕਰ ਰਹੀ ਹੈ ਅਤੇ ਅਜਿਹੇ ਸੁਚੱਜੇ ਪ੍ਰਬੰਧਨ ਹੇਠ ਹੀ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਸਮੇਤ ਚਾਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਉਹ ਸੱਚਮੁੱਚ ਹੀ ਪ੍ਰਸ਼ੰਸਾਯੋਗ ਫੈਸਲਾ ਹੈ, ਜਿਸ ਲਈ ਉਹ ਹਾਈ ਕਮਾਂਡ ਦਾ ਧੰਨਵਾਦ ਵੀ ਕਰਦੇ ਹਨ।ਕਾਂਗੜ ਨੇ ਚੋਣਾਂ ਦੇ ਅਜੋਕੇ ਸੰਦਰਭ ਵਿਚ ਕਿਹਾ ਕਿ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖ਼ਤਰੇ ਵਿਚ ਹੈ, ਨਿਰੋਲ ਤਾਨਾਸ਼ਾਹੀ ਰਾਜ ਚੱਲ ਰਿਹਾ ਹੈ। ਬੇਰੁਜ਼ਗਾਰੀ ਅਤੇ ਮਹਿੰਗਾਈ ਸਿਖਰਾਂ ’ਤੇ ਹੈ। ਇਸੇ ਕਰ ਕੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੇ ਕਾਂਗਰਸ ਸਰਕਾਰ ਆਉਣ ’ਤੇ ਕੇਂਦਰ ਪੱਧਰ ’ਤੇ 30 ਲੱਖ ਸਰਕਾਰੀ ਨੌਕਰੀਆਂ ਦੇਣ , ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੇਣ, ਲੋੜਵੰਦ ਔਰਤਾਂ ਨੂੰ ਸਲਾਨਾ ਇਕ ਲੱਖ ਰੁਪਏ ਦੇਣ ਜਿਹੇ ਕੀਤੇ ਠੋਸ ਵਾਅਦਿਆਂ ਸਮੇਤ ਸੰਵਿਧਾਨਕ ਸੰਸਥਾਵਾਂ ਬਚਾਉਣ ਦੀ ਹਾਮੀ ਭਰੀ ਹੈ।
ਕਾਂਗੜ ਨੇ ਕਿਹਾ ਪਾਰਟੀ ਹਾਈਕਮਾਨ ਜੋ ਵੀ ਡਿਊਟੀ ਲਾਏਗੀ ਉਸ ਦੀ ਪੂਰਤੀ ਹਿਤ ਉਹ ਹਰ ਥਾਂ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਤਕ ਐਲਾਨੇ ਚਾਰੇ ਕਾਂਗਰਸੀ ਉਮੀਦਵਾਰ ਵਿਰੋਧੀ ਪਾਰਟੀਆਂ ਦਾ ਸੂਫੜਾ ਸਾਫ ਕਰ ਦੇਣਗੇ, ਬਠਿੰਡਾ ਹਲਕੇ ਤੋਂ ਜੀਤ ਮਹਿੰਦਰ ਸਿੱਧੂ ਰਿਕਾਰਡ ਫਰਕ ਨਾਲ ਜਿੱਤ ਹਾਸਲ ਕਰਨਗੇ, ਜਿਸ ਲਈ ਉਹ ਸਿੱਧੂ ਦਾ ਡਟਵਾਂ ਸਾਥ ਦੇਣਗੇ।