ਨਵਾਂਸ਼ਹਿਰ, 19 ਅਪ੍ਰੈਲ (ਭਗਵਾਨ ਭੰਗੂ – ਸੰਜੀਵ) : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ. ਵਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਣਕ ਦੀ ਫਸਲ ਦੀ ਵਾਢੀ ਕਰਨ ਤੋਂ ਬਾਅਦ ਕਣਕ ਦੇ ਨਾੜ ਦੀ ਰਹਿੰਦ-ਖੂੰਹਦ ਨੂੰ ਖੇਤ ਦੀ ਵਹਾਈ ਕਰਕੇ ਮਿੱਟੀ ਵਿੱਚ ਹੀ ਰਲਾਇਆ ਜਾਵੇ ਤੇ ਅੱਗ ਨਾ ਲਗਾਈ ਜਾਵੇ, ਤਾਂ ਜੋ ਵਾਤਾਵਰਣ ਨੂੰ ਪ੍ਰਦਸ਼ੂਤ ਹੋਣ ਤੋਂ ਬਚਾਇਆ ਜਾ ਸਕੇ। ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਮਿੱਟੀ ਵਿੱਚ ਮੌਜੂਦ ਸੂਖਮ ਜੀਵਾਣੂ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊੂ ਸ਼ਕਤੀ ਘਟਦੀ ਹੈ। ਉਨ੍ਹਾਂ ਕਿਹਾ ਕਿ ਅੱਗ ਦਾ ਧੂੰਆਂ ਸੜਕ ਹਾਦਸਿਆਂ ਅਤੇ ਮਨੁੱਖੀ ਸਿਹਤ ਖਰਾਬ ਹੋਣ ਦਾ ਕਾਰਣ ਬਣਦਾ ਹੈ।ਉਹਨਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਅੱਗ ਲਗਾਉਣ ਵਾਲੇ ਕਿਸਾਨਾਂ ਤੇ ਨੈਸ਼ਨਲ ਗ੍ਰੀਨ ਟ੍ਰਿਬਿੂਨਲ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕਰਕੇ ਜੁਰਮਾਨਾ ਕੀਤਾ ਜਾਵੇਗਾ।ਉਹਨਾਂ ਵਲੋਂ ਪਿੰਡ ਲੈਵਲ ਤੇ ਤੈਨਾਤ ਕੀਤੇ ਗਏ ਕਲੱਸਟਰ ਅਫਸਰਾਂ ਅਤੇ ਪਿੰਡ ਲੈਵਲ ਨੋਡਲ ਅਫਸਰਾਂ ਨੂੰ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਸੁਚੱਜੀ ਸਾਂਭ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਸਬੰਧੀ ਸਖਤ ਨਿਰਦੇਸ਼ ਜਾਰੀ ਕੀਤੇ ਗਏ।ਉਹਨਾਂ ਕਿਹਾ ਕਿ ਤਹਿਸੀਲ/ਬਲਾਕ ਲ਼ੈਵਲ ਤੇ ਬਣਾਈਆਂ ਮੋਨੀਟਰਿੰਗ ਟੀਮਾਂ ਦੇ ਅਧਿਕਾਰੀਆਂ ਵਲੋਂ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਅਤੇ ਗੁਰਦੁਆਰਾ ਸਾਹਿਬ ਤੋਂ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਰੈਗੂਲਰ ਅਨਾਊਂਸਮੈਂਟਾਂ ਕਰਵਾਈਆਂ ਜਾਣ ਅਤੇ ਫੀਲਡ ਵਿੱਚ ਅੱਗ ਲੱਗਣ ਵਾਲੀ ਸਾਈਟ ਦਾ 24 ਘੰਟੇ ਦੇ ਅੰਦਰ-ਅੰਦਰ ਮੌਕੇ ਤੇ ਵਿਜਿਟ ਕਰਕੇ ਰਿਪੋਰਟ ਕੀਤੀ ਜਾਵੇ।