ਧਰਮਕੋਟ, 26 ਅਪ੍ਰੈਲ (ਲਿਕੇਸ਼ ਸ਼ਰਮਾ) : ਵੱਧ ਤੋਂ ਵੱਧ ਲੋਕਾਂ ਨੂੰ ਵੋਟ ਦੇ ਇਸਤੇਮਾਲ ਕਰਨ ਪ੍ਰਤੀ ਜਾਗਰੂਕ ਕਰਨ ਲਈ ਹਲਕਾ ਧਰਮਕੋਟ ਵਿੱਚ ਵੀ ਸਵੀਪ ਗਤੀਵਿਧੀਆਂ ਨਿਰੰਤਰ ਜਾਰੀ ਹਨ। ਅੱਜ ਪਿੰਡ ਦਾਤੇਵਾਲ, ਚੁੱਘਾ ਕਲਾਂ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਰੈਲੀ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਕੂਲਾਂ ਵਿੱਚ ਚੁਣਾਵ ਪਾਠਸ਼ਾਲਾ ਅਤੇ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਧਰਮਕੋਟ ਜ਼ਸਪਾਲ ਸਿੰਘ ਨੇ ਦੱਸਿਆ ਕਿ ਹਲਕਾ ਧਰਮਕੋਟ ਦੀ ਸਵੀਪ ਟੀਮ ਵੋਟ ਫੀਸਦੀ ਵਧਾਉਣ ਦੇ ਖੇਤਰ ਵਿੱਚ ਲਗਾਤਾਰ ਉਪਰਾਲੇ ਕਰ ਰਹੀ ਹੈ। ਅੱਜ ਦੀ ਰੈਲੀ ਨੂੰ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ। ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਨਾਅਰਿਆਂ ਨਾਲ ਇਹ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਉਨ੍ਹਾਂ ਦੱਸਿਆ ਕਿ ਵੋਟਾਂ ਪ੍ਰਤੀ ਜ਼ਮੀਨੀ ਪੱਧਰ ਦੀ ਜਾਗਰੂਕਤਾ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਵੀਪ ਟੀਮ ਵੱਲੋਂ ਲਗਾਤਾਰ ਲੋਕਾਂ ਵਿੱਚ ਵੋਟ ਦੇ ਲਾਜ਼ਮੀ ਇਸਤੇਮਾਲ ਕਰਨ ਦਾ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਸਵੀਪ ਟੀਮ ਵੱਲੋਂ ਨਵੀਆਂ ਵੋਟਾਂ ਦੇ ਫਾਰਮ ਵੀ ਭਰਵਾਏ ਗਏ। ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਵੋਟਰ ਪ੍ਰਣ ਵੀ ਲਿਆ ਗਿਆ ਕਿ ਉਹ ਸਾਰੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕਰਨ ਲਈ ਯੋਗਦਾਨ ਦੇਣਗੇ। ਸਕੂਲੀ ਵਿਦਿਆਰਥੀਆਂ ਦੇ ਵੋਟ ਨਾਲ ਸਬੰਧਤ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਜਿਸ ਤਹਿਤ ਵਿਦਿਆਰਥਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਹੱਥਾਂ ਉੱਪਰ ਮਹਿੰਦੀ ਨਾਲ ਸਲੋਗਨ ਲਿਖੇ।ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪੋਲਿੰਗ ਸਟੇਸ਼ਨਾਂ ਉੱਪਰ ਗਰਮੀ ਦੀ ਰੁੱਤ ਦੇ ਮੱਦੇਨਜ਼ਰ ਹਰ ਇੱਕ ਪ੍ਰਕਾਰ ਦੀ ਸਹੂਲਤ ਦਿੱਤੀ ਜਾਵੇਗੀ ਜਿਸ ਨਾਲ ਵੋਟਰ ਨੂੰ ਵੋਟ ਪਾਉਣ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੋਲਿੰਗ ਬੂਥਾਂ ਉੱਪਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਸ਼ਾਮਿਆਨੇ ਦਾ ਪ੍ਰਬੰਧ, ਸਿਹਤ ਸਹੂਲਤਾਂ, ਵੀਲ੍ਹ ਚੇਅਰ ਦੀ ਸਹੂਲਤ ਆਦਿ ਮੁਹੱਈਆ ਹੋਣਗੀਆਂ। ਇਸ ਤੋਂ ਇਲਾਵਾ ਪਿੰਕ, ਦਿਵਿਆਂਗ ਤੇ ਮਾਡਲ ਪੋਲਿੰਗ ਸਟੇਸ਼ਨ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਨਗੇ। ਇਸ ਮੌਕੇ ਦਿਵਿਆਂਗ ਵੋਟਰਾਂ ਲਈ ਸਹਾਈ ਸਕਸ਼ਮ ਐਪ, ਵੋਟਰ ਹੈਲਪਲਾਈਨ ਐਪ ਅਤੇ ਚੋਣਾਂ ਸਬੰਧੀ ਕਿਸੇ ਸ਼ਿਕਾਇਤ ਲਈ ਸੀ ਵਿਜ਼ਲ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ।