ਲੁਟੇਰੇ ਆਪਣੇ ਆਪ ਨੂੰ ਦੱਸ ਰਹੇ ਸਨ ਪੁਲਿਸ ਮੁਲਾਜ਼ਮ
ਜਗਰਾਓਂ, 7 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਜਗਰਾਉਂ ਇਲਾਕੇ ’ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਸੇ ਨੂੰ ਵੀ ਕਿਤੇ ਵੀ ਘੇਰ ਕੇ ਲੁੱਟ-ਖੋਹ ਕਰ ਲੈਂਦੇ ਹਨ। ਇਸ ਦੀ ਤਾਜ਼ਾ ਮਿਸਾਲ ਰਾਏਕੋਟ ਰੋਡ ’ਤੇ ਸਾਇੰਸ ਕਾਲਜ ਦੇ ਸਾਹਮਣੇ ਸਥਿਤ ਜੀਵਨ ਬਸਤੀ ’ਚ ਇਕ ਫੈਕਟਰੀ ਦੇ ਸਾਹਮਣੇ ਦੇਖਣ ਨੂੰ ਮਿਲੀ, ਜਿੱਥੇ ਮੋਟਰਸਾਈਕਲ ’ਤੇ ਆਪਣੇ ਇਕ ਦੋਸਤ ਨਾਲ ਆਪਣੇ ਪਿੰਡ ਕੋਠੇ ਪੋਨਾ ਨੂੰ ਜਾ ਰਹੇ ਸਮਨਦੀਪ ਸਿੰਘ ਢਿੱਲੋਂ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਘੇਰ ਲਿਆ। ਆਪਣੇ ਆਪ ਨੂੰ ਪੁਲਸ ਮੁਲਾਜ਼ਮ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਲੁਟੇਰਿਆਂ ਨੇ ਪਹਿਲਾਂ ਸਮਨਦੀਪ ਸਿੰਘ ਨੂੰ ਆਪਣੇ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਜਾਣ ਲਈ ਮਜਬੂਰ ਕੀਤਾ, ਪਰ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਪਾਇਆ ਹੋਇਆ ਚਾਂਦੀ ਦਾ ਕੜਾ ਅਤੇ ਚਾਂਦੀ ਲਦੀ ਮੁੰਦਰੀ ਖੋਹ ਲਈ ਅਤੇ ਉਸਦੀ ਜੇਬ ਵਿਚੋਂ ਚਾਰ ਸੌ ਰੁਪਏ ਕੱਢ ਲਏ। ਉਨ੍ਹਾਂ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਲੁਟੇਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਫੈਕਟਰੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਇਸ ਸਬੰਧੀ ਸਮਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਲੁੱਟ-ਖੋਹ ਦੀ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਸਿਟੀ ਗਿਆ ਸੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਜਿਸ ’ਤੇ ਉਹ ਐਸਐਸਪੀ ਦਫ਼ਤਰ ਪਹੁੰਚਿਆ ਅਤੇ ਐਸਐਸਪੀ ਕੋਲ ਪੇਸ਼ ਹੋ ਕੇ ਸ਼ਿਕਾਇਤ ਦਰਜ ਕਰਵਾਈ।