ਤਰਨ ਤਾਰਨ , 01 ਮਈ (ਵਿਕਾਸ ਮਠਾੜੂ – ਮੋਹਿਤ ਜੈਨ) : ਡਿਪਟੀ ਕਮਿਸ਼ਨਰ ਤਰਨ ਤਾਰਨ ਰਿਸ਼ੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸਮੁੱਚੇ ਪੰਜਾਬ ਸਰਕਾਰ ਦੇ ਅਦਾਰੇ 02 ਮਈ, 2023 ਦਿਨ ਮੰਗਲਵਾਰ ਨੂੰ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹਣਗੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਨਵੇਂ ਸਮੇਂ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਹੀ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ। ਇਹ ਸਮਾਂ ਸਾਰਣੀ 15 ਜੁਲਾਈ, 2023 ਤੱਕ ਲਾਗੂ ਰਹੇਗੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਇੰਨ੍ਹਾਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਤੇ ਜ਼ਿਲ੍ਹੇ ਦੇ ਦਫ਼ਤਰਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਵਿਭਾਗਾਂ ਦੇ ਜਿਲਾ ਮੁਖੀਆਂ ਨੂੰ ਨਿਰਦੇ਼ਸ਼ ਜਾਰੀ ਕੀਤੇ ਗਏ ਹਨ ਕਿ ਉਹ ਬਦਲੇ ਸਮੇਂ ਅਨੁਸਾਰ ਦਫ਼ਤਰਾਂ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਅਧਿਕਾਰੀ ਅਤੇ ਕਰਮਚਾਰੀ ਸਹਿਯੋਗ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਵਾ ਕਰਨਾ ਪਵੇ।ਸੇਵਾ ਕੇਂਦਰਾਂ ਦੇ ਸਮੇਂ ਬਾਰੇ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸਾਰੇ ਸੇਵਾ ਕੇਂਦਰ ਪਹਿਲਾਂ ਵਾਂਗ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਲੋਕਾਂ ਨੂੰ ਸੇਵਾਵਾਂ ਦੇਣਗੇ।