Home crime ਨਾਂ ਮੈਂ ਕੋਈ ਝੂਠ ਬੋਲਿਆ..?ਗੋਧਰਾ ਕਾਂਡ ’ਚ ਨਾਮਜ਼ਦ ਸਾਰੇ ਲੋਕ ਬਰੀ ਤਾਂ...

ਨਾਂ ਮੈਂ ਕੋਈ ਝੂਠ ਬੋਲਿਆ..?
ਗੋਧਰਾ ਕਾਂਡ ’ਚ ਨਾਮਜ਼ਦ ਸਾਰੇ ਲੋਕ ਬਰੀ ਤਾਂ ਅਸਲੀ ਦੋਸ਼ੀ ਕੌਣ ?
ਗਲਤ ਨੂੰ ਸਹੀ ਅਤੇ ਸਹੀ ਨੂੰ ਗਲਤ ਠਹਿਰਾਉਣ ਵਾਲੀ ਪੁਲਿਸ ਤੇ ਵੀ ਹੋਵੇ ਕਾਰਵਾਈ

48
0


ਗੁਜਰਾਤ ’ਚ ਗੋਧਰਾ ਅਗਨੀਕਾਂਡ ਤੋਂ ਬਾਅਦ ਅਹਿਮਦਾਬਾਦ ਦੇ ਨਰੋਡਾ ’ਚ ਹੋਏ ਦੰਗਿਆਂ ਦੇ ਨਾਲ-ਨਾਲ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਹੁਣ ਇਸ ਮਾਮਲੇ ਵਿਚ 21 ਸਾਲ ਤੋਂ ਇਨਸਾਫ ਮਿਲਣ ਦਾ ਇੰਤਜਾਰ ਕਰ ਰਹੇ ਪੀੜਤਾਂ ਦੇ ਜ਼ਖਮਾਂ ਤੇ ਲੂਣ ਦਾ ਛਿੜਕਾਵ ਹੋ ਗਿਆ ਹੈ। ਉਥੇ ਹੋਏ ਦੰਗਿਆਂ ਸੰਬੰਧੀ ਕੇਸਾਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਮਾਮਲੇ ’ਚ ਨਾਮਜ਼ਦ 86 ਲੋਕਾਂ ’ਚੋਂ 67 ਲੋਕਾਂ ਨੂੰ ਬਰੀ ਕਰ ਦਿੱਤਾ, ਜਦਕਿ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਾਬਰਮਤੀ ਟਰੇਨ ਅੱਗ ਦੀ ਘਟਨਾ ਤੋਂ ਬਾਅਦ 27 ਫਰਵਰੀ 2002 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਡੇ ਦੰਗੇ ਹੋਏ ਸਨ। ਉਨ੍ਹਾਂ ਦੰਗਿਆਂ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਐਸਆਈਟੀ ਵੱਲੋਂ ਕੀਤੀ ਗਈ ਸੀ। ਜਿਸ ਦੇ ਆਧਾਰ ’ਤੇ ਅਦਾਲਤ ਵੱਲੋਂ ਮੁਕੱਦਮੇ ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿੰਨਾਂ ਨੂੰ ਹੁਣ ਬਾਇੱਜਤ ਬਰੀ ਕਰ ਦਿੱਤਾ ਗਿਆ। ਇੱਥੇ ਵੱਡਾ ਸਵਾਲ ਇਹ ਹੈ ਕਿ ਉਸ ਸਮੇਂ ਟਰੇਨ ’ਚ ਜ਼ਿੰਦਾ ਸਾੜ ਦਿਤੇ ਗਏ ਅਤੇ ਦੰਗਿਆਂ ਵਿਚ ਮਾਰ ਦਿਤੇ ਗਏ ਲੋਕਾਂ ਦੇ ਅਸਲ ਦੋਸ਼ੀ ਕਿਧਰ ਚਲੇ ਗਏ ? ਅਦਾਲਤੀ ਕਾਰਵਾਈ ਦੌਰਾਨ 21 ਸਾਲ ਇਨਸਾਫ਼ ਦੀ ਉਡੀਕ ਕਰਦੇ ਹੋਏ ਲੋਕ ਬੁੱਢੇ ਹੋ ਗਏ। ਜਦੋਂ ਫੈਸਲਾ ਆਇਆ ਤਾਂ ਨਾਮਜ਼ਦ ਕੀਤੇ ਗਏ ਲੋਕ ਬਰੀ ਹੋ ਗਏ। ਇਥੇ ਹਰ ਕੋਈ ਇਹ ਸਵਾਲ ਕਰ ਰਿਹਾ ਹੈ ਕਿ ਫਿਰ ਅਸਲ ਦੋਸ਼ੀ ਕੌਣ ਹਨ। ਜਿਹੜੇ ਲੋਕ ਇੰਨੇ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਗਏ ਅਤੇ ਉਹ ਲੋਕ ਉਸੇ ਸਮੇਂ ਤੋਂ ਨਾ ਤਾਂ ਪੁਲਿਸ ਦੇ ਹੱਥ ਆਏ ਅਤੇ ਨਾ ਹੀ ਉਨ੍ਹੰ ਨੂੰ ਕਿਸੇ ਅਦਾਲਤ ਨੇ ਤਲਬ ਕੀਤਾ ਅਤੇ ਨਾ ਹੀ ਬਣਾਈ ਗਈ ਸਿਟ ਹੀ ਉਨ੍ਹਾਂ ਦੇ ਗਿਰੇਬਾਨ ਤੱਕ ਪਹੁੰਚ ਸਕੀ । ਜਿੰਨਾਂ ਲੋਕਾਂ ਨੂੰ ਸਿਟ ਵਲੋਂ ਨਾਮਜ਼ਦ ਕਰਕੇ ਅਦਾਲਤ ਤੱਕ ਪਹੁੰਚਾਇਆ ਗਿਆ ਉਨ੍ਹਾਂ ਸਾਰਿਆਂ ਨੂੰ ਹੀ ਅਦਾਲਤ ਨੇ ਬਰੀ ਕਰ ਦਿਤਾ। ਹੁਣ ਫਿਰ ਇਥੇ ਇਕ ਸਵਾਲ ਖੜਾ ਹੁੰਦਾ ਹੈ ਕਿ ਉਸ ਸਮੇਂ ਬਣਾਈ ਗਈ ਸਿਟ ਦੇ ਅਧਿਕਾਰੀਆਂ ਨੇ ਇੰਨੇ ਸਾਰੇ ਲੋਕਾਂ ਨੂੰ ਨਜਾਇਜ ਹੀ ਫਸਾ ਲਿਆ ਸੀ। ਹੁਣ ਉਹ ਸਾਰੇ ਲੋਕ ਅਦਾਲਤ ਵਲੋਂ ਬਰੀ ਹੋ ਚੁੱਕੇ ਹਨ ਤਾਂ ਅਸਲ ਦੋਸ਼ੀ ਕਦੋਂ ਕਟਹਿਰੇ ’ਚ ਖੜੇ ਹੋਣਗੇ? ਜਿਨ੍ਹਾਂ ਨੇ ਇਹ ਜਾਂਚ ਕਰਕੇ ਨਾਮਜ਼ਦ ਕੀਤਾ ਸੀ, ਉਹ ਅਧਿਕਾਰੀ ਹੁਣ ਖੁਦ ਜਾਂਚ ਦੇ ਦਾਇਰੇ ’ਚ ਨਹੀਂ ਆਉਂਦੇ ? ਉਨ੍ਹਾਂ ਨੇ ਗਲਤ ਰਿਪੋਰਟਾਂ ਕਿਉਂ ਅਤੇ ਕਿਵੇਂ ਤਿਆਰ ਕੀਤੀਆਂ ਅਤੇ ਇੰਨੇਂ ਲੋਕਾਂ ਨੂੰ ਨਾਮਜ਼ਦ ਕੀਤਾ, ਇਹ ਸਭ ਜਾਂਚ ਦਾ ਵਿਸ਼ਾ ਹੈ। ਪਰ ਇੱਕ ਗੱਲ ਤਾਂ ਤੈਅ ਹੈ ਕਿ ਦੇਸ਼ ਵਿਚ ਪੁਲਿਸ ਭਾਵੇਂ ਕਿਸੇ ਵੀ ਸੂਬੇ ਦੀ ਕਿਉਂ ਨਾ ਹੋਵੇ ਉਹ ਗਲਤ ਨੂੰ ਸਹੀ ਅਤੇ ਸਹੀ ਨੂੰ ਗਲਤ ਠਹਿਰਾਉਣ ਦੀ ਮੁਹਾਰਤ ਰੱਖਦੀ ਹੈ। ਇਥੇ ਪੈਸੇ ਦਾ ਬੋਲਬਾਲਾ ਹੈ ਜੇਕਰ ਤੁਹਾਡੇ ਪਾਸ ਪੈਸਾ ਅਤੇ ਪਹੁੰਚ ਨਹੀਂ ਹੈ ਤਾਂ ਤੁਸੀਂ ਸਹੀ ਹੁੰਦੇ ਹੋਏ ਵੀ ਦੋਸ਼ੀ ਗਰਦਾਨ ਦਿਤੇ ਜਾਓਗੇ ਅਤੇ ਦੋਸ਼ੀ ਹੋਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਬੱਸ ਤੁਹਾਡੇ ਪਾਸ ਪੈਸਾ ਅਤੇ ਪਹੁੰਚ ਹੋਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿੱਚ ਪੈਸੇ ਦੀ ਤਾਕਤ ਬਹੁਤ ਵੱਡੀ ਹੈ ਅਤੇ ਪੈਸੇ ਵਾਲੇ ਲੋਕ ਕਿਸੇ ਲਈ ਵੀ ਕੁਝ ਵੀ ਕਰ ਸਕਦੇ ਹਨ ਅਤੇ ਕਰਵਾ ਸਕਦੇ ਹਨ ਅਤੇ ਸਭ ਕੁਝ ਕਰਨ ਤੋਂ ਬਾਅਦ ਵੀ ਉਹ ਸਾਫ ਸੁਥਰੇ ਰਹਿੰਦੇ ਹਨ। ਜਿਸਦੀਆਂ ਅਨੇਕਾਂ ਮਿਸਾਲਾਂ ਹਰ ਥਾਂ ਦੇਖੀਆਂ ਜਾ ਸਕਦੀਆਂ ਹਨ। ਜੇਕਰ ਦੇਸ਼ ਵਿੱਚ ਇਨਸਾਫ਼ ਦੀ ਪ੍ਰਕਿਰਿਆ ਸਹੀ ਹੋਵੇ ਅਤੇ ਗਲਤ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ ਅਤੇ ਸਹੀ ਵਿਅਕਤੀ ’ਤੇ ਤਸ਼ੱਦਦ ਨਾ ਹੋਵੇ ਤਾਂ ਸਹੀ ਅਰਥਾਂ ਵਿੱਚ ਦੇਸ਼ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਕਿੱਥੇ ਬਣ ਸਕਦਾ ਹੈ। ਪਰ ਮੌਜੂਦਾ ਸਮੇਂ ਦੇ ਹਾਲਾਤ ਅਤੇ ਦੇਸ਼ ਅੰਦਰ ਅਮਨ-ਕਾਨੂੰਨ ਦੀ ਸਥਿਤੀ ਦੇਖ ਕੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਵੀ ਅਫਸੋਸ ਹੁੰਦਾ ਹੋਵੇਗਾ। ਜੇਕਰ 22 ਸਾਲਾਂ ਬਾਅਦ ਸਾਰੇ ਲੋਕਾਂ ਨੂੰ ਬਰੀ ਕਰਨ ਦਾ ਫੈਸਲਾ ਅਦਾਲਤ ਵਲੋਂ ਸੁਣਾਇਾ ਗਿਆ ਹੈ ਤਾਂ ਇਥੇ ਅਦਾਲਤ ਨੂੰ ਇਕ ਹੋਰ ਨਿਰਦੇਸ਼ ਵੀ ਦੇਣੇ ਚਾਹੀਦੇ ਹਨ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਉਸ ਸਮੇਂ ਪੁਲਿਸ ਸਹੀ ਦੋਸ਼ੀਆਂ ਦੇ ਤੱਕ ਕਿਉਂ ਨਹੀਂ ਪਹੁੰਚ ਸਕੀ, ਪੁਲਿਸ ਨੇ ਗਲਤ ਲੋਕਾਂ ਨੂੰ ਕਿਉਂ ਫਸਾਇਆ। ਇਸ ਮਾਮਲੇ ਦੀ ਜਾਂਚ ਕਰਨ ਵਾਲੇ ਸਾਰੇ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ ਤਾਂ ਜੋ ਦੁਬਾਰਾ ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲੇ ਅਤੇ ਦੋਸ਼ੀ ਸਜ਼ਾ ਤੋਂ ਬਚ ਨਾ ਸਕੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here