ਜਗਰਾਉਂ, 21 ਅਪ੍ਰੈਲ ( ਰਾਜੇਸ਼ ਜੈਨ )-ਡਿਪਟੀ ਕਮਿਸ਼ਨਰ ਵਲੋਂ ਪ੍ਰਾਪਰਟੀ ਦੇ ਕੁਲੈਕਟਰ ਰੇਟ ਨੂੰ ਸੋਧਣ ਲਈ ਪੱਤਰ ਲਿਖ ਕੇ ਜਾਰੀ ਕੀਤੇ ਗਏ ਹੁਕਮਾਂ ਦੇ ਸਬੰਧ ਵਿੱਚ ਸਬ-ਰਜਿਸਟਰਾਰ ਜਗਰਾਉਂ ਨੇ ਅੱਜ ਪਟਵਾਰੀਆਂ, ਅਰਜੀ ਨਵੀਸ ਅਤੇ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ। ਤਹਿਸੀਲਦਾਰ ਮਨਮੋਹਨ ਕੌਸ਼ਿਕ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਰੀਡਰ ਵਿਜੇ ਸ਼ਰਮਾ, ਹਲਕਾ ਪਟਵਾਰੀ ਮਲਕ, ਬੋਦਲਵਾਲਾ, ਅਗਵਾੜ ਲਧਾਈ, ਅਗਵਾੜ ਪੋਨਾ, ਅਗਵਾੜ ਗੁੱਜਰਾਂ 1,2,3 ਅਤੇ ਅਗਵਾੜ ਖਵਾਜਾ ਬਾਜੂ ਦੇ ਪਟਵਾਰੀ, ਡੀਡ ਰਾਈਟਰ ਰਾਹੁਲ ਗੁਪਤਾ, ਰੋਮੀ , ਡੀਲਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਤੀਸ਼ ਅਰੋੜਾ ਦੀ ਅਗਵਾਈ ਹੇਠ ਰਿਤੇਸ਼ ਭੱਟ, ਜਗਮੋਹਨ ਭੰਡਾਰੀ, ਅਨਿਲ ਕੁਮਾਰ, ਸੋਨੂੰ, ਰਾਮਦਾਸ, ਰਾਜਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਹਿਸੀਲਦਾਰ ਵੱਲੋਂ ਕੁਲੈਕਟਰ ਰੇਟਾਂ ਵਿੱਚ ਥੋੜ੍ਹਾ ਵਾਧਾ ਕਰਨ ਦੀ ਤਜਵੀਜ਼ ਰੱਖੀ ਗਈ। ਇਸ ਦਾ ਵਿਰੋਧ ਕਰਦਿਆਂ ਡੀਲਰ ਐਸੋਸੀਏਸ਼ਨ ਨੇ ਕਿਹਾ ਕਿ ਜਗਰਾਓ ਵਿੱਚ ਪ੍ਰਾਪਰਟੀ ਦੇ ਕੁਲੈਕਟਰ ਰੇਟ ਪਹਿਲਾਂ ਹੀ ਜ਼ਿਆਦਾ ਹਨ। ਜਿਸ ਕਾਰਨ ਜਾਇਦਾਦ ਦੀ ਖਰੀਦੋ-ਫਰੋਖਤ ਦਾ ਕੰਮ ਹੌਲੀ ਚੱਲ ਰਿਹਾ ਹੈ। ਇਸ ਲਈ ਹੁਣ ਪ੍ਰਾਪਰਟੀ ਦੇ ਕੁਲੈਕਟਰ ਰੇਟ ਵਿੱਚ ਵਾਧਾ ਕਰਨਾ ਉਚਿਤ ਨਹੀਂ ਹੋਵੇਗਾ।