ਪਟਿਆਲਾ, 27 ਅਪ੍ਰੈਲ (ਰੋਹਿਤ ਗੋਇਲ – ਸੰਜੀਵ) : ਪੀਆਰਟੀਸੀ ਦੀ ਲੋਕਲ ਬੱਸ ’ਤੇ ਡਿਊਟੀ ਕਰ ਰਹੇ ਕੰਡਕਟਰ ਗੁਰਪ੍ਰੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੰਡਕਟਰ ਗੁਰਪ੍ਰੀਤ ਸਿੰਘ (ਸੀਐੱਚ-80) ਪੀਆਰਟੀਸੀ ਦੀ ਲੋਕਲ ਬੱਸ ਨੰਬਰ 5571 ’ਤੇ ਕੰਡਕਟਰ ਦੀ ਡਿਊਟੀ ਕਰਦਾ ਸੀ। ਸ਼ਨੀਵਾਰ ਸਵੇਰੇ 6 ਵਜੇ ਡਿਊਟੀ ’ਤੇ ਆਇਆ ਸੀ ਤੇ ਦੋ ਗੇੜੇ ਲਗਾਉਣ ਤੋਂ ਬਾਅਦ ਜਦੋਂ ਮੁੜ ਰੂਟ ’ਤੇ ਜਾਣ ਲੱਗਿਆ ਤਾਂ ਅਚਾਨਕ ਉਸਦੀ ਛਾਤੀ ’ਚ ਤੇਜ਼ ਦਰਦ ਹੋਣ ਕਾਰਨ ਉਸਨੂੰ ਪਟਿਆਲਾ ਦੇ ਇੱਕ ਨਿਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਘਟਨਾ ਦਾ ਪਤਾ ਲੱਗਣ ’ਤੇ ਪੀਆਰਟੀਸੀ-ਪਨ ਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੇ ਅਜਾਦ ਯੂਨੀਅਨ ਵੱਲੋਂ ਪੀਆਰਟੀਸੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਜਾਂ ਬੱਚਿਆਂ ਨੂੰ ਮੁਆਵਜ਼ਾ ਜਾਂ ਨੌਕਰੀ ਦੀ ਮੰਗ ਰੱਖੀ ਹੈ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਪਰਿਵਾਰ ਦੀ ਮਦਦ ਨਾ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਕੰਡਕਟਰ ਗੁਰਪ੍ਰੀਤ ਸਿੰਘ ਗਰੀਬ ਪਰਿਵਾਰ ਨਾਲ ਸਬੰਧਿਤ ਸੀ ਜਿਸਦੇ ਸਿਰਫ਼ ਦੋ ਛੋਟੀਆਂ ਬੇਟੀਆਂ ਹਨ। ਘਰ ਦਾ ਗੁਜ਼ਾਰਾ ਉਸਦੀ ਤਨਖਾਹ ਦੇ ਸਿਰ ’ਤੇ ਹੀ ਚਲਦਾ ਸੀ। ਉਹ 8 ਸਾਲ ਬਾਅਦ ਕੋਰਟ ਕੇਸ ਰਾਹੀਂ ਦੁਬਾਰਾ ਪੀਆਰਟੀਸੀ ’ਚ ਪਿਛਲੇ ਲਗਪਗ 2 ਸਾਲ ਪਹਿਲਾਂ ਮੁੜ ਜੁਆਇਨ ਹੋਇਆ ਸੀ ਤੇ ਸ਼ਹਿਰ ’ਚ ਚੱਲਦੀ ਲੋਕਲ ਬੱਸ ’ਤੇ ਡਿਊਟੀ ਦੇ ਰਿਹਾ ਸੀ।