ਲੁਧਿਆਣਾ, 27 ਅਪ੍ਰੈਲ ( ਭਗਵਾਨ ਭੰਗੂ, ਅਸ਼ਵਨੀ)-ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਸੀਟਾਂ ਕੇ ਕਾਂਗਰਸ ਹੁਣ ਤੱਕ ਪੂਰੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰ ਸਕੀ। ਜਿੰਨਾ ਸੀਟਾਂ ਤੇ ਜਿਆਦਾ ਪੇਚ ਫਸਿਆ ਹੋਇਆ ਹੈ ਉਨ੍ਹਾਂ ਵਿੱਚ ਇਕ ਸੀਟ ਲੁਧਿਆਣਾ ਦੀ ਵੀ ਹੈ। ਇਥੋਂ ਸੰਸਦ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਚਲੇ ਜਾਣ ਕਾਰਣ ਹੁਣ ਕਾਂਗਰਸ ਨਵੇਂ ਪ੍ਰਭਾਵੀ ਉਮੀਦਵਾਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਲੁਧਿਆਣਾ ਦੀ ਲੋਕਲ ਲੀਡਰਸ਼ਿਪ ਵਿਚਕਾਰ ਆਪਸੀ ਭਾਰੀ ਮਤਭੇਦ ਅਤੇ ਵਿਰੋਧਤਾ ਨੂੰ ਦੇਖਦੇ ਹੋਏ ਹੁਣ ਕਾਂਗਰਸ ਹਾਈਕਮਾਂਡ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਇਸ ਫੈਸਲੇ ਨਾਲ ਪਾਰਟੀ ਇਕ ਤੀਰ ਨਾਲ ਕਈ ਨਿਸ਼ਾਨੇ ਸਫਲਤਾਪੂਰਵਕ ਸਾਧ ਲਏਗੀ। ਬਠਿੰਡਾ ਤੋਂ ਰਾਜਾ ਵੜਿੰਗ ਦੀ ਪਤਨੀ ਨੂੰ ਪਹਿਲਾਂ ਤਿਆਰੀ ਲਈ ਕਿਹਾ ਗਿਆ ਸੀ ਪਰ ਮੌਕੇ ਤੇ ਹੋਰ ਕਿਸੇ ਨੂੰ ਟਿਕਟ ਦੇ ਦਿੱਤੀ ਗਈ , ਜਿਸ ਕਾਰਨ ਥੋੜਾ ਨਿਰਾਸ਼ ਹੋਏ ਰਾਜਾ ਵੜਿੰਗ ਫਿਰ ਤੋਂ ਸਰਗਰਮ ਹੋਣਗੇ। ਲੁਧਿਆਣਾ ਲੀਡਰਸ਼ਿਪ ਵਿੱਚ ਵਿਰੋਧ ਖਤਮ ਹੋਵੇਗਾ ਅਤੇ ਵੜਿੰਗ ਲੁਧਿਆਣਾ ਤੋਂ ਪੂਰੀ ਸਖਤ ਟੱਕਰ ਦੇਣ ਦੇ ਸਮਰੱਥ ਹਨ ਅਤੇ ਸੀਟ ਨਿਕਲਣ ਦੀ ਪ੍ਰਬਲ ਸੰਭਾਵਨਾ ਹੈ। ਗੌਰਤਲਬ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਨੇ 13 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਓਥੇ ਹੀ ਕਾਂਗਰਸ ਪਾਰਟੀ ਅਜੇ ਵੀ ਆਪਣੇ ਉਮੀਦਵਾਰਾਂ ਦੇ ਨਾਵਾਂ ਤੇ ਉਲਝੀ ਹੋਈ ਹੈ। ਲੁਧਿਆਣਾ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਹਾਈਕਮਾਂਡ ਵਲੋਂ ਚੋਣ ਲੜਨ ਦੀ ਤਿਆਰੀ ਕਰਨ ਬਾਰੇ ਕਿਹਾ ਗਿਆ ਸੀ ਪਰ ਜਾਣਕਾਰੀ ਹੈ ਕਿ ਬੀਤੀ ਰਾਤ ਕਾਂਗਰਸੀ ਹਾਈਕਮਾਂਡ ਵਲੋਂ ਆਪਣਾ ਫੈਸਲਾ ਬਦਲ ਦਿੱਤਾ ਗਿਆ। ਇਸਦਾ ਐਲਾਨ ਵੀ ਕੁਝ ਦੇਰ ਵਿਚ ਹੀ ਹੋਣ ਦੀ ਚਰਚਾ ਹੈ।