ਕਰੋਨਾ ਵੈਕਸੀਨੇਸ਼ਨ ਸਾਇਡ ਇਫੈਕਟ ਦਾ ਸ਼ੋਰ
ਪਿਛਲੇ ਸਮੇਂ ਵਿੱਚ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਹਿਲਕਾ ਮਚਾਇਆ। ਜਿਸ ਨਾਲ ਲੱਖਾਂ ਲੋਕਾਂ ਦੀ ਮੌਤ ਹੋਈ ਅਤੇ ਕਰੋੜਾਂ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਬੈਠੇ। ਸਾਰੇ ਵਿਕਸਤ ਦੇਸ਼ਾਂ ਨੇ ਜਲਦੀ ਹੀ ਕੋਰੋਨਾ ਵਾਇਰਸ ਵਿਰੁੱਧ ਨੈਕਸੀਨੇਸ਼ਨ ਦੀ ਖੋਜ਼ ਲਈ ਦਿਨ ਰਾਤ ਇਕ ਕਰਕੇ ਕੋਸ਼ਿਸ਼ ਕੀਤੀ ਅਤੇ ਵੈਕਸੀਨੇਸ਼ਨ ਤਿਆਰ ਕਰਕੇ ਬਾਜ਼ਾਰ ਵਿਚ ਉਪਲਬਧ ਕਰਵਾਈ ਗਈ। ਉਸ ਸਮੇਂ ਪੂਰੀ ਦੁਨੀਆਂ ਅੰਦਰ ਪੂਰੀ ਤੇਜੀ ਨਾਲ ਦੇਸ਼ਾਂ ਵਿਚ ਲੋਕਾਂ ਦੇ ਵੈਕਸੀਨੇਸ਼ਨ ਲਗਾਉਣ ਦਾ ਕੰਮ ਸ਼ੁਰੂ ਕੀਤਾ। ਉਸ ਸਮੇਂ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਗਵਾਇਆ ਸੀ, ਉਨ੍ਹਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਜਿਸ ਕਾਰਨ ਉਨ੍ਹਾਂ ਨੂੰ ਵੀ ਟੀਕਾਕਰਨ ਕਰਵਾਉਣਾ ਪਿਆ। ਇੰਨਾ ਹੀ ਨਹੀਂ ਵਿਦੇਸ਼ ਜਾਣ ਲਈ ਏਅਰਪੋਰਟ ’ਤੇ ਹੀ ਟੀਕਾਕਰਨ ਦਾ ਸਰਟੀਫ਼ਿਕੇਟ ਦੇਖਿਆ ਜਾ ਰਿਹਾ ਸੀ। ਹੁਣ ਜਦੋਂ ਦੁਨੀਆ ’ਚ ਕਿਤੇ ਵੀ ਕੋਰੋਨਾ ਦਾ ਕੋਈ ਕੇਸ ਨਹੀਂ ਅਤੇ ਨਾ ਹੀ ਕੋਈ ਸ਼ੋਰ ਹੈ ਤਾਂ ਅਜਿਹੇ ਸਮੇਂ ਵਿਚ ਹੁਣ ਕਰੋਨਾ ਵਾਇਰਸ ਨਾਲੋਂ ਵੀ ਗੰਭੀਰ ਸ਼ੋਰ ਇਸ ਗੱਲ ਦਾ ਪੈ ਰਿਹਾ ਹੈ ਕਿ ਕੋਵਿਸ਼ਿਲਡ ਨਾਮਕ ਕੋਰੋਨਾ ਵੈਕਸੀਨੇਸ਼ਨ ਨਾਲ ਲੋਕ ਦਿਲ ਦੇ ਦੌਰੇ ਅਤੇ ਖੂਨ ਦੇ ਜੰਮਣ ਅਤੇ ਘੱਟ ਪਲੇਟਲੇਟ ਕਾਉਂਟ ਵਰਗੇ ਲੱਛਣਾਂ ਦੇ ਕਾਰਨ ਮੌਤ ਦੇ ਮੂੰਗ ਵਿਚ ਜਾ ਰਹੇ ਹਨ। ਇਹ ਵੈਕਸੀਨੇਸ਼ਨ ਦੀ ਨਿਰਮਾਤਾ ਐਸਟਰਾਜ਼ੇਨੇਕਾ ਨੇ ਇਹ ਐਲਾਨ ਕੀਤਾ ਹੈ ਕਰੋਨਾ ਵੈਕਸੀਨੇਸ਼ਨ ਕੋਵਿਸ਼ਿਲਡ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ। ਯੂਕੇ ਹਾਈ ਕੋਰਟ ਵਿੱਚ ਆਪਣੇ ਕਬੂਲਨਾਮੇ ਵਿਚ ਕੰਪਨੀ ਨੇ ਮੰਨਿਆ ਕਿ ਟੀਕਾਕਰਣ ਤੋਂ ਬਾਅਦ, ਖੂਨ ਦੇ ਥੱਕੇ ਬਣਨ ਅਤੇ ਪਲੇਟਲੇਟ ਦੀ ਘਟਨਾ ਵਰਗੇ ਮਾੜੇ ਪ੍ਰਭਾਵਾਂ ਦਾ ਖ਼ਤਰਾ ਹੈ। ਜੋ ਕਿ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦਾ ਹੈ। ਕੰਪਨੀ ਦੇ ਕਬੂਲਨਾਮੇ ਅਨੁਸਾਰ ਹੁਣ ਸਾਹਮਣੇ ਆਈ ਇਸ ਰਿਪੋਰਟ ਨੇ ਪੂਰੀ ਦੁਨੀਆ ’ਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਜਿੱਥੇ ਦੁਨੀਆ ਭਰ ’ਚ ਇਹ ਟੀਕਾਕਰਨ ਕੀਤਾ ਗਿਆ ਹੈ, ਉਥੇ ਭਾਰਤ ’ਚ ਸਭ ਤੋਂ ਜ਼ਿਆਦਾ ਟੀਕਾਕਰਨ ਹੋਇਆ ਹੈ। ਉਸਤੋਂ ਬਾਅਦ ਦੁਨੀਆਂ ਭਰ ਵਿਚ ਅਚਾਨਕ ਦਿਲ ਦੇ ਦੌਰੇ ਕਾਰਨ ਨੌਜਵਾਨਾਂ ਦੀ ਮੌਤ ਦੇ ਮਾਮਲਿਆਂ ’ਚ ਹੈਰਾਨੀਜਨਕ ਵਾਧਾ ਹੋਇਆ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਜਿਸ ਰਫ਼ਤਾਰ ਨਾਲ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਕੋਰੋਨਾ ਟੀਕਾਕਰਨ ਕਰਵਾਇਆ ਹੈ, ਕੀ ਕੇਂਦਰ ਸਰਕਾਰ ਇਸ ਟੀਕੇ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਉਸੇ ਤੇਜੀ ਨਾਲ ਕੋਈ ਕਦਮ ਚੁੱਕੇਗੀ, ਕਿਉਂਕਿ ਕੋਰੋਨਾ ਦੇ ਸਾਇਡ ਇਫੈਕਟ ਨਾਲ ਸਾਇਲੈਂਟ ਹਾਰਟ ਅਟੈਕ, ਬ੍ਰੇਨ ਹੈਮਰੇਜ ਦੇ ਕੇਸ ਸਾਹਮਣੇ ਆ ਰਹੇ ਹਨ ਅਤੇ ਇਨ੍ਹਾਂ ਵਿੱਚ ਮੌਤ ਦਰ ਬਹੁਤ ਜ਼ਿਆਦਾ ਹੈ। ਟੀਕਾਕਰਨ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਇਸ ਦੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਨ ਲਈ ਸਰਕਾਰ ਵਲੋਂ ਕੀ ਕਦਮ ਉਠੇਏ ਗਏ ਜਾਂ ਉਠਾਏ ਜਾਣਗੇ ਉਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਲਈ ਇਸ ਮਾਮਲੇ ਵਿਚ ਤੁਰੰਤ ਪ੍ਰਭਾਵੀ ਕਦਮ ਚੁੱਕ ਕੇ ਇਹ ਜਨਤਕ ਕਰਨਾ ਚਾਹੀਦਾ ਹੈ ਕਿ ਸਰਕਾਰ ਇਸ ਮਾਮਲੇ ਵਿਚ ਕੀ ਕਰ ਰਹੀ ਹੈ ਅਤੇ ਲੋਕਾਂ ਨੂੰ ਇਸ ਤੋਂ ਕਿਵੇਂ ਬਚਾਇਆ ਜਾਵੇਗਾ। ਕਿਸੇ ਵੀਸਮੇਂ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਉਸਦੀ ਰੋਕਥਾਮ ਲਈ ਵੈਕਸੀਨੇਸ਼ਨ ਤਿਆਰ ਕਰਨ ਲਈ ਉਸਨੂੰ ਕਈ ਤਰ੍ਹਾਂ ਦੀ ਪ੍ਰਕ੍ਰਿਆ ਵਿਚ ਲੰਘਾਇਆ ਜਾਂਦਾ ਹੈ ਅਤੇ ਉਸ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਕਈ ਕਈ ਸਾਲ ਦਾ ਸਮਾਂ ਲੱਗ ਜਾਂਦਾ ਹੈ। ਉਸਦੇ ਚੰਗੇ ਮਾੜੇ ਪ੍ਰਭਾਵ ਦੇਖ ਕੇ ਸਾਰੇ ਮਾਨਦੰਡ ਪੂਰੇ ਗੋਣ ਉਪਰੰਤ ਹੀ ਉਸਨੂੰ ਜਨਤਕ ਕੀਤਾ ਜਾਂਦਾ ਹੈ। ਪਰ ਸਮੇਂ ਦੀ ਲੋੜ ਅਨੁਸਾਰ ਕੋਰੋਨਾ ਲੈਕਸੀਨੇਸ਼ਨ ਦਾ ਨਿਰਮਾਣ ਬਹੁਤ ਘੱਟ ਸਮੇਂ ਵਿੱਚ ਕੀਤਾ ਗਿਆ ਹੈ। ਉਸਤੋਂ ਬਾਅਦ ਬੜੀ ਤੇਜੀ ਨਾਲ ਇਸਨੂੰ ਲਗਾਇਆ ਗਿਆ। ਇਸ ਲਈ ਇਸਦੇ ਮਾੜੇ ਪ੍ਰਭਾਵ ਤੁਰੰਤ ਸਾਹਮਣੇ ਨਹੀਂ ਆ ਸਕੇ। ਪਰ ਹੁਣ ਸਮਾਂ ਪੈ ਕੇ ਇਸਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਅਤੇ ਤਿਆਰ ਕਰਨ ਵਾਲੀ ਕੰਪਨੀ ਵਲੋਂ ਵੀ ਇਸਨੂੰ ਕਬੂਲ ਕਰ ਲੈਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਰੋਨਾ ਵੈਕਸੀਨੇਸ਼ਨ ਦੇ ਸਾਈਡ ਇਫੈਕਟ ਨੂੰ ਰੋਕਣ ਲਈ ਕੀ ਅਤੇ ਕਿੰਨੀ ਤੇਜ਼ੀ ਨਾਲ ਕਦਮ ਚੁੱਕਦੀ ਹੈ।
ਹਰਵਿੰਦਰ ਸਿੰਘ ਸੱਗੂ।