21 ਮਈ ਦੀ ਜਗਰਾਂਓ ਕਿਸਾਨ ਮਹਾ ਪੰਚਾਇਤ ਇਤਿਹਾਸਕਾਰ ਹੋਵੇਗੀ
ਜਗਰਾਓ, 2 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਭਾਜਪਾ ਦੇ ਹਲਕਾ ਲੁਧਿਆਣਾ ਦੇ ਲੋਕਸਭਾ ਦੇ ਉਮੀਦਵਾਰ ਬਿੱਟੂ ਨੇ ਗੁਰੂਦੁਆਰਾ ਨਾਨਕਸਰ ਵਿਖੇ ਮੱਥਾ ਟੇਕਣ ਉਪਰੰਤ ਇਲਾਕੇ ਦੇ ਕੁਝ ਪਿੰਡਾਂ ਚ ਪ੍ਰਚਾਰ ਕਰਨ ਲਈ ਜਾਣਾ ਸੀ। ਇਸ ਦੀ ਭਿਣਕ ਲੱਗਣ ਤੇ ਇਲਾਕੇ ਦੇ ਕਿਸਾਨਾਂ ਮਰਦ ਅੋਰਤਾਂ ਨੇ ਡੱਲਾ ਨਹਿਰ ਦੇ ਪੁੱਲ ਤੇ ਨਾਕਾ ਲਗਾ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਇਕੱਤਰ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਹਿਦਾਇਤ ਮੁਤਾਬਿਕ ਪਿੰਡਾਂ ਚ ਦਾਖਲ਼ਾ ਬੰਦ ਕਰਨ ਦੇ ਐਲਾਨ ਮੁਤਾਬਿਕ ਇਹ ਵਿਰੋਧ ਲਾਮਬੰਦ ਕੀਤਾ ਸੀ। ਇਸ ਸਮੇਂ ਕਿਸਾਨ ਲਗਾਤਾਰ ਛੇਘੰਟੇ ਡੱਲਾ ਨਹਿਰ ਦੇ ਪੁਲ ਤੇ ਡਟੇ ਰਹੇ ਤੇ ਨਾਹਰੇਬਾਜ਼ੀ ਕਰਦੇ ਰਹੇ। ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂਆਂ ਤਰਸੇਮ ਸਿੰਘ ਬੱਸੂਵਾਲ , ਪਾਲ ਸਿੰਘ ਨਵਾਂ ਡੱਲਾ, ਕੁਲਵਿੰਦਰ ਸਿੰਘ ਡੱਲਾ, ਸੁਰਜੀਤ ਸਿੰਘ ਦਾਉਧਰ, ਕੁਲਦੀਪ ਸਿੰਘ ਕਾਉਂਕੇ ਆਦਿ ਆਗੂਆਂ ਨੇ ਕਿਹਾ ਕਿ ਜਿਸ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਦਿੱਲੀ ਐੰਟਰੀ ਬੰਦ ਕੀਤੀ ਸੀ ਹੁਣ ਕਿਸਾਨਾਂ ਨੇ ਓੁਨਾਂ ਦੀ ਅਪਣੇ ਪਿੰਡਾਂ ਚ ਐੰਟਰੀ ਬੈਨ ਕਰ ਦਿੱਤੀ ਹੈ। ਉੱਨਾਂ ਕਿਹਾ ਕਿ ਦਿੱਲੀ ਸੰਘਰਸ਼ ਦੇ ਖਾਤਮੇ ਸਮੇਂ ਭਾਜਪਾ ਸਰਕਾਰ ਨੇ ਐਮ ਐਸ਼ ਪੀ ਦੇਣ ਦਾ ਲਿਖਤੀ ਵਾਦਾ ਦਿਤਾ ਸੀ ਜਿਸ ਤੋ ਕਿ ਉਹ ਮੁੱਕਰ ਚੁੱਕੀ ਹੈ। ਲਖੀਮਪੁਰ ਖੀਰੀ ਦਾ ਕਾਤਲ ਬਾਹਰ ਘੁੰਮ ਰਿਹਾ ਹੈ. ਅਸਲ ਦੋਸ਼ੀ ਅਜੈ ਮਿਸ਼ਰਾ ਟੈਨੀ ਭਾਜਪਾ ਵੱਲੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ। ਕਾਰਪੋਰੇਟਾਂ ਦੀ ਏਜੰਟ ਬਣੀ ਭਾਜਪਾ ਦੇਸ਼ ਨੂੰ ਵੇਚ ਰਹੀ ਹੈ। ਉੱਨਾਂ ਕਿਹਾ ਕਿ ਆਮ ਲੋਕਾਂ ਚੋ ਭਲ਼ ਗੁਆ ਚੁੱਕਾ ਮੋਦੀ ਦਲਬਦਲੂਆਂ ਦੇ ਸਿਰ ਤੇ ਸ਼ਾਹ ਘੜੀਸ ਰਿਹਾ ਹੈ। ਉੱਨਾਂ ਕਿਹਾ ਕਿ ਦੂਜੀਆਂ ਵੋਟ ਪਾਰਟੀਆਂ ਨੂੰ ਵੀ ਪਿੰਡਾਂ ਚ ਆਉਣ ਤੇ ਸਵਾਲ ਕੀਤੇ ਜਾਣਗੇ।
ਕਿਸਾਨਾਂ ਦੇ ਸੜਕ ਅਤੇ ਪੁਲ਼ ਘੇਰਨ ਕਾਰਨ ਬਿੱਟੂ ਲੋਕ ਰੋਹ ਤੋ ਡਰਦਾ ਬੇਰੰਗ ਵਾਪਸ ਪਰਤਣ ਲਈ ਮਜਬੂਰ ਹੋਇਆ। ਉੱਨਾਂ ਕਿਹਾ ਕਿ 21 ਮਈ ਦੀ ਮੋਰਚੇ ਦੀ ਕਿਸਾਨ ਮਹਾ ਪੰਚਾਇਤ ਭਾਜਪਾ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦਾ ਮੁੰਹ ਤੋੜ ਜਵਾਬ ਹੋਵੇਗੀ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਆਗੂ ਅਵਤਾਰ ਸਿੰਘ ਤਾਰੀ, ਸੁਖਦੇਵ ਸਿੰਘ ਮਾਣੂਕੇ ਆਦਿ ਮਜ਼ਦੂਰ ਆਗੂ ਹਾਜ਼ਰ ਸਨ। ਡੀ ਐਸ ਪੀ ਰਾਏਕੋਟ ਰਛਪਾਲ ਸਿੰਘ ਢੀੰਡਸਾ ਨੇ ਬਿਟੂ ਵੱਲੋਂ ਪਿੰਡਾਂ ਦਾ ਦੋਰਾ ਰੱਦ ਕਰਨ ਦੀ ਪੁਸ਼ਟੀ ਕੀਤੀ ।