ਬਠਿੰਡਾ(ਰੋਹਿਤ ਗੋਇਲ)ਬਠਿੰਡਾ ਲੋਕ ਸਭਾ ਹਲਕੇ ਤੋਂ ਮੁੜ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਰਹੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਗੋਦ ਲਏ ਪਿੰਡ ਬਦਿਆਲਾ ਦਾ ਮੰਦਾ ਹਾਲ ਹੈ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਪਿੰਡ ਗੋਦ ਲਏ ਜਾਣ ਤੋਂ ਬਾਅਦ ਲੋਕਾਂ ਨੂੰ ਇਸ ਦੇ ਸਰਬਪੱਖੀ ਵਿਕਾਸ ਦੀ ਆਸ ਬੱਝੀ ਸੀ, ਪਰ ਮੁੜ ਉਨ੍ਹਾਂ ਇਸ ਪਿੰਡ ਦੀ ਸਾਰ ਨਹੀਂ ਲਈ।ਜ਼ਿਕਰਯੋਗ ਹੈ ਕਿ ਇਹ ਪਿੰਡ ਬਦਿਆਲਾ ਇਤਿਹਾਸਕ ਪਿੰਡ ਹੈ। ਇਸ ਪਿੰਡ ਵਿਚ ਪੰਜਾਬੀ ਸੂਬੇ ਦੇ ਜਨਮ ਦਾਤਾ ਸੰਤ ਫਤਿਹ ਸਿੰਘ ਦਾ ਜਨਮ ਹੋਇਆ, ਜਿੱਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਤਪ ਅਸਥਾਨ ਸਾਹਿਬ ਸੁਸ਼ੋਭਿਤ ਹੈ। ਵਿਕਾਸ ਪੱਖੋਂ ਪਿੰਡ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਕਹੇ ਜਾ ਸਕਦੇ। ਸਿਹਤ ਅਤੇ ਸਿੱਖਿਆ ਸਹੂਲਤਾਂ ਪੱਖੋਂ ਪਿੰਡ ਕਾਫ਼ੀ ਪਿੱਛੇ ਚੱਲ ਰਿਹਾ ਹੈ। ਟੇਲਾਂ ’ਤੇ ਹੋਣ ਕਾਰਨ ਪਿੰਡ ਵਿਚ ਨਹਿਰੀ ਪਾਣੀ ਦੀ ਕਾਫ਼ੀ ਘਾਟ ਹੈ। ਵਾਟਰ ਵਰਕਸ ਦਾ ਵੀ ਮੰਦਾ ਹਾਲ ਹੈ। ਸੰਤ ਫ਼ਤਿਹ ਸਿੰਘ ਦਾ ਪਿੰਡ ਹੋਣ ਦੇ ਨਾਤੇ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ, ਓਨਾ ਨਹੀਂ ਹੋ ਸਕਿਆ। ਇਸ ਕਾਰਨ ਪਿੰਡ ਦੇ ਲੋਕਾਂ ਨੂੰ ਗਿਲਾ ਹੈ ਕਿ ਅਕਾਲੀ ਦਲ ਦੀ ਸਰਕਾਰ ਦੇ ਨਾਲ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਪਿੰਡ ਦੀ ਸਾਰ ਨਹੀਂ ਲਈ।