ਭਾਰਤੀ ਦੂਤਾਵਾਸ ਦੇ ਦਖਲ ਕਾਰਨ ਵਾਪਸ ਪਰਤੀ
ਜਗਰਾਉਂ, 5 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ )-ਨੌਜਵਾਨ ਵਰਗ ਦੀ ਵਿਦੇਸ਼ਾਂ ਵਿੱਚ ਕੰਮ ਕਰਕੇ ਪੈਸੇ ਕਮਾਉਣ ਦੀ ਲਾਲਸਾ ਵਿੱਚ ਵਿਦੇਸ਼ਾਂ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਲੋਕਾਂ ਦਾ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਚਲਾਕ ਲੋਕ ਅਜਿਹੇ ਲੋਕਾਂ ਦੀ ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਇੱਛਾ ਦਾ ਫਾਇਦਾ ਉਠਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਤੰਗ-ਪ੍ਰੇਸ਼ਾਨ ਵੀ ਕਰਦੇ ਹਨ। ਇਸ ਦੀ ਮਿਸਾਲ ਨੇੜਲੇ ਪਿੰਡ ਗਾਲਿਬ ਕਲਾ ਦੀ ਪਰਮਜੀਤ ਕੌਰ ਦੀ ਕਹਾਣੀ ਤੋਂ ਮਿਲਦੀ ਹੈ। ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੇਰੁਜ਼ਗਾਰ ਹੋਣ ਕਾਰਨ ਵਿਦੇਸ਼ ਜਾ ਕੇ ਨੌਕਰੀ ਕਰਨਾ ਚਾਹੁੰਦੀ ਸੀ। ਉਸ ਨੂੰ ਪਤਾ ਲੱਗਾ ਕਿ ਜਸਪਾਲ ਕੌਰ ਵਾਸੀ ਜੀਰਾ ਨਾਂ ਦੀ ਔਰਤ ਲੋਕਾਂ ਨੂੰ ਵਿਦੇਸ਼ ਭੇਜਦੀ ਹੈ। ਉਸਨੇ ਮਈ-ਜੂਨ 2022 ਵਿੱਚ ਉਸਦੇ ਮੋਬਾਈਲ ਫੋਨ ’ਤੇ ਉਸ ਨਾਲ ਸੰਪਰਕ ਕੀਤਾ ਅਤੇ ਉਸਨੂੰ ਵਿਦੇਸ਼ ਜਾਣ ਬਾਰੇ ਦੱਸਿਆ। ਕੁਝ ਦਿਨਾਂ ਬਾਅਦ ਜਸਪਾਲ ਕੌਰ ਉਨ੍ਹਾਂ ਦੇ ਘਰ ਪਿੰਡ ਗਾਲਿਬ ਕਲਾ ਆਈ ਅਤੇ ਉਸ ਨੂੰ ਓਮਾਨ ਵਿੱਚ ਵਰਕ ਪਰਮਿਟ ਤੇ ਭੇਜਣ ਦੀ ਗੱਲ ਕੀਤੀ ਅਤੇ ਕਿਹਾ ਕਿ ਉਸ ਨੇ ਓਮਾਨ ਵਿੱਚ ਕਿਸੇ ਦੇ ਘਰ ਸਫਾਈ ਅਤੇ ਰੋਟੀ ਦਾ ਕੰਮ ਕਰਨਾ ਹੈ। ਚੰਗੀ ਤਨਖਾਹ ਮਿਲੇਗੀ। ਵਿਦੇਸ਼ ਭੇਜਣ ਲਈ ਉਸ ਨੇ 1.50 ਲੱਖ ਰੁਪਏ ਦੀ ਮੰਗ ਕੀਤੀ ਅਤੇ 25,000 ਰੁਪਏ ਐਡਵਾਂਸ ਦੇਣ ਲਈ ਕਿਹਾ, ਬਾਕੀ ਰਕਮ ਓਮਾਨ ਵਿੱਚ ਉਸ ਦੀ ਤਨਖਾਹ ਵਿੱਚੋਂ ਕੱਟ ਲਈ ਜਾਵੇਗੀ। ਕੁਝ ਦਿਨਾਂ ਬਾਅਦ ਅਸੀਂ ਉਸ ਨੂੰ 25 ਹਜ਼ਾਰ ਰੁਪਏ ਦੇ ਦਿੱਤੇ। ਉਸਨੇ ਮੈਨੂੰ 7 ਅਕਤੂਬਰ 2022 ਨੂੰ ਓਮਾਨ ਟੂਰਿਸਟ ਵੀਜ਼ੇ ’ਤੇ ਦਿੱਲੀ ਹਵਾਈ ਅੱਡੇ ਤੋਂ ਭੇਜਿਆ। ਓਮਾਨ ਦੇ ਏਅਰਪੋਰਟ ’ਤੇ ਜਸਪਾਲ ਕੌਰ ਦਾ ਸਾਥੀ, ਜੋ ਆਪਣਾ ਨਾਂ ਅਲਬਖਸ਼ ਦੱਸ ਰਿਹਾ ਸੀ, ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਮੈਨੂੰ ਇਕ ਦਫਤਰ ਜਿਸ ਦਾ ਪਤਾ ਗੋਲਡਨ ਗ੍ਰੇਟ ਲੇਕਸ ਸੀ। ਜਿਸ ਨੂੰ ਮੁਹੰਮਦ ਹਿਸਾਮ ਨਾਂ ਦਾ ਵਿਅਕਤੀ ਚਲਾ ਰਿਹਾ ਸੀ, ਕੋਲ ਛੱਡ ਗਿਆ। ਮੁਹੰਮਦ ਹਿਸਾਮ ਨੇ ਉਸ ਦਾ ਪਾਸਪੋਰਟ ਅਤੇ ਅਸਲ ਦਸਤਾਵੇਜ਼ ਆਪਣੇ ਕੋਲ ਰੱਖ ਲਏੇ ਅਤੇ 8-9 ਦਿਨ ਦਫਤਰ ਵਿਚ ਰੱਖਣ ਤੋਂ ਬਾਅਦ ਉਸ ਨੂੰ ਕਿਸੇ ਹੋਰ ਵਿਅਕਤੀ ਦੇ ਘਰ ਘਰੇਲੂ ਕੰਮ ਕਰਨ ਲਈ ਛੱਡ ਆਇਆ। ਉੁੱਥੇ ਉਸ ਨੇ ਕਰੀਬ 3 ਮਹੀਨੇ ਕੰਮ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ 2 ਮਹੀਨੇ ਦੀ ਤਨਖਾਹ ਦੇ ਕੇ ਵਾਪਸ ਉਸੇ ਦਫਤਰ ਭੇਜ ਦਿੱਤਾ। ਇਸ ਤੋਂ ਬਾਅਦ ਮੁਹੰਮਦ ਹਿਸਾਮ ਨੇ ਉਸ ਨੂੰ ਕਿਸੇ ਹੋਰ ਘਰ ਕੰਮ ਕਰਨ ਲਈ ਭੇਜ ਦਿੱਤਾ। ਜਦੋਂ ਮੈਂ ਉਸ ਨੂੰ 1 ਮਹੀਨੇ ਦੀ ਤਨਖਾਹ ਘੱਟ ਦੇਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਅਲਬਖਸ਼ ਵਾਸੀ ਬੰਗਲੌਰ ਨੇ ਤੁਹਾਡੇ ਨਾਂ ’ਤੇ ਸਾਡੇ ਤੋਂ 800 ਰਾਇਲ (1.50 ਲੱਖ ਰੁਪਏ) ਲਏ ਹਨ। ਜੇਕਰ ਤੁਸੀਂ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਫ਼ਤਰ ਵਿੱਚ 800 ਰਾਇਲ (1.50 ਲੱਖ ਰੁਪਏ) ਜਮ੍ਹਾਂ ਕਰਵਾਓ ਅਤੇ ਤੁਸੀਂ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵਾਪਸ ਲੈ ਕੇ ਭਾਰਤ ਜਾ ਸਕਦੇ ਹੋ। ਜਿਸ ਕਾਰਨ ਉਹ ਤਿੰਨ-ਚਾਰ ਮਹੀਨੇ ਉਥੇ ਘਰੇਲੂ ਕੰਮ ਕਰਨ ਲਈ ਮਜ਼ਬੂਰ ਹੋਈ ਅਤੇ ਉਨ੍ਹਾਂ ਨੇ ਉਸ ਨੂੰ ਇੰਨਾਂ ਸਮਾਂ ਕੰਮ ਕਰਵਾਉਣ ਦਾ ਕੋਈ ਪੈਸਾ ਨਹੀਂ ਦਿਤਾ। ਜਬਰਦਸਤੀ ਅਪਣੇ ਘਰ ਵਿਚ ਬੰਧਕ ਬਣਾ ਕੇ ਕੰਮ ਕਰਵਾਇਆ। ਸ਼ਿਕਾਇਤਕਰਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਉਥੋਂ ਕਿਸੇ ਤਰ੍ਹਾਂ ਭੱਜ ਕੇ ਭਾਰਤੀ ਦੂਤਘਰ ਪਹੁੰਚੀ ਅਤੇ ਅਧਿਕਾਰੀਆਂ ਨੂੰ ਜਾਣਕਾਰੀ ਦਿਤੀ। ਉਨ੍ਹਾਂ ਉਸਨੂੰ ਵਾਇਟ ਪਾਸਪੋਰਟ ਦੇ ਕੇ ਭਾਰਤ ਭੇਜਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਸਮਾਂ ਅਬੰਸੀ ਨੇੜੇ ਗੁਰਦੁਆਰਾ ਸਾਹਿਬ ਵਿਖੇ ਰਹਿਣ ਦਾ ਪ੍ਰਬੰਧ ਕੀਤਾ। ਉਹ ਲਗਭਗ ਦੋ-ਤਿੰਨ ਮਹੀਨੇ ਗੁਰਦੁਆਰਾ ਸਾਹਿਬ ਵਿੱਚ ਰਹੀ ਅਤੇ ਅੰਬੈਸੀ ਵੱਲੋਂ ਉਸ ਨੂੰ ਵਾਇਟ ਪਾਸਪੋਰਟ ਜਾਰੀ ਕਰਨ ਤੋਂ ਬਾਅਦ 2 ਜੂਨ 2023 ਨੂੰ ਦਿੱਲੀ ਹਵਾਈ ਅੱਡੇ ਤੋਂ ਮਾਸਕਟ ਤੋਂ ਆਪਣੇ ਘਰ ਵਾਪਸ ਆ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਜਸਪਾਲ ਕੌਰ ਪ੍ਰਮਾਣਿਤ ਟਰੈਵਲ ਏਜੰਟ ਨਹੀਂ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਠੱਗੀ ਮਾਰੀ ਹੈ ਅਤੇ ਉਸ ਦਾ ਸ਼ੋਸ਼ਣ ਕੀਤਾ। ਪਰਮਜੀਤ ਕੌਰ ਦੀ ਸ਼ਿਕਾਇਤ ’ਤੇ ਫਰਜ਼ੀ ਟਰੈਵਲ ਏਜੰਟ ਜਸਪਾਲ ਕੌਰ ਜੀਰਾ, ਅਲਬਖਸ਼ ਵਾਸੀ ਬੰਗਲੌਰ ਅਤੇ ਮੁਹੰਮਦ ਇਸਲਾਮ ਵਾਸੀ ਓਮਾਨ ਦੇ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।