ਚੰਡੀਗਡ਼੍ਹ , 26 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)-ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖਡ਼ ਦੇ ਮਸਲੇ ’ਤੇ ਅਨੁਸ਼ਾਸਨੀ ਕਮੇਟੀ ਨੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਫਾਰਸ਼ ਕਰਦਿਆਂ ਕਿਹਾ ਕਿ ਸੁਨੀਲ ਜਾਖਡ਼ ਨੂੰ ਪਾਰਟੀ ਵਿਚੋਂ 2 ਸਾਲ ਲਈ ਸਸਪੈਂਡ ਕਰ ਦੇਣਾ ਚਾਹੀਦਾ ਹੈ। ਹੁਣ ਇਸ ’ਤੇ ਸੋਨੀਆ ਗਾਂਧੀ ਨੇ ਅੰਤਿਮ ਫੈਸਲਾ ਲੈਣਾ ਹੈ।ਕਮੇਟੀ ਦੇ ਮੈਂਬਰ ਜੇਪੀ ਅਗਰਵਾਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਦੀ ਮੀਟਿੰਗ ’ਚ ਕਾਂਗਰਸੀ ਆਗੂ ਕੇਵੀ ਥਾਮਸ ਤੇ ਸੁਨੀਲ ਜਾਖਡ਼ ਦੇ ਮਸਲੇ ’ਤੇ ਚਰਚਾ ਹੋਣੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਗੱਲ ਦੱਸਣ ਤੋਂ ਨਾਂਹ ਕਰ ਦਿੱਤੀ ਕਿ ਕਮੇਟੀ ਜਾਖਡ਼ ਵਿਰੁੱਧ ਕੀ ਫ਼ੈਸਲਾ ਲੈ ਸਕਦੀ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਪਾਰਟੀ ਲਈ ਫ਼ੈਸਲਾ ਲੈਣਾ ਸੌਖਾ ਨਹੀਂ ਕਿਉਂਕਿ ਜਾਖਡ਼ ਹੀ ਨਹੀਂ ਬਲਕਿ ਕਈ ਆਗੂਆਂ ਨੇ ਅਨੁਸ਼ਾਸਨ ਦੀਆਂ ਹੱਦਾਂ ਟੱਪੀਆਂ ਹਨ।ਇਨ੍ਹਾਂ ’ਚ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਹਨ। ਚੰਨੀ ਦਾ ਭਰਾ ਬੱਸੀ ਪਠਾਣਾ ਤੋਂ ਚੋਣ ਲਡ਼ਿਆ ਸੀ ਤੇ ਰਾਣਾ ਦਾ ਪੁੱਤਰ ਸੁਲਤਾਨਪੁਰ ਲੋਧੀ ਤੋਂ। ਅਜਿਹੀ ਸੂਰਤ ’ਚ ਪਾਰਟੀ ਦੇ ਜਾਖਡ਼ ਵਿਰੁੱਧ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਇਕ ਪਾਸਡ਼ ਮੰਨਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਪਿੱਛੋਂ ਜ਼ਿਆਦਾਤਰ ਵਿਧਾਇਕਾਂ ਦੀ ਪਸੰਦ ਜਾਖਡ਼ ਹੀ ਸਨ ਪਰ ਸੀਨੀਅਰ ਆਗੂ ਅੰਬਿਕਾ ਸੋਨੀ ਨੇ ਸਿਰਫ਼ ਪਗਡ਼ੀਧਾਰੀ ਨੂੰ ਹੀ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਕਹੀ ਸੀ ਜਿਸ ਤੋਂ ਜਾਖਡ਼ ਕਾਫ਼ੀ ਨਾਰਾਜ਼ ਹੋ ਗਏ ਸਨ। ਜਾਖਡ਼ ਨੇ ਜੀ-23 ਆਗੂਆਂ ਦੀਆਂ ਸਰਗਰੀਆਂ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਉਹ ਪਾਰਟੀ ਦੇ ਹੱਕ ’ਚ ਸੀ ਪਰ ਪੰਜਾਬ ਕਾਂਗਰਸ ਦਾ ਇਕ ਵਰਗ ਉਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੋਡ਼ ਕੇ ਦੇਖ ਰਹੇ ਹਨ ਤੇ ਇਸ ਨੂੰ ਦਲਿਤਾਂ ਦਾ ਕਥਿਤ ਰੂਪ ’ਚ ਅਪਮਾਨ ਦੱਸਿਆ ਗਿਆ।ਉਧਰ ਸੂਤਰ ਦੱਸਦੇ ਹਨ ਕਿ ਜਾਖਡ਼ ਹਰੇਕ ਸਥਿਤੀ ਲਈ ਤਿਆਰ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ। ਉਹ ਸਿਰਫ਼ ਇਹ ਦੇਖਣਾ ਚਾਹੁੰਦੇ ਹਨ ਕਿ ਪਾਰਟੀ ਉਨ੍ਹਾਂ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ।