ਜੰਗ-ਏ- ਅਜ਼ਾਦੀ ਯਾਦਗਾਰ ਸਬੰਧੀ ਬਰਜਿੰਦਰ ਹਮਦਰਦ ਤੇ ਮੁਕਦਮਾ ਹੈਰਾਨਕੁੰਨ ਮਾਮਲਾ
ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਸ਼ਾਸਨ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਸਿੱਖ ਧਰਮ ਨਾਲ ਸੰਬੰਧਤ ਕਈ ਵਿਰਾਸਤੀ ਯਾਦਗਾਰਾਂ ਬਣਾਈਆਂ ਗਈਆਂ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਣਮੱਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਸਰਕਾਰ ਵਲੋਂ ਸਥਾਪਿਤ ਕੀਤੀਆਂ ਗਈਆਂ ਯਾਦਗਾਰਾਂ ਇਤਿਹਾਸ ਲਈ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਯਾਦਗਾਰ ਹੈ, ਜੋ ਕਿ ਨੈਸ਼ਨਲ ਹਾਈਵੇਅ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿੱਚ 25 ਏਕੜ ਜ਼ਮੀਨ ਵਿੱਚ ਬਣਾਈ ਗਈ ਜੰਦ-ਏ-ਆਜ਼ਾਦੀ ਯਾਦਗਾਰ ਹੈ। ਜੋ ਕਿ ਉਸ ਸਮੇਂ ਦੀ ਸਰਕਾਰ ਵੱਲੋਂ 315 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ। ਇਸ ਯਾਦਗਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੱਕ ਦੇ ਸੰਘਰਸ਼ ਵਿੱਚ ਪੰਜਾਬੀਆਂ ਦੀ ਭੂਮਿਕਾ ਦਰਸਾਈ ਗਈ। ਪੰਜਾਬ ਦੇ ਪ੍ਰਸਿੱਧ ਅਜੀਤ ਅਖਬਾਰ ਦੇ ਮਾਲਕ ਹਰਜਿੰਦਰ ਸਿੰਘ ਹਮਦਰਦ ਨੂੰ ਇਸ ਯਾਦਗਾਰ ਦੀ ਨਿਰਮਾਣ ਕਮੇਟੀ ਦਾ ਚੇਅਰਮੈਨ ਪੰਜਾਬ ਸਰਕਾਰ ਵਲੋਂ ਬਣਾਇਆ ਗਿਆ ਅਤੇ ਉਨ੍ਹਾਂ ਦੀ ਹੀ ਦੇਖ ਰੇਖ ਵਿਚ ਇਹ ਕਾਰਜ ਸੰਪੰਨ ਹੋਇਆ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸੱਤਾ ’ਚ ਆਈ ਸਰਕਾਰ ਨੇ ਜੰਗ-ਏ- ਅਜ਼ਾਦੀ ਯਾਦਗਾਰ ਦੇ ਨਿਰਮਾਣ ’ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਸੀ। ਜਿਸਤੋਂ ਬਾਅਦ ਹੁਏ ਬਰਜਿੰਦਰ ਸਿੰਘ ਹਮਦਰਦ ਸਮੇਤ 26 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਅਜਿਹਾ ਮੁਕਦਮਾ ਦਰਜ ਹੋਣ ਨਾਲ ਹਰ ਕੋਈ ਹੈਰਾਨ ਹੈ ਅਤੇ ਮੀਡੀਆ ਜਗਤ ਸੋਚ ਵਿਚ ਹੈ ਕਿਉਂਕਿ ਬਰਜਿੰਦਰ ਸਿੰਘ ਹਮਦਰਦ ਇੱਕ ਅਜਿਹੀ ਸਖਸ਼ੀਅਤ ਹੈ ਜਿਸਨੇ ਪੱਤਰਕਾਰੀ ਦੇ ਖੇਤਰ ਵਿੱਚ ਕਈ ਮੀਲ ਪੱਥਰ ਸਥਾਪਿਤ ਕੀਤੇ ਅਤੇ ਕਦੇ ਵੀ ਕਿਸੇ ਦਬਾਅ ਜਾਂ ਲਾਲਚ ਵਿੱਚ ਅਜਿਹਾ ਕੋਈ ਫੈਸਲਾ ਨਹੀਂ ਲਿਆ ਜਿਸ ਨਾਲ ਕਿਸੇ ਲੋਕ ਤੰਤਰ ਦੇ ਚੌਥੇ ਥੰਮ ਨੂੰ ਸ਼ਰਮਿੰਦਾ ਹੋਣਾ ਪਿਆ ਹੋਵੇ। ਜੇਕਰ ਗੱਲ ਸਿਰਫ ਪੈਸੇ ਦੀ ਹੁੰਦੀ ਤਾਂ ਹਮਦਰਦ ਸਾਹਿਬ ਬਾਰੇ ਸਭ ਜਾਣਦੇ ਹਨ ਕਿ ਉਹ ਪੈਸੇ ਲਈ ਕਦੇ ਵੀ ਗਲਤ ਫੈਸਲਾ ਨਹੀਂ ਲੈਂਦੇ ਭਾਵੇਂ ਕਿੰਨਾ ਵੀ ਪੈਸਾ ਸਾਹਮਣੇ ਕਿਉਂ ਨਾ ਹੋਵੇ ਉਨ੍ਹਾਂ ਪੱਤਰਕਾਰੀ ਖੇਤਰ ਵਿਚ ਪੈਸੇ ਲਈ ਕਦੇ ਸਮਝੌਤਾ ਕੀਤਾ ਅਤੇ ਹਮੇਸ਼ਾ ਸੱਚਾਈ ਦਾ ਸਾਥ ਦਿੱਤਾ। ਮਜਲੂਮਾਂ ਦੀ ਬਾਂਹ ਫੜੀ। ਅਜੀਤ ਅਖਬਾਰ ਦੀ ਨਿਰਪੱਖਤਾ ਲਈ ਇਹੀ ਮਿਸਾਲ ਕਾਫੀ ਹੈ ਕਿ ਪੰਜਾਬ ਵਿਚ ਕਈ ਵਾਰ ਗੰਭੀਰ ਸੰਕਟ ਆਏ ਹਨ ਪਰ ਅਜੀਤ ਅਖਬਾਰ ਹਰ ਸਮੇਂ ਆਪਣੀ ਨਿਰਪੱਖਤਾ ਕਰਕੇ ਖੜਾ ਰਿਹਾ। ਇਸ ਦੇ ਮੁਕਾਬਲੇ ਪੰਜਾਬ ’ਚ ਹੋਰ ਵੀ ਵੱਡੇ ਮੀਡੀਆ ਹਾਊਸ ਹਨ, ਜੋ ਪੈਸੇ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਚੋਣਾਂ ਵਿੱਚ ਹੀ ਦੇਖਿਆ ਜਾ ਸਕਦਾ ਹੈ ਕਿ ਕਈ ਦਹਾਕਿਆਂ ਤੋਂ ਅਜਿਹਾ ਮਾਹੌਲ ਚੱਲ ਰਿਹਾ ਹੈ ਕਿ ਚੋਣਾਂ ਵੇਲੇ ਵੱਡੇ ਮੀਡੀਆ ਹਾਊਸ ਅਰਬਾਂ ਰੁਪਏ ਕਮਾ ਲੈਂਦੇ ਹਨ ਅਤੇ ਅਜੀਤ ਅਖ਼ਬਾਰ ਅਜਿਹਾ ਅਦਾਰਾ ਹੈ ਜੋ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਉਮੀਦਵਾਰ ਤੋਂ ਕੋਈ ਪੈਸਾ ਖਬਰ ਪ੍ਰਕਾਸ਼ਤ ਕਰਨ ਸੰਬੰਧੀ ਨਹੀਂ ਲਿਆ ਜਾਂਦਾ ਅਤੇ ਸਮੇਂ ਸਮੇਂ ਤੇ ਹਰ ਪਾਰਟੀ ਦੇ ਉਮੀਦਵਾਰ ਦੀ ਨਿਪੁੱਖ ਕਵਰੇਜ ਕਰਕੇ ਲੋਕਤੰਤਰ ਦੇ ਚੌਥੇ ਸਤੰਭ ਦੀ ਭੂਮਿਕਾ ਬਾਖੂਬੀ ਨਿਭਾ ਰਿਹਾ ਹੈ। ਫਿਰ ਅਜਿਹੇ ਵਿਚ ਭਾਵੇਂ ਉਹ ਕਿੰਨੇ ਕਰੋੜ ਰੁਪਏ ਆਸਾਨੀ ਨਾਲ ਇਕੱਠੇ ਕਰ ਸਕਦੇ ਹਨ। ਜੰਗ-ਏ-ਆਜ਼ਾਦੀ ਯਾਦਗਾਰ ਦੇ ਨਿਰਮਾਣ ’ਚ ਸਰਕਾਰ ਨੂੰ ਕਰੀਬ 27 ਕਰੋੜ ਰੁਪਏ ਦਾ ਨੁਕਸਾਨ ਹੋਇਆ ਕਿਹਾ ਗਿਆ ਹੈ ਅਤੇ ਹੁਣ ਇਸ ਮਾਮਲੇ ’ਚ 26 ਲੋਕ ਦੋਸ਼ੀ ਬਣਾਏ ਗਏ ਹਨ। ਜਿੰਨਾਂ ਵਿਚ ਬਰਜਿੰਦਰ ਸਿੰਘ ਹਮਦਰਦ ਵੀ ਇਕ ਹਨ। ਜਿਹੜਾ ਵਿਅਕਤੀ ਪੈਸੇ ਲਈ ਆਪਣੇ ਮੀਡੀਆ ਖੇਤਰ ਵਿੱਚ ਕਿਸੇ ਕਿਸਮ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ, ਉਹ ਇਸ ਪਵਿੱਤਰ ਕਾਰਜ ਵਿਚ ਭ੍ਰਿਸ਼ਟਾਚਾਰ ਕਿਵੇਂ ਕਰ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਆਜ਼ਾਦੀ ਸੰਗਰਾਮ ਤੱਕ ਦਾ ਸੰਘਰਸ਼ ਇਸ ਯਾਦਗਾਰ ਵਿਚ ਪੇਸ਼ ਕੀਤਾ ਗਿਆ ਹੈ, ਅਜਿਹੇ ਪਵਿੱਤਰ ਕਾਰਜ ਵਿਚ ਬਰਜਿੰਦਰ ਸਿੰਘ ਹਮਦਰਦ ਦਾ ਨਾਮ ਉਸ ਸਮੇਂ ਦੀ ਸਰਰਕਾਰ ਦੀ ਸੰਜੀਦਗੀ ਦਾ ਪ੍ਰਮਾਣ ਹੈ। ਇਸ ਲਈ ਅਜਿਹੇ ਸਥਾਨ ’ਤੇ ਪੈਸੇ ਲੋਕ ਆਪਣੀ ਜੇਬ ਵਿਚੋਂ ਖਰਚ ਕਰ ਦਿੰਦੇ ਹਨ। ਜੇਕਰ ਕੋਈ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਘਰ ਤਿਆਰ ਕਰੇ ਤਾਂ ਉਸ ਵਿਚ ਵੀ ਕਈ ਕਮੀਆਂ ਰਹਿ ਜਾਂਦੀਆਂ ਹਨ। ਪਰ ਘਰ ਦਾ ਮਾਲਕ ਕਦੇ ਨਹੀਂ ਚਾਹੁੰਦਾ ਕਿ ਉਸ ਦੇ ਪਰਿਵਾਰ ਲਈ ਬਣਾਏ ਜਾ ਰਹੇ ਘਰ ਵਿਚ ਕੋਈ ਕਮੀ ਹੋਵੇ। ਇਸ ਲਈ ਜੰਗ-ਏ- ਅਜ਼ਾਦੀ ਯਾਦਗਾਰ ਵਿਚ ਕੁਝ ਕਮੀਆਂ ਰਹਿ ਗਈਆਂ ਹੋ ਸਕਦੀਆਂ ਹਨ, ਪਰ ਉਸਾਰੀ ਕਮੇਟੀ ਦੇ ਚੇਅਰਮੈਨ ਬਰਜਿੰਦਰ ਸਿੰਘ ਹਮਦਰਦ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਨੇ ਵੀ ਆਪਣੀ ਕੌਮ ਦੇ ਇਸ ਕੌਮ ਦੇ ਘਰ ਨਿਰਮਾਣ ਵਿਚ ਜਾਣਬੁੱਝ ਕੇ ਕੋਈ ਕਮੀ ਛੱਡੀ ਹੋਵੇਗੀ। ਅਜਿਹੇ ਕਾਰਜਾਂ ਵਿਚ ਹੋਰ ਬਿਹਤਰ ਦਿਖਾਉਣ ਲਈ ਕਈ ਵਾਰ ਕੋਈ ਵਿਅਕਤੀ ਦਾਇਰੇ ਤੋਂ ਬਾਹਰ ਹੋ ਜਾਂਦਾ ਹੈ, ਇਸ ਨੂੰ ਉਸਦੀ ਗਲਤੀ ਨਹੀਂ ਕਿਹਾ ਜਾ ਸਕਦਾ। ਸਾਰੇ ਮੀਡੀਆ ਜਗਤ ਨੂੰ ਇੱਕਜੁੱਟ ਹੋ ਕੇ ਇਸ ਮਾਮਲੇ ਵਿਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੇਕਰ ਅਜਿਹੇ ਨੇਕ ਕਾਰਜਾਂ ਵਿਚ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਕਟਿਹਰੇ ਵਿਚ ਖੜ੍ਹਣਾ ਪਏਗਾ ਤਾਂ ਅੱਗੇ ਕਦੇ ਵੀ ਕੋਈ ਵਿਅਕਤੀ ਸੇਵਾ ਲਈ ਅੱਗੇ ਨਹੀਂ ਆਏਗਾ। ਇੱਥੇ ਬਰਜਿੰਦਰ ਸਿੰਘ ਹਮਦਰਦ ਦੀ ਨੀਤੀ ਅਤੇ ਨੀਅਤ ਉੱਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ।
ਹਰਵਿੰਦਰ ਸਿੰਘ ਸੱਗੂ।