ਸ੍ਰੀ ਮਾਛੀਵਾੜਾ ਸਾਹਿਬ (ਭੰਗੂ) ਵੀਰਵਾਰ ਸਵੇਰੇ ਸਥਾਨਕ ਸ਼ਹਿਰ ਦੇ ਮੇਨ ਚੌਕ, ਰਾਹੋਂ ਰੋਡ ਤੋਂ ਸਮਰਾਲਾ ਦੇ ਫੁੱਟਪਾਥ ਦੇ ਵਿਚਕਾਰ ਲੱਗੇ ਸਰਕਾਰੀ ਖੰਭਿਆਂ ‘ਤੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਇਕ ਉਮੀਦਵਾਰ ਨੇ ਆਪਣੇ ਚੋਣ ਪ੍ਰਚਾਰ ਦੇ ਬੋਰਡ ਲਗਾ ਦਿੱਤੇ।ਸਰਕਾਰੀ ਖੰਭਿਆਂ ‘ਤੇ ਲੱਗੇ ਬੋਰਡਾਂ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਉਮੀਦਵਾਰ ਦੇ ਮੁੱਖ ਚੋਣ ਦਫ਼ਤਰ ਵਿਖੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਇਹ ਸਾਰੇ ਬੋਰਡ ਪ੍ਰਵਾਨਗੀ ਤੋਂ ਬਾਅਦ ਲਗਾਏ ਗਏ ਹਨ। ਪੱਤਰਕਾਰਾਂ ਵੱਲੋਂ ਜਦੋਂ ਐੱਸਡੀਐੱਮ ਸਮਰਾਲਾ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਸਰਕਾਰੀ ਖੰਭਿਆਂ ਤੇ ਸਰਕਾਰੀ ਇਮਾਰਤਾਂ ‘ਤੇ ਚੋਣ ਪ੍ਰਚਾਰ ਵਾਲੇ ਬੋਰਡ ਨਹੀਂ ਲੱਗ ਸਕਦੇ ਤੇ ਜੇਕਰ ਲਗਾਏ ਗਏ ਹਨ ਤਾਂ ਨਿਯਮਾਂ ਤੋਂ ਉਲਟ ਹੈ ਜਿਸ ਨੂੰ ਤੁਰੰਤ ਉਤਾਰ ਦਿੱਤਾ ਜਾਵੇਗਾ।ਕੁਝ ਹੀ ਘੰਟਿਆਂ ਬਾਅਦ ਨਗਰ ਕੌਂਸਲ ਮਾਛੀਵਾੜਾ ਦੀ ਟੀਮ ਵੱਲੋਂ ਇਹ ਚੋਣ ਪ੍ਰਚਾਰ ਦੇ ਬੋਰਡ ਉਤਾਰ ਕੇ ਆਪਣੇ ਕਬਜ਼ੇ ‘ਚ ਲੈ ਲਏ। ਸ਼ਹਿਰ ‘ਚ ਹੋਰ ਵੀ ਕਈ ਥਾਵਾਂ ‘ਤੇ ਰਾਜਸੀ ਪਾਰਟੀਆਂ ਦੇ ਚੋਣ ਪ੍ਰਚਾਰ ਦੇ ਬੋਰਡ ਲੱਗੇ ਜਾਣ ਬਾਰੇ ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿਸੇ ਨੂੰ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਤੇ ਰਾਜਸੀ ਪਾਰਟੀਆਂ ਦੇ ਆਗੂ ਵੀ ਸਰਕਾਰੀ ਖੰਭਿਆਂ ਤੇ ਇਮਾਰਤਾਂ ‘ਤੇ ਚੋਣ ਪ੍ਰਚਾਰ ਦੇ ਪੋਸਟਰ ਜਾਂ ਬੋਰਡ ਨਾ ਲਗਾਉਣ।