ਜਗਰਾਓ, 24 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਅਖਾੜਾ ਪਿੰਡ ਚ ਲੱਗਣ ਜਾ ਰਹੀ ਗੈਸ ਫੈਕਟਰੀ ਦਾ ਮਸਲਾ ਪ੍ਰਸ਼ਾਸਨ ਦੇ ਅਣਗਹਿਲੀ ਭਰਪੂਰ ਰਵੱਈਏ ਕਾਰਨ ਅੰਤ ਉਹ ਮੋੜ ਲੈ ਗਿਆ ਜਿਸ ਤੋ ਪਰਸਾਸ਼ਨ ਪੂਰੀ ਤਰਾਂ ਘਾਬਰਿਆ ਹੋਇਆ ਸੀ। ਭੂੰਦੜੀ, ਮੁਸ਼ਕਾਬਾਦ ਤੋ ਬਾਅਦ ਹੁਣ ਅਖਾੜਾ ਵਾਸੀਆਂ ਨੇ ਅੱਤ ਦੀ ਮਜਬੂਰੀ ਦੀ ਹਾਲਤ ਚ ਇਹ ਕਦਮ ਚੁੱਕਿਆ। ਬੀਤੇ ਦਿਨੀ ਨਿਰਮਾਣ ਅਧੀਨ ਗੈਸ ਫੈਕਟਰੀ ਮੂਹਰੇ ਮਹੀਨੇ ਤੋਂ ਉੱਪਰ ਸਮੇਂ ਤੋਂ ਚੱਲ ਰਹੇ ਦਿਨ ਰਾਤ ਦੇ ਰੋਸ ਧਰਨੇ ਦੇ ਬਾਵਜੂਦ ਫੈਕਟਰੀ ਮਾਲਕ ਵੱਲੋਂ ਮੁੱਖ ਐੰਟਰੀ ਤੇ ਲੋਹੇ ਦਾ ਗੇਟ ਲਗਾਉਣ ਦੀਕੋਸ਼ਿਸ਼ ਨੂੰ ਪਿੰਡ ਵਾਸੀਆਂ ਨੇ ਇਕਦਮ ਇੱਕਠੇ ਹੋ ਕੇ ਅਸਫਲ ਬਣਾ ਦਿੱਤਾ। ਉਸ ਸਮੇਂ ਮੋਕੇ ਤੇ ਪੰਹੁਚੀ ਪੁਲਸ ਵੱਲੋਂ ਦਖਲ ਦੇ ਕੇ ਤਣਾਅਪੁਰਨ ਮਾਹੋਲ ਨੂੰ ਸ਼ਾਂਤ ਕੀਤਾ। ਉਪਰੰਤ ਅੱਜ ਭਲਕੇ ਮਾਲਕ ਵੱਲੋਂ ਲਿਆਂਦੇ ਸੀਮੈੰਟ ਦੇ ਟਰੱਕ ਨੂੰ ਮਰਦ ਅੋਰਤਾਂ ਨੇ ਜ਼ਬਰਦਸਤ ਨਾਰੇਬਾਜੀ ਕਰਕੇ ਵਾਪਸ ਪਰਤਾ ਦਿੱਤਾ। ਕਾਫ਼ੀ ਤਿੱਖੀ ਕਸ਼ਮਕਸ਼ ਤੋ ਬਾਅਦਮੋਕੇ ਤੇ ਪੰਹੁਚੇ ਡੀ ਐਸ਼ ਪੀ ਸਿਟੀ ਜਸਜਯੋਤ ਸਿੰਘ ਨੇ ਦੋਹਾਂ ਧਿਰਾਂ ਨਾਲ ਗੱਲ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਫੈਕਟਰੀ ਮਾਲਕ ਦੀ ਹਠਧਰਮੀ ਕਾਰਨ ਮਸਲਾ ਲਟਕ ਗਿਆ। ਇਸ ਸਮੇਂ ਪਰਸਾਸ਼ਨ ਸਿਰਫ ਵੋਟਾਂ ਦਾ ਸਮਾਂ ਲੰਘਾਓੁਣਾ ਚਾਹੁੰਦਾ ਹੀ ਪ੍ਰਤੀਤ ਹੋਇਆ। ਕਿਉਂਕਿ ਭੂੰਦੜੀ ਦਾ ਸੰਘਰਸ਼ ਚਲਦਿਆ ਨੂੰ ਵੀ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਹੈ।
ਅੱਜ ਦੇ ਰੋਸ ਧਰਨੇ ਚ ਪੂਰੇ ਦਾ ਪੂਰਾ ਪਿੰਡ ਹਾਜ਼ਰ ਸੀ। ਪਿੰਡ ਦੀਆਂ ਅੋਰਤਾਂ ਨੇ ਫੈਕਟਰੀ ਦੇ ਮੂਹਰੇ ਜਗਰਾਂਓ ਹਠੂਰ ਸੜਕ ਪੂਰੀ ਤਰਾਂ ਜਾਮ ਰੱਖੀ। ਗੱਲਬਾਤ ਰਾਹੀਂ ਮਸਲਾ ਹੱਲ ਨਾ ਹੋਣ ਤੇ ਪਿੰਡ ਵਾਸੀਆਂ ਨੇ ਸਰਵਸੰਮਤੀ ਨਾਲ ਇੱਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਪੂਰਨ ਬਾਈਕਾਟ ਦਾ ਐਲਾਨ ਕਰ ਦਿੱਤਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਸੇ ਵੀ ਪਾਰਟੀ ਦਾ ਪਿੰਡ ਚ ਬੂਥ ਨਾ ਲੱਗਣ ਦੇਣ ਦਾ ਵੀ ਸਰਵਸੰਮਤੀ ਨਾਲ ਫੈਸਲਾ ਕਰ ਦਿੱਤਾ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਲੋਕ ਤਾਕਤ ਤੋਂ ਵੱਡਾ ਇਸ ਧਰਤੀ ਤੇ ਕੋਈ ਨਹੀ ਹੈ। ਇੱਕ ਫੈਕਟਰੀ ਮਾਲਕ ਨੂੰ ਪਰਸਾਸ਼ਨ ਸਹੀ ਕਹਿ ਰਿਹਾ ਹੈ ਤੇ ਹਜ਼ਾਰਾਂ ਪਿੰਡਵਾਸੀਆ ਦੀ ਅਵਾਜ ਕਿ ਪਰਦੁਸ਼ਨ ਫੈਲਾਉਣ ਵਾਲੀ ਫੈਕਟਰੀ ਆਮ ਲੋਕਾਂ ਦੀ ਜਾਨ ਦਾ ਖੋਅ ਨਹੀਂ ਬਨਣ ਦੇਣੀ ਦੀ ਅਵਾਜ ਤੇ ਕੰਨ ਨਹੀ ਧਰ ਰਿਹਾ।ਉੱਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਮਨ ਕਨੂੰਨ ਦੀ ਤਾਂ ਚਿੰਤਾ ਹੈ ਪਰ ਲੋਕਾਂ ਦੇ ਅਮਨ ਚੈਨ ਤੇ ਜੀਵਨ ਦੀ ਕੋਈ ਚਿੰਤਾ ਨਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਵੋਟਾਂ ਦੇ ਬਾਈਕਾਟ ਦਾ ਕਾਰਨ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਰਵੱਈਆ ਹੈ। ਲੋਕ ਮਹਿਜ ਵੋਟ ਪਰਚੀ ਨਹੀ ਹੁੰਦੇ ਸਗੋ ਦੇਸ਼ ਦੀ ਜਿੰਦਜਾਨ ਤੇ ਕਰਨਧਾਰ ਹੁੰਦੇ ਹਨ। ਉਹ ਵੇਲੇ ਲੱਦ ਗਏ ਜਦੋਂ ਲੋਕ ਸਭ ਕੁੱਝ ਚੁੱਪਚਾਪ ਜਰ ਜਾਂਦੇ ਸੀ, ਹੁਣ ਤਾਂ ਲੋਕ ਘੇਰਨਗੇ ਵੀ, ਸਵਾਲ ਵੀ ਕਰਨਗੇ ਤੇ ਵਿਰੋਧ ਵੀ। ਇਹੀ ਖਰੀ ਜਮਹੂਰੀਅਤ ਦਾ ਤਕਾਜ਼ਾ ਹੈ।ਇਸ ਸਮੇਂ ਸੁਖਜੀਤ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ ਤੇਜ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਅਖਾੜਾ ਅਤੇ ਕਮੇਟੀ ਮੈਂਬਰ, ਸੁਖਦੇਵ ਸਿੰਘ,ਹਰਦੇਵ ਸਿੰਘ ਅਖਾੜਾ, ਪਾਲ਼ਾ ਸਿੰਘ,ਜਗਦੇਵ ਸਿੰਘ ਅਤੇ ਸਮੁੱਚੀ ਸੰਘਰਸ਼ ਕਮੇਟੀ ਹਾਜ਼ਰ ਸੀ।