ਯਾਦ ਰੱਖੋ ਸਿੱਖਣ ਯੋਗ ਇਹ ਖਾਸ ਗੱਲਾਂ
ਸਤਿਕਾਰ ਯੋਗ ਸਾਥੀਓ!ਪੰਜਾਬ ਵਿੱਚ ਚੋਣਾ ਇੱਕ ਜੂਨ ਨੂੰ ਹੋ ਰਹੀਆਂ ਹਨ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਦੀਆਂ ਵੱਖ ਵੱਖ ਥਾਵਾਂ ਤੇ ਚੋਣ ਰਿਹਾਸਲਾਂ ਚਲ ਰਹੀਆਂ ਹਨ। ਬਹੁਤੇ ਕਰਮਚਾਰੀਆਂ ਨੇ ਕਈ ਵਾਰ, ਪਹਿਲਾਂ ਵੀ,ਇਹ ਡਿਊਟੀਆਂ ਨਿਭਾਈਆਂ ਹਨ,ਪਰ ਜ਼ਿਆਦਾ ਸਮਾਂ ਬੀਤਣ ਕਾਰਣ,ਰੀਫਰੈਸ਼ ਹੋਣ ਲਈ ਇਹ ਰਿਹਾਰਸਲਾ ਅਤਿ ਜ਼ਰੂਰੀ ਬਣ ਜਾਂਦੀਆਂ ਹਨ।ਪਰ ਦੋਸਤੋ ਘਬਰਾਓ ਨਾ। ਪ੍ਰਮਾਤਮਾ ਤੇ ਭਰੋਸਾ ਰੱਖਕੇ, ਚੋਣਾਂ ਤੋਂ ਇੱਕ ਦਿਨ ਪਹਿਲਾਂ ਸੰਬੰਧਤ ਸਥਾਨ ਤੋਂ ਆਪਣਾ ਸਮਾਨ ਪ੍ਰਾਪਤ ਕਰੋ।ਖਾ ਪੀ ਕੇ ਇੱਕ ਸਾਈਡ ਤੇ ਪੂਰੀ ਪੋਲਿੰਗ ਪਾਰਟੀ ਛਾਂਵੇ ਬੈਠਕੇ ਆਪਣਾ ਸਮਾਨ ਆਪਣੀ ਨਿਗਰਾਨੀ ਹੇਠ ਚੈਕ ਕਰੇ।।ਸਭ ਤੋਂ ਪਹਿਲਾਂ,ਅਲਾਟ ਹੋਏ ਸੰਬੰਧਿਤ ਪੋਲਿੰਗ ਸਟੇਸ਼ਨ (ਬੂਥ) ਨੰਬਰ ਨਾਲ ਮਿਲੀਆਂ ਤਿੰਨੇ ਜਾਂ ਚਾਰੇ ਵੋਟਰ ਸੂਚੀਆਂ,ਸਮੇਤ ਮਾਰਕਿਡ ਕਾਪੀ ਮਿਲਾਓ।ਫਿਰ ਕੰਟਰੋਲ ਯੂਨਿਟ,ਬੈਲਟਿੰਗ ਯੂਨਿਟ ਅਤੇ ਵੀ,ਵੀ ਪੈਟ ਉਪਰ ਉਲੀਕੇ ਜਾਂ ਲਿਖਕੇ ਚਿਪਕਾਏ ਨੰਬਰ, ਆਪਣੀ ਪ੍ਰਾਪਤ ਕੀਤੀ ਚੈੱਕ ਲਿਸਟ ਨਾਲ ਮਿਲਾਓ। ਲੱਗਦਾ ਮਿਲਾਪ ਠੀਕ ਹੀ ਹੋਵੇਗਾ। ਜੇਕਰ ਮਿਲਾਪ ਠੀਕ ਨਾ ਬੈਠੇ ਤਾਂ ਤੁਰੰਤ ਪ੍ਰਾਪਤੀ ਕਾਂਊਂਂਟਰ ਤੇ ਜਾਕੇ ਸਮੱਸਿਆ ਦੱਸੋ।ਇਸ ਉਪਰੰਤ ਖੁਲ੍ਹੇ ਮਿਲੇ ਲੱਗਭਗ ਵੀਹ ਬੈਲਟ ਪੇਪਰਾਂ ਦੇ ਕ੍ਰਮ ਅੰਕ ਅਤੇ ਗਿਣਤੀ ਕਰੋ।ਇਸ ਉਪਰੰਤ ਸਾਰਾ ਲੋੜਿੰਦਾ ਸਮਾਨ ਚੈਕ ਕਰੋ। ਜਿਵੇਂ ਕਿ ਮੋਕ ਪੋਲ ਮੋਹਰ,ਇੰਡੈਲੀਵਲ ਇੰਕ(ਚਿੰਨ ਸ਼ਿਆਹੀ)ਸਾਰੀਆਂ ਸੀਲਾਂ(ਗਰੀਨ ਸਮੇਤ) ਦੀ ਗਿਣਤੀ ਅਤੇ ਉਲੀਕੇ ਹੋਏ ਨੰਬਰ,ਚੈਕ ਲਿਸਟ ਨਾਲ ਜ਼ਰੂਰ ਮਿਲਾਓ। ਸਾਰੇ ਟੈਗ, ਸਪੈਸ਼ਲ ਟੈਗ, ਐਡਰੈੱਸ ਟੈਗ,ਲਿਫ਼ਾਫੇ ਅਤੇ ਵੱਖ ਵੱਖ ਫਾਰਮ ਅਤੇ ਹੋਰ ਸਮੱਗਰੀ ਵੀ ਚੈੱਕ ਕਰੋ।ਸਭ ਕੁਝ ਮਿਲ ਜਾਵੇ ਤਾਂ ਲੰਬਾਂ ਸਾਹ ਭਰੋ,ਭਾਵ ਮਨ ਹੌਲਾ ਕਰੋ ਜੀ। ਕਦੇ ਵੀ ਘਬਰਾਓ ਨਾ।ਹੁਣ ਕੁਝ ਖਾ ਪੀ ਲਵੋ ਜੀ ।ਦੋ- ਦੋ ਕਰਕੇ ਇੱਧਰ ਉੱਧਰ ਟਹਿਲ ਲਵੋ ਜੀ।ਪਰ ਸਮਾਨ ਕੋਲ ਦੋ ਨਹੀਂ ਤਾਂ ਇੱਕ ਕਰਮਚਾਰੀ ਜ਼ਰੂਰ ਹੀ ਹੋਵੇ।ਇਹ ਵੀ ਯਾਦ ਰੱਖੋ ਕਿ ਆਪਣੇ ਘਰ ਤੋਂ ਇੱਕ ਛੋਟੀ ਕੌਲੀ ਅਤੇ ਚਾਰ ਮੁੱਠੀ,ਕੱਕਾ ਰੇਤਾ(ਸੀਮਿੰਟ ਵਿੱਚ ਮਿਲਾਉਣ ਵਾਲਾ) ਅਤੇ ਇੱਕ ਫੈਵੀ ਸਟਿੱਕ(ਗੂੰਦ),ਦੋ-ਚਾਰ ਸਸਤੇ ਨੀਲੇ ਬਾਲ ਪੈਨ , ਨਵੀਂ ਸਟੈਂਪ ਪੈਡ ਆਦਿ ਇਹ ਚੀਜ਼ਾਂ ਜ਼ਰੂਰ ਨਾਲ ਲਿਆਵੋ ਜੀ।ਕਈ ਵਾਰ ਇਹ ਚੀਜ਼ਾਂ ਪੋਲਿੰਗ ਸਟੇਸ਼ਨ (ਬੂਥ) ਤੇ ਉਪਲਬਧ ਨਹੀਂ ਹੁੰਦੀਆਂ ਜਾਂ ਗੂੰਦ ਅਤੇ ਸਟੈਂਪ ਪੈਡ ਸੁਕੀਆ ਹੀ ਹੁੰਦੀਆਂ ਹਨ।ਹੁਣ ਬਾਅਦ ਦੁਪਹਿਰ ਅਲਾਟ ਹੋਈਆਂ ਬੱਸਾਂ ਵਿੱਚ ਪੂਰੀ ਪੋਲਿੰਗ ਪਾਰਟੀ,ਮਿਲੀ ਚੋਣ ਸਮੱਗਰੀ ਸਮੇਤ ਸਵਾਰ ਹੋ ਕੇ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਪਹੁੰਚ ਕਰੋ ਜੀ। ਪਹੁੰਚ ਕੇ ਕੁਝ ਦੇਰ ਅਰਾਮ ਕਰੋ ਜੀ।ਹੁਣ ਆਪਣੇ ਪੋਲਿੰਗ ਬੂਥ ਦੀ ਤਿਆਰੀ ਕਰੋ ਜੀ। ਵੋਟਿੰਗ ਕੰਪਾਰਟਮੈਂਟ ਅਜਿਹੀ ਜਗ੍ਹਾ ਬਣਾਓ ਜਿੱਥੇ ਰੋਸ਼ਨੀ ਪਵੇ ,ਤੁਸੀਂ ਬੀ. ਐਲ.ਓ.ਦੀ ਸਹਾਇਤਾ ਨਾਲ ਲੋੜਿੰਦੀ ਰੌਸ਼ਨੀ ਲਈ ਟਿਊਬ ਲਾਈਟ ਦਾ ਪ੍ਰਬੰਧ ਕਰ ਸਕਦੇ ਹੋ। ਸਾਨੂੰ ਪਤਾ ਹੈ ਕਿ ਇੱਕ ਬੈਲਟਿੰਗ ਯੂਨਿਟ ਤੇ ਸੋਲਾਂ ਉਮੀਦਵਾਰਾਂ ਦੇ ਨਿਸ਼ਾਨ ਹੀ ਆਉਂਦੇ ਹਨ। ਜਿਵੇਂ ਲੁਧਿਆਣਾ ਵਿਖੇ,ਤਰਤਾਲੀ (43) ਉਮੀਦਵਾਰ ਅਤੇ ਇੱਕ ਨੋਟਾ ਸਮੇਤ ਕੁਲ ਚੁਤਾਲੀ(44) ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।ਇਸ ਲਈ ਤਿੰਨ ਬੈਲਟਿੰਗ ਯੂਨਿਟ ਇਸਤੇਮਾਲ ਹੋਣਗੇ।ਇਸ ਲਈ ਆਖਰੀ ਤੀਸਰਾ ਬੈਲਟਿੰਗ ਯੂਨਿਟ,ਨੰਬਰ ਦੋ ਨਾਲ ਅਤੇ ਨੰਬਰ ਦੋ,ਪਹਿਲੇ ਨੰਬਰ ਵਾਲੇ ਬੈਲਟਿੰਗ ਯੂਨਿਟ ਨਾਲ ਅਤੇ ਪਹਿਲਾ ਬੈਲਟਿੰਗ ਯੂਨਿਟ,ਵੀ ਵੀਪੈਟ ਲਾਗੇ ਰੱਖ ਲਵੋ ਜੀ।ਏ ਪੀ ਆਰ ਓ ਵਾਲੇ ਮੇਜ਼ ਤੇ ਕੰਟਰੋਲ ਯੂਨਿਟ ਰੱਖੋ ਜੀ,ਅਜੇ ਇਹ ਲੜੀ,ਚ ਰੱਖੀਆਂ ਮਸ਼ੀਨਾ ਜੋੜਨੀਆਂ ਨਹੀਂ ਹਨ।ਇਹ,ਇਸ ਲਈ ਕਰਨਾ ਹੈ ਕਿ ਤੜਕੇ ਜਿਆਦਾ ਹਿੱਲ ਜੁਲ ਨਾ ਕਰਨੀ ਪਵੇ।ਹੁਣ ਬੂਥ ਦੀ ਤਿਆਰੀ ਕਰ ਲਵਾਂਗੇ।ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰਸਤੇ ਤੇ ਪੋਸਟਰ,ਬੂਥ ਨੰਬਰ ਅਤੇ ਨਾਮ, ਉਮੀਦਵਾਰਾਂ ਦੀ ਸੂਚੀ ਆਦਿ ਸੂਚਨਾਵਾਂ ਬਾਹਰ ਚਿਪਕਾ ਲਵਾਂਗੇ।ਮੇਜ਼ ਕੁਰਸੀਆਂ ਸੀਰੀਅਲ ਵਾਈਜ ਸਜ਼ਾ ਲਵਾਂਗੇ,ਪਰ ਪ੍ਰਜਾਇਡਿੰਗ ਅਫਸਰ ਦੀ ਕੁਰਸੀ ਅਜਿਹੀ ਜਗ੍ਹਾ ਲਾਵਾਂਗੇ, ਜਿਥੋਂ ਉਹ ਪੂਰੀ ਚੋਣ ਪ੍ਰਕਿਰਿਆ ਨੂੰ ਮੈਨੇਜ ਕਰ ਸਕੇ ਤੇ ਨਿਗ੍ਹਾ ਵੀ ਰੱਖ ਸਕੇ। ਸ਼ਾਮ ਨੂੰ ਤੁਹਾਡੇ ਕੋਲ ਪੋਲਿੰਗ ਏਜੰਟ ਆਉਣੇ ਸ਼ੁਰੂ ਹੋ ਜਾਣਗੇ, ਉਨ੍ਹਾਂ ਨੂੰ ਸੂਚਨਾ ਦੇ ਦਿਓ ਕਿ ਉਹ ਤੜਕੇ ਪੌਣੇ ਪੰਜ ਵਜੇ ਤੱਕ ਜਰੂਰ ਪਹੁੰਚ ਜਾਣ ਤਾਂ ਕਿ ਮੋਕ ਪੋਲ ਸਮੇਂ ਸਿਰ ਕਰਵਾਈ ਜਾ ਸਕੇ।ਹੁਣ ਥੋੜ੍ਹਾ ਆਰਾਮ ਕਰ ਲਵੋ ਜੀ।ਇਸ ਉਪਰੰਤ ਵੱਖ ਵੱਖ ਫਾਰਮਾਂ ਅਤੇ ਵੱਖ ਲਿਫ਼ਾਫ਼ਿਆਂ ਤੇ ਲੋੜਿੰਦੀ ਜਾਣਕਾਰੀ, ਪੋਲਿੰਗ ਸਟੇਸ਼ਨ ਦਾ ਨਾਮ, (ਬੂਥ)ਨੰਬਰ, ਸਥਾਨ ਮਿਤੀ ਆਦਿ ਭਰਕੇ ਰੱਖ ਲਵੋ ਜੀ।ਫਿਰ ਮੋਕ ਪੋਲ ਨਾਲ ਸਬੰਧਤ ਫਾਰਮ ,ਕਾਲਾ ਲਿਫ਼ਾਫਾ, ਪਲਾਸਟਿਕ ਬਾਕਸ,ਮੋਕ ਪੋਲ ਵਾਲੀ ਮੋਹਰ,ਗਰੀਨ ਸੀਲ, ਸਪੈਸ਼ਲ ਟੈਗ,ਐਡਰੈਸ ਟੈਗ ਲੋੜ ਅਨੁਸਾਰ,ਧਾਗਾ, ਮੋਮਬੱਤੀ, ਸੀਲਿੰਗ ਬੈਕਸ(ਲਾਖ), ਮਾਚਿਸ,ਗੱਤੇ ਦਾ ਟੁਕੜਾ ਆਦਿ ਆਪਣੀ ਨਿਗ੍ਹਾ ‘ਚ ਕਰ ਲਵੋ (ਰੱਖੋ)ਜੀ।ਹੁਣ ਨਿਸਚਿੰਤ ਹੋ ਕੇ, ਕੋਈ ਵੀ ਰਹਿੰਦਾ ਕੰਮ ਪੂਰਾ ਕਰ ਲਵੋ ਜੀ। ਹੁਣ ਅਰਾਮ ਕਰੋ,ਟਹਿਲ ਲਵੋ।ਦੇਰ ਸ਼ਾਮ ਤੱਕ ਸਾਰੇ ਕੰਮ ਪੂਰੇ ਹੋਣ ਤੇ, ਪੀ. ਆਰ. ਓ., ਮਹਿਲਾ ਕਰਮਚਾਰੀਆਂ ਨੂੰ ਆਪਣੇ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦੇਵੇਗਾ ਅਤੇ ਸਵੇਰੇ ਸਮੇਂ ਸਿਰ ਪਹੁੰਚ ਕਰਨ ਲਈ ਹਦਾਇਤ ਕਰੇਗਾ।ਜੇਕਰ ਪੀ ਆਰ ਓ, ਖ਼ੁਦ ਮਹਿਲਾ ਹੈ ਤਾਂ ਆਪਣੇ ਹਿਸਾਬ ਨਾਲ ਰਹਿਣ ਜਾਂ ਜਾਣ ਦਾ ਪ੍ਰੋਗਰਾਮ ਉਲੀਕ ਲਵੇਗੀ।ਹੁਣ ਰਾਤ ਦਾ ਖਾਣਾ ਖਾਓ ਤੇ ਕੁਝ ਘੰਟੇ ਨੀਂਦ ਲਵੋ ਜੀ।ਪਰ ਓਪਰੀ ਥਾਂ ਅਤੇ ਬੋਝ,ਫਿਕਰ ਹੋਣ ਕਰਕੇ ਨੀਂਦ ਘੱਟ ਹੀ ਆਉਂਦੀ ਹੈ।ਅਲਾਰਮ ਲਾ ਕੇ ਸੌਣ ਦਾ ਯਤਨ ਕਰੋ ਜੀ।ਹੁਣ ਸਵੇਰੇ ਸਾਢੇ ਤਿੰਨ ਵਜੇ ਜਾਗ ਕੇ, ਫਰੈਸ਼ ਹੋ ਕੇ,ਨਹਾ ਧੋ ਕੇ ਸਾਢੇ ਚਾਰ ਵਜੇ ਤੱਕ ਤਿਆਰ ਹੋ ਜਾਵੋ ਜੀ। ਹੁਣ ਪੋਲਿੰਗ ਸਟੇਸ਼ਨ ਤੇ ਪੋਲਿੰਗ ਏਜੰਟ ਆਉਣੇ ਸ਼ੁਰੂ ਹੋ ਜਾਣਗੇ। ਉਹਨਾਂ ਪੋਲਿੰਗ ਏਜੰਟਾਂ ਨੂੰ ਆਈ ਕਾਰਡ ਜਾਰੀ ਕਰੋ ਜੀ।ਹੁਣ ਸਾਰੀਆਂ ਮਸ਼ੀਨਾ ਨੂੰ ਜੋੜਨਾਂ ਸ਼ੁਰੂ ਕਰ ਲਵੋ ਜੀ। ਪਹਿਲਾਂ ਹੀ ਆਪਣੇ ਆਪਣੇ ਥਾਂ ਤੇ ਪਈਆਂ ਮਸ਼ੀਨਾ ਅਨੁਸਾਰ,ਬੈਲਟਿੰਗ ਯੂਨਿਟ ਨੰਬਰ ਤਿੰਨ ਨੂੰ, ਨੰਬਰ ਦੋ ਨਾਲ ਜੋੜੋ,ਫਿਰ ਨੰਬਰ ਦੋ ਬੈਲਟਿੰਗ ਯੂਨਿਟ ਨੂੰ, ਨੰਬਰ ਇੱਕ ਨਾਲ ਜੋੜ ਲਵੋ ਜੀ।ਹੁਣ ਨੰਬਰ ਇੱਕ ਬੈਲਟਿੰਗ ਯੂਨਿਟ ਨੂੰ ਵੀ.ਵੀਪੈਟ ਨਾਲ ਜੋੜ ਲਵੋ ਜੀ।ਵੀ ਵੀ ਪੈਟ ਨਾਲ ਨੰਬਰ ਇੱਕ ਬੈਲਟਿੰਗ ਯੂਨਿਟ ਦਾ ਪਲੱਗ ਜਿਥੇ ਜੋੜਾਂਗੇ, ਬਿਲਕੁਲ ਉਸਦੇ ਉਪਰ ਇੱਕ ਸਵਿੱਚ ਹੈ, ਉਸਨੂੰ ਰਿਹਾਰਸਲਾਂ ‘ਚ ਦੱਸੇ ਅਨੁਸਾਰ ਨੰਬਰ ਵਾਲ਼ੇ ਪਾਸੇ ਕਰ ਦੇਣਾ ਹੈ । ਇਥੇ ਯਾਦ ਰੱਖਿਓ ਕਿ,ਆਏ ਹੋਏ ਪੋਲਿੰਗ ਏਜੰਟਾਂ ਨੂੰ ਵੀ,ਵੀ ਪੈਟ ਦਾ ਪਰਚੀਆਂ ਵਾਲਾ ਖਾਨਾ ਖਾਲੀ ਵੀ ਵਿਖਾਓ ਅਤੇ ਇਹ ਵੀ ਦੱਸੋ ਕਿ ਵੀ,ਵੀ ਪੈਟ ਆਪਣੀ ਟੈਸਟਿੰਗ ਲਈ ਖੂਦ ਸੱਤ ਪਰਚੀਆਂ ਕੱਟ ਕੇ ਬਾਕਸ ਵਿੱਚ ਸੁੱਟੇਗਾ।ਹੁਣ ਵੀ,ਵੀਪੈਟ ਵਾਲੀ ਲੀਡ , ਕੰਟਰੋਲ ਯੂਨਿਟ ਵਿੱਚ ਫਿੱਟ ਕਰਾਂਗੇ।ਇਸ ਉਪਰੰਤ ਵੀ,ਵੀਪੈਟ ਨੂੰ ਵਰਕਿੰਗ ਮੋਡ ਵਿੱਚ ਕਰਾਂਗੇ ਅਤੇ ਕੰਟਰੋਲ ਯੂਨਿਟ ਦੇ ਮਗਰ ਲੱਗੀ ਸਵਿੱਚ ਨੂੰ ਆੱਨ ਕਰਾਂਗੇ। ਮਸ਼ੀਨਾ ਚਲ ਜਾਣਗੀਆਂ।ਆਏ ਹੋਏ ਪੋਲਿੰਗ ਏਜੰਟਾਂ ਨੂੰ ਕੰਟਰੋਲ ਯੂਨਿਟ ਦੀ ਸਕਰੀਨ,ਲਾਲ ਅੱਖਰਾਂ ਵਾਲੀ ਦਿਖਾਓ। ਉੱਥੇ ਪੋਲਿੰਗ ਸਟੇਸ਼ਨ ਦਾ ਨਾਂਅ,ਮਿਤੀ, ਸਮਾਂ, ਉਮੀਦਵਾਰਾਂ ਦੀ ਗਿਣਤੀ,ਫੁੱਲ ਬੈਟਰੀ ਅਤੇ ਪਹਿਲਾ ਜ਼ੀਰੋ ਪਈਆਂ ਵੋਟਾਂ ਆਦਿ ਸ਼ੋਅ ਹੋਵੇਗਾ। ਹੁਣ ਇੱਕ ਜੂਨ ਨੂੰ, ਲਗਭਗ ਸਵੇਰੇ ਪੰਜ ਵਜੇ,ਕੰਟਰੋਲ ਯੂਨਿਟ ਤੋਂ ਇੱਕ ਇੱਕ ਵੋਟ ਜਾਰੀ ਕਰਦਿਆਂ ਪੋਲਿੰਗ ਏਜੰਟਾ ਰਾਹੀਂ ਕੁਲ ਪੰਜਾਹ ਵੋਟਾਂ ਇਸਤਰਾ ਪਵਾਓ ਕਿ ਘੱਟੋ ਘੱਟ ਇੱਕ ਇੱਕ ਉਮੀਦਵਾਰ ਨੂੰ ਇੱਕ ਇੱਕ ਵੋਟ ਜ਼ਰੂਰ ਪਵੇ। ਨੋਟਾ ਸਮੇਤ ਚੁਤਾਲੀ (44) ਅਤੇ ਛੇ ਕੋਈ ਵੀ ਹੋਰ ਡਬਲ ਕਰਕੇ ਕੁਲ ਪੰਜਾਹ ਵੋਟਾਂ ਮੋਕ ਪੋਲ ਕਰਵਾ ਲਵੋ ਜੀ।ਇਥੇ ਇਹ ਵੀ ਦੱਸਣਯੋਗ ਹੈ ਕਿ ਮੋਕ ਪੋਲ ਸੂਰੁ ਹੁੰਦਿਆਂ ਹੀ, ਪਹਿਲਾਂ ਵੀ,ਵੀਪੈਟ, ਆਪਣੇ ਆਪ ਸੱਤ ਪਰਚੀਆਂ ਖੁਦ ਦੀ ਟੈਸਟਿੰਗ ਲਈ ਬਾਕਸ ਵਿੱਚ ਸੁੱਟੇਗਾ,ਇਸਦੀ ਜਾਣਕਾਰੀ ਪੋਲਿੰਗ ਏਜੰਟਾਂ ਨੂੰ ਪਹਿਲਾਂ ਹੀ ਦੇ ਦਿੱਤੀ ਗਈ ਸੀ। ਲਗਭਗ ਪੰਜਾਹ ਵੋਟਾਂ ਪੈਣ ਉਪਰੰਤ, ਹੁਣ ਮੋਕ ਪੋਲ ਸਮਾਪਤ ਹੋ ਜਾਵੇਗੀ।ਹੁਣ ਕੰਟਰੋਲ ਯੂਨਿਟ ਦਾ ਕਲੋਜ਼ ਵਾਲਾ ਬਟਨ ਦੱਬ ਦਿਓ ਜੀ। ਪੋਲਿੰਗ ਏਜੰਟਾਂ ਨੂੰ ਵਿਖਾਓ ਕਿ ਹੁਣ ਨਾ ਹੀ ਕੰਟਰੋਲ ਯੂਨਿਟ ਤੋਂ ਕੋਈ ਵੋਟ ਜਾਰੀ ਹੋਵੇਗੀ ਅਤੇ ਨਾ ਹੀ ਕੋਈ ਵੋਟ ਬੈਲਟਿੰਗ ਯੂਨਿਟ ਰਾਹੀਂ ਪਵੇਗੀ। ਪੋਲਿੰਗ ਏਜੰਟਾਂ ਨੂੰ ਬੈਲਟਿੰਗ ਯੂਨਿਟ ਦੇ ਨੀਲੇ ਬਟਨ ਨੂੰ ਨੱਪ ਕੇ ਵੀ ਵਿਖਾ ਸਕਦੇ ਹਾਂ, ਹੁਣ ਵੋਟ ਪੋਲ ਨਹੀਂ ਹੋਵੇਗੀ। ਫਿਰ ਪੋਲਿੰਗ ਏਜੰਟਾਂ ਸਾਹਮਣੇ ਕੰਟਰੋਲ ਯੂਨਿਟ ਤੋਂ ਰਿਜਲਟ ਵਿਖਾਓ ਤੇ ਮਿਲਾਨ ਕਰੋ। ਜਿਸ ਉਮੀਦਵਾਰ ਨੂੰ ਜਿੰਨੀਆਂ ਵੋਟਾਂ ਪਈਆਂ ਸਨ, ਉਨ੍ਹਾਂ ਦੀ ਗਿਣਤੀ ਕਰੋ।ਸਭ ਕੁਝ ਮਿਲਾਣ ਤੋਂ ਬਾਅਦ ਵੀ,ਵੀ ਪੈਟ ਦੇ ਬਾਕਸ ਵਿੱਚ ਪਈਆਂ ਵੋਟਾਂ ਕੱਢਕੇ ਪੋਲਿੰਗ ਏਜੰਟਾਂ ਨੂੰ ਵਿਖਾਓ ਤੇ ਮਿਲਾਣ ਕਰਦਿਆਂ ਗਿਣਤੀ ਕਰੋ।ਸਭ ਕੁਝ ਗਿਣਤੀ ਅਨੁਸਾਰ ਪੂਰਾ ਹੀ ਹੋਵੇਗਾ। ਹੁਣ, ਪੋਲਿੰਗ ਏਜੰਟਾਂ ਦੇ ਸਾਹਮਣੇ, ਕੰਟਰੋਲ ਯੂਨਿਟ ਤੋਂ ਕਲੀਅਰ ਵਾਲਾ ਬਟਨ ਦੱਬ ਦਿਓ ਜੀ। ਪਈਆਂ ਵੋਟਾਂ (ਮੋਕ ਪੋਲ) ਕਲੀਅਰ ਹੋ ਜਾਣਗੀਆਂ। ਹੁਣ ਵੋਟਾਂ ਜ਼ੀਰੋ ਹੋ ਗਈਆਂ ਹਨ। ਇੱਥੇ ਸੀ,ਆਰ,ਸੀ(ਕਲੋਜ਼, ਰਿਜਲਟ, ਕਲੀਅਰ) ਵਾਲਾ ਫ਼ਾਰਮੂਲਾ ਪੂਰਾ ਹੋ ਜਾਵੇਗਾ।ਇਸ ਉਪਰੰਤ ਕੰਟਰੋਲ ਯੂਨਿਟ ਦੇ ਮਗਰੋਂ ਬਟਨ ਆਫ਼ ਕਰ ਦਿਓ ਜੀ। ਹੁਣ ਮੋਕ ਪੋਲ ਖਤਮ ਹੋ ਜਾਵੇਗੀ।ਵੀ,ਵੀਪੈਟ ਚੋਂ ਕੱਢੀਆਂ ਗਈਆਂ ਮੋਕ ਵੋਟ ਪਰਚੀਆਂ ਦੇ ਮਗਰ ਮੋਕ ਪੋਲ ਵਾਲੀ ਮੋਹਰ ਲਾ ਕੇ , ਗਿਣਤੀ ਕਰਕੇ ਕਾਲੇ ਲਿਫਾਫੇ ਜਾਂ ਪ੍ਰਾਪਤ ਲਿਫਾਫੇ ਵਿਚ ਸੀਲ ਕਰਕੇ ਮਿਲੇ ਪਲਾਸਟਿਕ ਦੇ ਬਾੱਕਸ ਵਿੱਚ ਪਾ ਕੇ ਸੀਲ ਕਰ ਦਿਓ ਜੀ। ਸਬੰਧਤ ਮੋਕ ਪੋਲ ਸਰਟੀਫਿਕੇਟ ( ਫਾਰਮ )ਭਰਕੇ, ਪੋਲਿੰਗ ਏਜੰਟਾਂ ਦੇ ਹਸਤਾਖਰ ਕਰਵਾ ਲਵੋ ਜੀ।ਹੁਣ ਅਸਲ ਪੋਲ ਦੀ ਤਿਆਰੀ ਕਰ ਲਵੋ ਜੀ। ਕੰਟਰੋਲ ਯੂਨਿਟ ਦੀ ਗਰੀਨ ਸੀਲ (ਏ.ਬੀ.ਲਿਖਤ ਸੀਲ) ਸਪੈਸ਼ਲ ਐਡਰੈਸ ਟੈਗ ਆਦਿ ਫਿੱਟ ਕਰ ਲਵੋ ਜੀ। ਹੁਣ ਏ,ਪੀ,ਆਰ,ਓ ਅਤੇ ਦੋਹੇਂ ਪੋਲਿੰਗ ਅਫ਼ਸਰਾਂ ਨੂੰ ਉਨਾਂ ਦਾ ਕੰਮ ਯਾਦ ਕਰਵਾ ਦਿਓ ਜੀ। ਹੁਣ ਪੂਰੇ ਸੱਤ ਵਜੇ ਅਸਲ ਪੋਲ ਸ਼ੁਰੂ ਕਰਨ ਲਈ, ਕੰਟਰੋਲ ਯੂਨਿਟ ਨੂੰ ਆੱਨ ਕਰਕੇ,ਪੋਲ ਸ਼ੁਰੂ ਕਰਵਾ ਲਵੋ ਜੀ। ਦੋ ਚਾਰ ਵੋਟਾਂ ਪਵਾਉਣ ਤੋਂ ਬਾਅਦ ਕੰਟਰੋਲ ਯੂਨਿਟ ਦਾ ਟੋਟਲ ਨੱਪਕੇ,ਮਿਲਾਣ ਕਰ ਲਵੋ ਜੀ। ਇਸਤਰਾਂ ਬੇਫ਼ਿਕਰ ਹੋ ਕੇ ਵੋਟਾਂ ਪੁਆਂਦੇ ਜਾਓ ਜੀ।ਏ,ਪੀ,ਆਰ,ਓ ਦਾ ਕੰਮ ਕੰਟਰੋਲ ਯੂਨਿਟ ਰਾਹੀਂ ਵੋਟਾਂ ਜਾਰੀ ਕਰਨ ਦਾ,ਲੋੜ ਅਨੁਸਾਰ ਟੋਟਲ ਚੈਕ ਕਰਨ ਦਾ, ਪੋਲਿੰਗ ਅਫ਼ਸਰ ਨੰਬਰ ਦੋ ਰਾਹੀਂ ਜਾਰੀ ਵੋਟ ਪਾਉਣ ਲਈ ਮਿਲੀ ਸਲਿਪ ਫੜਕੇ ਸਾਂਭਣਾ,ਵੋਟਰ ਦੀ ਉਂਗਲੀ ਤੇ ਲੱਗੀ ਸਿਹਾਈ ਚੈਕ ਕਰਨਾ ਹੈ। ਪੋਲਿੰਗ ਅਫ਼ਸਰ ਨੰਬਰ ਦੋ,ਵੋਟਰ ਰਜਿਸਟਰ ਤੇ ਵੋਟ ਪਾਉਣ ਆਏ ਵੋਟਰ ਦਾ ਵੋਟ ਨੰਬਰ,ਉਸਦੇ ਪਰਿਮਾਣ ਪੱਤਰ ਦੇ ਆਖਰੀ ਚਾਰ ਅੱਖਰ ਰਜਿਸਟਰ ਸਤਾਰਾਂ ਏ ਵਿੱਚ ਅੰਕਿਤ ਕਰੇਗਾ ,ਵੋਟਰ ਦਾ ਅੰਗੂਠਾ ਜਾਂ ਹਸਤਾਖਰ ਲਵੇਗਾ ਅਤੇ ਵੋਟ ਪਾਉਣ ਦੀ ਪ੍ਰਵਾਨਗੀ ਵਾਲੀ ਪਰਚੀ ਭਰਕੇ, ਉਸਨੂੰ ਜਾਂ ਨਾਲ ਬੈਠੇ ਏ,ਪੀ, ਆਰ, ਓ ਨੂੰ ਸਿੱਧੀ ਹੀ ਫ਼ੜਾ ਸਕਦਾ ਹੈ।ਹੁਣ ਗੱਲ ਕਰਦੇ ਹਾਂ ਪੋਲਿੰਗ ਅਫ਼ਸਰ ਨੰਬਰ ਇੱਕ ਦੀ, ਪੋਲਿੰਗ ਅਫ਼ਸਰ ਨੰਬਰ ਇੱਕ, ਆਏ ਵੋਟਰ ਦੀ ਉਸਦੇ ਪਹਿਚਾਣ ਪੱਤਰ ਤੋਂ ਪਹਿਚਾਣ ਕਰੇਗਾ।ਉਸਦਾ ਵੋਟ ਨੰਬਰ ਉਚੀ ਬੋਲੇਗਾ ਤਾਂ ਕਿ, ਪੋਲਿੰਗ ਏਜੰਟਾਂ ਅਤੇ ਪੋਲਿੰਗ ਅਫ਼ਸਰ ਨੰਬਰ ਦੋ ਨੂੰ ਸੁਣਾਈ ਦੇ ਸਕੇ।ਮਾਰਕਿਡ ਕਾਪੀ ਤੇ ਅੰਕਿਤ ਮੇਲ,ਫੀਮੇਲ ਦੇ ਹਿਸਾਬ ਨਾਲ ਨਿਸ਼ਾਨ ਲਾ ਲਵੇਗਾ ਅਤੇ ਉਸਦੇ ਹੱਥ ਦੀ ਅੰਗੂਠੇ ਦੇ ਨਾਲ ਦੀ ਪਹਿਲੀ ਉਂਗਲ ਤੇ ਸਿਆਹੀ ਦਾ ਨਿਸ਼ਾਨ ਲਾ ਦੇਵੇਗਾ। ਇਸਤਰਾਂ ਵੋਟਿੰਗ ਹੁੰਦੀ ਰਹੇਗੀ।ਆਖਰ ਤੇ ਕਲੋਜਿੰਗ ਸਮੇਂ, ਆਖਰੀ ਵੋਟ ਪੈਣ ਉਪਰੰਤ, ਕੰਟਰੋਲ ਯੂਨਿਟ ਦੇ ਬਾਹਰ, ਮੂਹਰੇ ਲੱਗਿਆਂ ਕਾਲਾ/ਨੀਲਾ ਟੱਕਣ ਚੁੱਕ ਕੇ ਕਲੋਜ਼ ਵਾਲਾ ਬਟਨ ਨੱਪ ਦਿਓ ਜੀ ਅਤੇ ਕੰਟਰੋਲ ਯੂਨਿਟ ਨੂੰ ਸਵਿੱਚ ਤੋਂ ਆਫ਼(ਬੰਦ)ਕਰ ਦਿਓ ਜੀ,ਫਿਰ ਵੀ,ਵੀ ਪੈਟ ਦੀ ਬੈਟਰੀ ਕੱਢ ਕੇ ਸਬੰਧਤ ਲਿਫਾਫੇ ਜਾਂ ਬਾਕਸ ਵਿੱਚ ਪਾ ਲਵੋ ਜੀ। ਅਤੇ ਫਿਰ ਲੋੜ ਅਨੁਸਾਰ ਫ਼ਾਰਮ ਭਰੋ, ਲਿਫ਼ਾਫ਼ਿਆਂ ਵਿੱਚ ਪਾਓ,ਲੋੜ ਅਨੁਸਾਰ ਖੁਲ੍ਹੇ ਰੱਖੋ ਜਾਂ ਸੀਲ ਕਰ ਦਿਓ। ਮਸ਼ੀਨਾ ਬਾਕਸਿਆਂ ਵਿੱਚ ਬੰਦ ਕਰਕੇ ਟੈਗ ਆਦਿ ਲਾ ਦਿਓ ਜੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰੋ। ਹੁਣ ਵਾਪਸ,ਸਮਾਨ ਜਮਾਂ ਕਰਵਾਉਣ ਵਾਲੇ ਸਥਾਨ ਤੇ ਪਹੁੰਚ ਕੇ ਸਮਾਨ ਜਮਾਂ ਕਰਵਾਓ ਜੀ। ਪ੍ਰਾਪਤੀ ਦੀ ਰਸੀਦ ਜ਼ਰੂਰ ਲੈਣੀ ਚਾਹੀਦੀ ਹੈ। ਖੁਸ਼ੀ- ਖੁਸ਼ੀ, ਸੁੱਖੀ ਸਾਂਦੀ ਆਪਣੇ ਆਪਣੇ ਘਰਾਂ ਨੂੰ ਜਾਓ ਜੀ। ਧੰਨਵਾਦ।
ਬਲਦੇਵ ਜਗਰਾਓਂ (ਲੈਕਚਰਾਰ)
9463031931