ਨਵਾਂਸ਼ਹਿਰ, 27 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਅਗਾਮੀ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਲੋਕ ਸਭਾ ਸੈਗਮੈਂਟ 46-ਬੰਗਾ, 47-ਨਵਾਂਸ਼ਹਿਰ ਅਤੇ 48-ਬਲਾਚੌਰ ਦੇ ਦੋਆਬਾ ਕਾਲਜ ਛੋਕਰਾ ਵਿਖੇ ਬਣਾਏ ਜਾਣ ਵਾਲੇ ਸਟਰਾਂਗ ਰੂਮ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਟਰਾਂਗ ਰੂਮ ਅੰਦਰ ਲਾਈਟ, ਪੱਖੇ ਆਦਿ ਸਬੰਧੀ ਕੀਤੇ ਪ੍ਰਬੰਧਾਂ ਸਬੰਧੀ ਸਬੰਧਤ ਏ.ਆਰ.ਓਜ਼ ਤੋਂ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ, ਐਸ.ਡੀ.ਐਮ. ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਬਲਾਚੌਰ ਰਵਿੰਦਰ ਸਿੰਘ ਬੰਸਲ, ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪੰਥੇ ਵੀ ਹਾਜ਼ਰ ਸਨ।ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕ ਸਭਾ ਸੈਗਮੈਂਟ 46-ਬੰਗਾ, 47-ਨਵਾਂਸ਼ਹਿਰ ਅਤੇ 48-ਬਲਾਚੌਰ ਦੀਆਂ ਈ.ਵੀ.ਐਮਜ਼ ਜਿਸ ਥਾਂ ਤੇ ਰੱਖੀਆਂ ਜਾਣੀਆਂ ਹਨ, ਉਨ੍ਹਾਂ ਸਟਰਾਂਗ ਰੂਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਹੈ ਤਾਂ ਜੋ ਲੋਕ ਸਭਾ ਚੋਣਾ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਈਆਂ ਜਾ ਸਕਣ। ਉਨ੍ਹਾਂ ਨੇ ਦੱਸਿਆ ਕਿ ਲੋਕ ਸਭਾ ਚੋਣਾ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚੜਾਉਣ ਲਈ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲ੍ਹੇ ਅੰਦਰ ਚੋਣਾਂ ਦੌਰਾਨ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਪੁਲਿਸ ਟੀਮਾਂ ਵੱਲੋਂ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਅੰਦਰ ਕੋਈ ਵੀ ਸ਼ੱਕੀ ਵਸਤੂ ਦਾਖਲ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਗਰੀਨ ਇਲੈਕਸ਼ਨ ਵਜੋਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਪੋਲਿੰਗ ਬੂਥਾਂ ‘ਤੇ ਮੁਫ਼ਤ ਪੌਦੇ ਵੀ ਵੰਡੇ ਜਾਣਗੇ ਤਾਂ ਜੋ ਵੋਟਰ ਵੋਟ ਪਾਉਣ ਉਪਰੰਤ ਪੌਦੇ ਆਪਣੇ ਨਾਲ ਘਰਾਂ ਵਿੱਚ ਲੈ ਕੇ ਜਾਉਣ ਅਤੇ ਉਨ੍ਹਾਂ ਨੂੰ ਖਾਲੀ ਥਾਂਵਾਂ ‘ਤੇ ਲਗਾਉਣ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਪਾਉਣ ਦੇ ਨਾਲ-ਨਾਲ ਆਪਣੇ ਘਰਾਂ ਜਾਂ ਆਲੇ ਦੁਆਲੇ ਖਾਲੀ ਥਾਂਵਾਂ ‘ਤੇ ਪੌਦੇ ਵੀ ਲਗਾਉਣ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਤਾਇਨਾਤ ਕੀਤਾ ਗਿਆ ਸਟਾਫ਼ ਆਪਣੀ ਚੋਣ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਤਰਾਂ ਦੀ ਅਣਗਹਿਲੀ ਜਾਂ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।