ਲੁਧਿਆਣਾ, 2 ਜੂਨ (ਰਾਜੇਸ਼ ਜੈਨ) : ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਹੁੱਲੜਬਾਜ਼ੀ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ‘ਚ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਹਿਲੇ ਮਾਮਲੇ ‘ਚ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਦੇਸ ਰਾਜ ਨੇ ਦੱਸਿਆ ਕਿ 1 ਜੂਨ ਨੂੰ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਕੈਲਵਰੀ ਚਰਚ ਤੋਂ ਈਸਾ ਨਗਰੀ ਪੁਲੀ ਵੱਲ ਜਾ ਰਹੇ ਸਨ। ਜਦੋਂ ਉਹ ਈਸਾ ਨਗਰੀ ਪੁਲੀ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ‘ਆਪ’ ਦਾ ਵਰਕਰ ਹਰਸ਼ ਆਪਣੇ ਨਾਲ 10-12 ਅਣਪਛਾਤੇ ਲੋਕਾਂ ਨੂੰ ਲੈ ਕੇ ਕਾਫਲਾ ਬਣਾ ਕੇ ਪ੍ਰਚਾਰ ਤੇ ਹੁੱਲੜਬਾਜ਼ੀ ਕਰ ਰਿਹਾ ਹੈ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 3 ‘ਚ ਮੁਹੱਲਾ ਚੰਦਨ ਨਗਰ ਵਾਸੀ ਹਰਸ਼ ਅਤੇ ਉਸ ਦੇ 10-12 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉੱਥੇ ਦੂਜੇ ਪਾਸੇ ਮਾਮਲੇ ‘ਚ ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਮੈਡ ਦੀ ਚੱਕੀ ‘ਤੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਬਲਵੀਰ ਸਿੰਘ ਨੇ ਆਪਣੀ ਗੱਡੀ ਸਮੇਤ ਚਾਰ ਹੋਰ ਗੱਡੀਆਂ ‘ਤੇ ‘ਆਪ’ ਦੇ ਝੰਡੇ ਅਤੇ ਪੋਸਟਰ ਲਾਏ ਹੋਏ ਹਨ ਅਤੇ ਉਹ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਤੋਂ ਬਾਅਦ ਥਾਣਾ ਸ਼ਿਮਲਾਪੁਰੀ ‘ਚ ਮੁਲਜ਼ਮ ਬਲਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉੱਥੇ ਤੀਜੇ ਮਾਮਲੇ ‘ਚ ਜਾਣਕਾਰੀ ਦਿੰਦਿਆਂ ਏਐੱਸਆਈ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਗਿੱਲ ਰੋਡ ਤੋਂ ਗਿੱਲ ਚੌਕ ਵੱਲ ਜਾ ਰਹੇ ਸਨ। ਜਦੋਂ ਉਹ ਗਿੱਲ ਰੋਡ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ 35-40 ਅਣਪਛਾਤੇ ਵਿਅਕਤੀ ਲੇਬਰ ਕਾਲੋਨੀ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਹੁੱਲੜਬਾਜ਼ੀ ਕਰ ਰਹੇ ਸਨ, ਜਿਸ ਕਾਰਨ ਮੁਲਜ਼ਮਾਂ ਨੇ ਸ਼ਾਂਤੀਪੂਰਵਕ ਚੱਲ ਰਹੀ ਵੋਟਿੰਗ ‘ਚ ਅੜਿੱਕਾ ਪਾਇਆ। ਪੁਲਿਸ ਅਨੁਸਾਰ ਮੁਲਜ਼ਮਾਂ ਦੀਆਂ ਗੱਡੀਆਂ ‘ਤੇ ਭਾਜਪਾ ਦੇ ਝੰਡੇ ਅਤੇ ਬੈਨਰ ਲੱਗੇ ਹੋਏ ਸਨ। ਥਾਣਾ ਡਵੀਜ਼ਨ ਨੰਬਰ 6 ‘ਚ ਮਾਡਲ ਟਾਊਨ ਵਾਸੀ ਰਵੀ ਕੁਮਾਰ ਤੇ 35-40 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।