ਜਗਰਾਓਂ, 8 ਜੂਨ ( ਅਸ਼ਵਨੀ, ਧਰਮਿੰਦਰ )-ਕਿਰਤੀ ਕਿਸਾਨ ਯੂਨੀਅਨ ਪੰਜਾਬ (ਏਆਈਐਮਕੇਐਸ ) 2024 ਪਾਰਲੀਮੈਂਟ ਦੇ ਚਣਾਵੀ ਰਿਜਲਟ ਸੰਬੰਧੀ ਮਹਿਸੂਸ ਕਰਦੀ ਹੈ ਕਿ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਸਿਆਣਪ ਦਾ ਸਬੂਤ ਦਿੰਦੇ ਹੋਏ ਠੀਕ ਫੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਲੋਕ ਜਦੋਂ ਸਮੂਹਕ ਤੌਰ ਤੇ ਹੁੰਗਾਰਾ ਦਿੰਦੇ ਹਨ ਤਾਂ ਠੀਕ ਪੈਂਤੜਾ ਲੈਂਦੇ ਹਨ, ਲੋਕ ਨਾ ਖਰੀਦੇ ਜਾ ਸਕਦੇ ਹਨ ਅਤੇ ਨਾ ਹੀ ਨਸ਼ਿਆ ਦੇ ਦਬਾਅ ਹੇਠ ਆਪਣੀ ਰਾਇ ਬਦਲਦੇ ਹਨ। ਲੋਕਾਂ ਨੇ ਜੱਥੇਬੰਦੀ ਦੀ ਸਮਝ ਉੱਪਰ ਮੋਹਰ ਲਾ ਦਿੱਤੀ ਹੈ। ਇਹ ਐਲਾਨ ਜੱਥੇਬੰਦੀ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਹਾਕਮਾਂ ਨੂੰ ਸੁਨੇਹਾ ਦਿੱਤਾ ਹੈ ਕਿ ਲੋਕ ਉਨ੍ਹਾਂ ਤੋਂ ਨਿਰਾਸ਼ ਹਨ। ਲੋਕ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰਸਰ ਸਾਹਿਬ ਤੇ ਕੀਤੇ ਓਪਰੇਸ਼ਨ ਬਲਿਊ ਸਟਾਰ ਦੇ ਨਾਮ ਕੀਤੇ ਗਏ ਹਮਲੇ ਨੂੰ ਭੁੱਲ ਨਹੀਂ ਸਕਦੇ, ਨਾ ਹੀ 1984 ਦਿੱਲੀ ਸਮੇਤ ਹੋਰ ਸ਼ਹਿਰਾਂ ਵਿੱਚ ਕੀਤੇ ਕਤਲੇਆਮ ਨੂੰ ਭੁੱਲ ਸਕਦੇ ਹਨ। ਸ੍ਰੀ ਖੰਡੂਰ ਸਾਹਿਬ ਅਤੇ ਫਰੀਦਕੋਟ ਸੀਟਾਂ ਉੱਪਰ ਲੋਕਾਂ ਨੇ ਇਹੀ ਸੁਨੇਹਾ ਦਿੱਤਾ ਹੈ। ਬਾਕੀ ਪੰਜਾਬ ਵਿੱਚ ਲੋਕਾਂ ਨੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਹੈ ਕਿ ਲੋਕਾਂ ਨੇ 92 ਇਸ ਕਰਕੇ ਨਹੀਂ ਜਿਤਾਏ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਸਰਕਾਰ ਉਨ੍ਹਾਂ ਨੂੰ ਹਲ ਕਰਨ ਲਈ ਕੋਈ ਗੰਭੀਰਤਾ ਨਾ ਦਿਖਾਏ। ਜਿਨ੍ਹਾਂ ਉਮੀਦਾਂ ਨਾਲ ਲੋਕਾਂ ਨੇ ਵੋਟਾਂ ਪਾਈਆਂ ਸਨ, ਲੋਕ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਮੁੱਦਿਆਂ ਤੇ ਕੰਮ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ। ਲੋਕ ਚਾਹੁੰਦੇ ਹਨ ਕਿ ਮਾਨ ਸਰਕਾਰ ਪੰਜਾਬ ਦੀ ਸਹੀ ਨੁਮਾਇੰਦਗੀ ਕਰੇ ਨਹੀਂ ਤਾਂ 2027 ਬਹੁਤੀ ਦੂਰ ਨਹੀਂ ਹੈ ਅਤੇ ਪੰਜਾਬ ਸਰਕਾਰ ਨੂੰ ਉਸਦਾ ਖਮਿਆਜ਼ਾ ਭੁਗਤਨਾ ਪਏਗਾ। ਸੰਧੂ ਨੇ ਕਿਹਾ ਕਿ ਇਸ ਗੱਲ ਵਿਚ ਖੁਸ਼ੀ ਨਾ ਮਨਾਈ ਜਾਵੇ ਕਿ ਭਾਜਪਾ ਹਾਰ ਗਈ ਹੈ, ਉਨ੍ਹਾਂ ਕਿਹਾ ਕਿ ਭਾਜਪਾ ਹਾਰੀ ਨਹੀਂ ਹੈ ਸਗੋਂ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਗਈ ਹੈ।