ਜਗਰਾਓਂ, 21 ਦਸੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਅਨਾਜ ਮੰਡੀ ਵਿਖੇ ਕਾਂਗਰਸ ਪਾਰਟੀ ਦੀ ਵਿਸ਼ਾਲ ਰੋਸ ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਲਗਾਏ ਗਏ ਨਗਰ ਕੌਂਸਲ ਜਗਰਾਉਂ ਦੇ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ ਦੀ ਫੋਟੋ ਵਾਲੇ ਫਲੈਕਸ ਬੋਰਡ ਕਾਫੀ ਚਰਚਾ ਵਿਚ ਰਹੇ। ਉਨ੍ਹਾਂ ਫਲੈਕਸ ਬੋਰਡਾਂ ’ਤੇ ਜਤਿੰਦਰ ਪਾਲ ਰਾਣਾ ਦੀ ਫੋਟੋ ਨਾਲ ਲਿਖਿਆ ਸੀ ਕਿ ਮੇਰੀ ਇਮਾਨਦਾਰੀ ਦਾ ਇਨਾਮ ਦੇਣ ਦੀ ਬਜਾਏ ਮੈਨੂੰ ਪੰਜਾਬ ਦੀ ’ਆਪ’ ਸਰਕਾਰ ਨੇ ਸਜ਼ਾ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਕਿ ਮੈਨੂੰ ਗਰੀਬ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦੀ ਸਜ਼ਾ ਦਿੱਤੀ ਗਈ, ਮੈਨੂੰ ਇੱਕ ਬਜ਼ੁਰਗ ਐਨ.ਆਰ.ਆਈ. ਔਰਤ ਦੇ ਘਰ ਦਾ ਕਬਜ਼ਾ ਛੁਡਵਾਉਣ ਦੀ ਸਜ਼ਾ ਦਿੱਤੀ ਗਈ, ਮੈਨੂੰ ਸ਼ਹਿਰ ਦੀਆਂ ਸੜਕਾਂ ਨੂੰ ਸੁਧਾਰਨ ਦੀ ਸਜ਼ਾ ਦਿੱਤੀ ਗਈ, ਮੈਨੂੰ ਸਰਕਾਰੀ ਜਾਇਦਾਦਾਂ ਤੋਂ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੀ ਸਜ਼ਾ ਮਿਲੀ, ਮੈਨੂੰ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਸਜ਼ਾ ਮਿਲੀ, ਮੈਨੂੰ ਸੱਚ ’ਤੇ ਪਹਿਰਾ ਦੇਣ ਦੀ ਸਜ਼ਾ ਮਿਲੀ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਸਜ਼ਾ ਮਿਲੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਦੀ ਸ਼ਿਕਾਇਤ ’ਤੇ ਕਿ ਨਗਰ ਕੌਂਸਲ ਦੇ ਤਤਕਾਲੀਨ ਪ੍ਰਧਾਨ ਜਤਿੰਦਰ ਪਾਲ ਰਾਣਾ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਉਲਟ ਜਾ ਕੇ ਉਨ੍ਹਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਕੱਚੇ ਸਫਾਈ ਸੇਵਕਾਂ ਅਤੇ ਸੀਵਰੇਜਮੈਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਦੋਸ਼ ਲਾਏ ਗਏ ਸਨ। ਉਸ ਸ਼ਿਕਾਇਤ ’ਤੇ ਪੰਜਾਬ ਸਰਕਾਰ ਨੇ ਜਤਿੰਦਰ ਪਾਲ ਰਾਣਾ ਨੂੰ ਬਰਖਾਸਤ ਕਰ ਦਿੱਤਾ ਸੀ।