Home Political ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ ‘ਚੋਂ...

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ‘ਚ 11 ਮਹੀਨਿਆਂ ਦੌਰਾਨ ਆਈਆਂ ਸ਼ਿਕਾਇਤਾਂ ‘ਚੋਂ 98 ਫੀਸਦੀ ਦਾ ਨਿਪਟਾਰਾ: ਜਿੰਪਾ

49
0

ਚੰਡੀਗੜ(ਬੋਬੀ ਸਹਿਜਲ-ਧਰਮਿੰਦਰ )ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਵਿਭਾਗ ਦੇ ਸ਼ਿਕਾਇਤ ਨਿਵਾਰਨ ਕੇਂਦਰ ‘ਚ 11 ਮਹੀਨਿਆਂ ਦੌਰਾਨ  ਆਈਆਂ ਸ਼ਿਕਾਇਤਾਂ ‘ਚੋਂ ਤਕਰੀਬਨ 98 ਫੀਸਦੀ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ ‘ਚ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਮਕਸਦ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੂਰੀ ਸਿਦਕ ਅਤੇ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸਾਫ-ਸੁਥਰਾ ਅਤੇ ਕੂੜਾ ਮੁਕਤ ਰੱਖਣ ਲਈ ਵੀ ਬਹੁਤ ਸਾਰੀਆਂ ਯੋਜਵਾਨਾਂ ਉੱਤੇ ਕੰਮ ਹੋ ਰਿਹਾ ਹੈ। 

ਜਿੰਪਾ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਟੋਲ ਫਰੀ ਨੰਬਰ 1800-180-2468 ਉੱਤੇ ਜੇਕਰ ਕਿਸੇ ਪਿੰਡ ਵਾਸੀ ਜਾਂ ਪੰਚਾਇਤ ਵੱਲੋਂ ਜਲ ਸਪਲਾਈ, ਆਰ.ਓ. ਪਲਾਂਟ, ਸੀਵਰੇਜ ਜਾਂ ਨਿੱਜੀ ਪਖਾਨਿਆਂ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਦਾ ਹੱਲ ਸਬੰਧਤ ਅਧਿਕਾਰੀ ਵੱਲੋਂ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਨੰਬਰ ਉੱਤੇ 1 ਮਾਰਚ 2022 ਤੋਂ ਲੈ ਕੇ 6 ਫਰਵਰੀ 2023 ਤੱਕ 18 ਹਜ਼ਾਰ 693 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 18 ਹਜ਼ਾਰ 308 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਇਹ ਦਰ 97.94 ਫੀਸਦੀ ਬਣਦੀ ਹੈ। 

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦਾ ਨਿਪਟਾਰਾ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਤੋਂ ਫੀਡਬੈਕ ਵੀ ਲਿਆ ਜਾਂਦਾ ਹੈ ਅਤੇ ਜੇਕਰ ਉਹ ਸ਼ਿਕਾਇਤ ਦੇ ਹੱਲ ਤੋਂ ਸੰਤੁਸ਼ਟ ਨਹੀਂ ਤਾਂ ਉਸ ਦੀ ਸ਼ਿਕਾਇਤ ‘ਤੇ ਦੋਬਾਰਾ ਯੋਗ ਕਾਰਵਾਈ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪਿੰਡ ਵਾਸੀਆਂ ਨੂੰ ਸਾਫ ਪੀਣਯੋਗ ਪਾਣੀ ਅਤੇ ਢੁਕਵੇਂ ਸੀਵਰੇਜ ਦੀ ਸਹੂਲਤ ਦੇਣ ਲਈ ਮਾਨ ਸਰਕਾਰ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਨ ਲਾਈਨ ਜਨਤਾ ਦਰਬਾਰ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲੋਕ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸਿੱਧਾ ਮੰਤਰੀ ਸਾਹਮਣੇ ਰੱਖ ਸਕਣ। 

ਜਿੰਪਾ ਨੇ ਅਪੀਲ ਕੀਤੀ ਕਿ ਕੋਈ ਵੀ ਪਿੰਡ ਵਾਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਜਾਂ ਸੁਝਾਅ ਸਬੰਧੀ ਆਪਣੇ ਵਿਚਾਰ ਬਿਨਾਂ ਕਿਸੇ ਝਿਜਕ ਦੇ ਪੇਸ਼ ਕਰੇ। ਇਸ ਦਾ ਹੱਲ ਕੱਢਣ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਜੀਵਨ ਪੱਧਰ ਉੱਚਾ ਚੁੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

LEAVE A REPLY

Please enter your comment!
Please enter your name here