14-15 ਵਿਸਬੇ ਵਿੱਚ ਬਣੀ ਕੋਠੀ ਦਾ ਹਾਊਸ ਟੈਕਸ ਵੀ 250 ਗਜ਼ ਦਾ ਜਮ੍ਹਾਂ ਕਰਵਾਇਆ
ਜਗਰਾਓਂ, 18 ਜੂਨ ( ਭਗਵਾਨ ਭੰਗੂ, ਜਗਰੂਪ ਸੋਹੀ, ਮੋਹਿਤ ਜੈਨ )-ਪਿਛਲੇ ਕੁਝ ਦਿਨਾਂ ਤੋਂ ਜਗਰਾਓਂ ਦੇ ਹੀਰਾ ਬਾਗ ’ਚ ਐਨ.ਆਰ.ਆਈ ਪਰਿਵਾਰ ਦੀ ਕੋਠੀ ’ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਸਥਾਨਕ ਵਿਧਾਇਕਾ ਸਰਵਜੀਤ ਕੌਰ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਹਨ। ਭਾਵੇਂ ਹੁਣ ਉਨ੍ਹਾਂ ਨੇ ਕੋਠੀ ਖਾਲੀ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਇਹ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ, ਸਗੋਂ ਹੋਰ ਵੀ ਵਧਦਾ ਜਾ ਰਿਹਾ ਹੈ। ਇਸ ਸਬੰਧੀ ਐਤਵਾਰ ਨੂੰ ਕਾਂਗਰਸ ਪਾਰਟੀ ਵੀ ਸਿੱਧੇ ਤੌਰ ’ਤੇ ਪੀੜਤ ਪਰਿਵਾਰ ਦੇ ਹੱਕ ਵਿਚ ਮੈਦਾਨ ਵਿਚ ਆ ਗਈ। ਹਲਕਾ ਜਗਰਾਉਂ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ’ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਤਿੱਖੇ ਸਵਾਲ ਕੀਤੇ। ਜਗਤਾਰ ਸਿੰਘ ਨੇ ਕਿਹਾ ਕਿ ਵਿਧਾਇਕ ਮਾਣੂੰਕੇ ਦਲਿਤ ਪੱਤਾ ਖੇਡ ਕੇ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਵਾਰ-ਵਾਰ ਕਹਿ ਰਹੇ ਹਨ ਕਿ ਦਲਿਤ ਪਰਿਵਾਰ ਦੀ ਧੀ ਹੋਣ ਕਾਰਨ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਕਹਿ ਕੇ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਮਿਲਣੀ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਿਹਾ ਹੈ। ਅਸਲੀਅਤ ਕੀ ਹੈ ਉਹ ਲੋਕਾਂ ਦੇ ਸਾਹਮਣੇ ਹੈ। ਇਸ ਦਾ ਜਵਾਬ ਵਿਧਾਇਕ ਮਾਣੂੰਕੇ ਨੂੰ ਹਰ ਹਾਲਤ ਵਿਚ ਦੇਣਾ ਪਵੇਗਾ। ਵਿਧਾਇਕਾ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਐਨਆਰਆਈ ਪਰਿਵਾਰ ਦੀ ਕੋਠੀ ਦੀ ਰਜਿਸਟਰੀ 21 ਮਈ ਨੂੰ ਕਰਵਾਈ ਗਈ ਹੈ ਜਦੋਂ ਕਿ 21 ਮਈ ਨੂੰ ਐਤਵਾਰ ਹੈ। ਰਜਿਸਟਰੀ ਕਰਵਾਉਣ ਵਾਲੇ ਵਿਅਕਤੀ ਨੂੰ ਅਤੇ ਕੋਠੀ ਖਰੀਦਣ ਵਾਲੇ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਜਿਹੀ ਕਿਹੜੀ ਸਹੂਲਤ ਦਿੱਤੀ ਗਈ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀ ਐਤਵਾਰ ਨੂੰ ਹੀ ਕੋਠੀ ਦੀ ਰਜਿਸਟਰੀ ਕਰਵਾ ਦਿਤੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮੰਜ਼ਿਲਾ ਕੋਠੀ 14-15 ਵਿਸਬੇ ਕਰਮ ਸਿੰਘ ਨੂੰ ਅਸ਼ੋਕ ਕੁਮਾਰ ਨੇ ਸਿਰਫ਼ 13 ਲੱਖ ਰੁਪਏ ਵਿੱਚ ਵੇਚਿਆ ਸੀ। ਜਦੋਂ ਕਿ ਹੀਰਾਬਾਗ ਦਾ ਇਲਾਕਾ ਜਗਰਾਉਂ ਦਾ ਸਭ ਤੋਂ ਮਹਿੰਗਾ ਇਲਾਕਾ ਹੈ। ਕਰੋੜਾਂ ਦੀ ਕੋਠੀ ਸਿਰਫ਼ ਤੇਰਾਂ ਲੱਖ ਰੁਪਏ ਵਿੱਚ ਵਿਕ ਗਈ। ਜੱਗਾ ਨੇ ਕਿਹਾ ਕਿ ਵਿਧਾਇਕ ਮਾਣੂੰਕੇ ਹੁਣ ਕੋਠੀ ਵੇਚਣ ਵਾਲੇ ਅਸ਼ੋਕ ਕੁਮਾਰ ਅਤੇ ਖਰੀਦਦਾਰ ਕਰਮ ਸਿੰਘ ਤੋਂ ਕਿਨਾਰਾ ਕਰ ਰਹੇ ਹਨ। ਪਰ ਇਨ੍ਹਾਂ ਦੋਵਾਂ ਦੀਆਂ ਵਿਧਾਇਕ ਨਾਲ ਤਸਵੀਰਾਂ ਕਾਫੀ ਚਰਚਿਤ ਹੋ ਰਹੀਆਂ ਹਨ। ਪਿਛਲੇ ਦਿਨੀਂ ਟਰੱਕ ਯੂਨੀਅਨ ਵਿੱਚ ਕਣਕ ਦੀ ਫਸਲ ਦੀ ਢੋਆ-ਢੁਆਈ ਲਈ ਅਸ਼ੋਕ ਕੁਮਾਰ ਨੂੰ ਟੈਂਡਰ ਦੇਣ ਦਾ ਮਾਮਲਾ ਵੀ ਸੁਰਖੀਆਂ ਵਿੱਚ ਰਿਹਾ ਸੀ। ਉਸ ਵਿੱਚ ਵੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਦਖਲ ਕਾਰਨ ਅਸ਼ੋਕ ਕੁਮਾਰ ਦਾ ਟੈਂਡਰ ਰੱਦ ਹੋ ਗਿਆ ਸੀ। ਇਹ ਦੋਵੇਂ ਵਿਅਕਤੀ ਵਿਧਾਇਕ ਮਾਣੂੰਕੇ ਦੇ ਬਹੁਤ ਕਰੀਬੀ ਸਾਥੀ ਹਨ। ਇਸ ਲਈ ਵਿਧਾਇਕ ਕੋਠੀ ਖਾਲੀ ਕਰਕੇ ਚਾਬੀ ਕਰਮ ਸਿੰਘ ਨੂੰ ਸੌਂਪ ਕੇ ਇਸ ਮਾਮਲੇ ਵਿੱਚ ਬਚ ਨਹੀਂ ਸਕਣਗੇ। ਇਸ ਸਬੰਧੀ ਕਾਂਗਰਸ ਪਾਰਟੀ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਹਿਯੋਗ ਕਰੇਗੀ। ਜਿਸ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ ਉਹ ਕੀਤਾ ਜਾਵੇਗਾ।
ਸਿਰਫ 250 ਗਜ਼ ਦਾ ਹਾਊਸ ਟੈਕਸ ਭਰਿਆ.
ਇਸ ਮੌਕੇ ਸਾਬਕਾ ਵਿਧਾਇਕ ਜੱਗਾ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਰਿਕਾਰਡ ਅਨੁਸਾਰ ਇਸ 14-15 ਵਿਸਬੇ ਵਿੱਚ ਬਣੀ ਤਿੰਨ ਮੰਜ਼ਿਲਾ ਕੋਠੀ ਦਾ ਹਾਊਸ ਟੈਕਸ 250 ਗਜ਼ ਦੀ ਜਗ੍ਹਾ ਦੇ ਹਿਸਾਬ ਨਾਲ ਜਮ੍ਹਾਂ ਕਰਵਾਇਆ ਗਿਆ ਹੈ। ਇਹ ਵੀ ਵੱਡੀ ਜਾਂਚ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਮੌਕੇ ’ਤੇ ਮੌਜੂਦ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਦੇ ਭਰਾ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਨੇ ਦੱਸਿਆ ਕਿ ਇਸ ਕੋਠੀ ਨੂੰ ਜਾਂਦੀ ਸੜਕ ਦੇ ਨਿਰਮਾਣ ਦੇ ਸਬੰਧ ਵਿੱਚ ਨਗਰ ਕੌਂਸਲ ਵਲੋਂ ਸੰਬੰਧਤ ਅਧਿਕਾਰੀਆਂ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਸਬੰਧਤ ਅਧਿਕਾਰੀਆਂ ਤੋਂ ਜਵਾਬ ਮੰਗਿਆ ਜਾਵੇਗਾ ਕਿ ਇਹ ਸੜਕ ਬਿਨਾਂ ਟੈਂਡਰ ਤੋਂ ਕਿਸ ਤਰ੍ਹਾਂ ਬਣਾਈ ਗਈ ਹੈ ਅਤੇ ਕਿਸਦੇ ਕਹਿਣ ਤੇ ਬਣਾਈ ਗਈ ਹੈ। ਜਦੋਂ ਕਿ ਕੋਈ ਵੀ ਸੜਕ ਬਣਾਉਣ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਜਿਸ ਠੇਕੇਦਾਰ ਨੂੰ ਕੰਮ ਅਲਾਟ ਹੁੰਦਾ ਹੈ, ਉਹੀ ਠੇਕੇਦਾਰ ਉਸ ਸੜਕ ਦਾ ਨਿਰਮਾਣ ਕਰਦਾ ਹੈ। ਪਰ ਇੱਥੇ ਅਜਿਹੀ ਕੋਈ ਪ੍ਰਕਿਰਿਆ ਨਹੀਂ ਅਪਣਾਈ ਗਈ। ਜਾਂਚ ਤੋਂ ਬਾਅਦ ਇਸ ਵਿੱਚ ਸ਼ਾਮਲ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਲਾਕ ਕਾਂਗਰਸ ਜਗਰਾਉਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਬਲਾਕ ਕਾਂਗਰਸ ਜਗਰਾਓਂ ਦੇਹਾਤ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਅਮਨ ਕਪੂਰ ਬੌਬੀ, ਸਤਿੰਦਰ ਤੱਤਲਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
ਰਜਿਸਟਰੀ ਐਤਵਾਰ ਨੂੰ ਹੋਣ ਦੇ ਦੋਸ਼ ਬੇਬੁਨਿਆਦ–
ਐਨ.ਆਰ.ਆਈ ਪਰਿਵਾਰ ਦੀ ਕੋਠੀ ਦੇ ਕਬਜ਼ੇ ਨੂੰ ਲੈ ਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਵਿਵਾਦਿਤ ਕੋਠੀ ਦੀ ਰਜਿਸਟਰੀ 21 ਮਈ ਦਿਨ ਐਤਵਾਰ ਨੂੰ ਹੋਈ ਸੀ। ਇਸ ਸਬੰਧੀ ਜਦੋਂ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਹੁਣ ਮੈਨੂਅਲ ਨਹੀਂ ਸਗੋਂ ਆਨਲਾਈਨ ਰਜਿਸਟਰੀ ਹੁੰਦੀ ਹੈ। ਰਜਿਸਟਰੀ ਕਰਨ ਵਾਲੇ ਅਧਿਕਾਰੀ ਦੀ ਬਕਾਇਦਾ ਆਈ ਡੀ ਬਣੀ ਹੁੰਦੀ ਹੈ। ਉਸੇ ਆਈ ਡੀ ਦੇ ਅਧੀਨ ਹੀ ਕੰਮ ਕੀਤਾ ਜਾ ਸਕਦਾ ਹੈ। ਜਦੋਂ ਵੀ ਇਥੇ ਕੰਪਿਊਟਰ ਚਾਲੂ ਹੁੰਦਾ ਹੈ, ਉਹ ਜਾਣਕਾਰੀ ਉੱਚ ਪੱਧਰ ਤੱਕ ਪਹੁੰਚ ਜਾਂਦੀ ਹੈ। ਇਸ ਲਈ ਅਜਿਹੀ ਕਾਰਵਾਈ ਦੀ ਕੋਈ ਗੁੰਜਾਇਸ਼ ਨਹੀਂ ਹੈ। ਰਜਿਸਟਰੀ ਐਤਵਾਰ ਨੂੰ ਨਹੀਂ ਹੋਈ ਸਗੋਂ ਵਰਕਿੰਗ ਵਾਲੇ ਦਿਨ ਵਿਚ ਹੀ ਕੀਤੀ ਗਈ ਹੈ।