ਗਊ ਹੱਤਿਆ ਦੇ ਨਾਂ ’ਤੇ ਦੇਸ਼ ’ਚ ਕਈ ਵਾਰ ਲੜਾਈ-ਝਗੜੇ, ਦੰਗੇ ਅਤੇ ਕਤਲ ਵੀ ਹੋ ਚੁੱਕੇ ਹਨ। ਫਿਰ ਵੀ ਇਹ ਸਿਲਸਿਲਾ ਰੁਕਿਆ ਨਹੀਂ ਹੈ। ਪੰਜਾਬ ਸਰਕਾਰ ਜਨਤਕ ਖੇਤਰ ਦੇ ਸਾਰੇ ਸਰਕਾਰੀ ਕੰਮਾਂ ਵਿਚ ਗਊ ਸੈਸ ਦੇ ਨਾਮ ਤੇ ਮੋਟੀ ਰਕਮ ਇਕੱਠੀ ਕਰ ਰਹੀ ਹੈ। ਇਹ ਸਿਲਸਿਲਾ ਹੁਣ ਤੋਂ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੋਂ ਹੀ ਜਾਰੀ ਹੈ। ਭਾਵੇਂ ਰਜਿਸਟਰੀ ਕਰਵਾਉਣੀ ਹੋਵੇ, ਸ਼ਰਾਬ, ਡਰਾਇੰਵਿੰਦ ਲਾਇਸੈਂਸ, ਰੇਤਾ ਖਰੀਦਣ ਜਾਂ ਇਸ ਤਰ੍ਹਾਂ ਦੇ ਹੋਰ ਜਨਤਕ ਕੰਮਾਂ ਦੀ ਗੱਲ ਹੋਵੇ ਸਭ ਥਾਂ ਤੇ ਗਾਊ ਸੈਸ ਵਸੂਲਿਆ ਜਾਂਦਾ ਹੈ। ਇੰਨੀ ਵੱਡੀ ਰਿਕਵਰੀ ਦੇ ਬਾਵਜੂਦ ਪੰਜਾਬ ਵਿੱਚ ਲਾਵਾਰਸ ਗਊਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਨ੍ਹਾਂ ਕਾਰਨ ਰਪੋਜਾਨਾਂ ਪੰਜਾਬ ਦੀਆਂ ਸੜਕਾਂ ’ਤੇ ਹਾਦਸੇ ਵਾਪਰਦੇ ਹਨ ਅਤੇ ਕਈ ਲੋਕਾਂ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਭਾਵੇਂ ਕਿ ਪੰਜਾਬ ਦੇ ਹਰ ਸ਼ਹਿਰ ਵਿਨਚ ਕਈ ਕਈ ਵੱਡੀਆਂ ਛੋਟੀਆਂ ਗਊ ਸ਼ਾਲਾਵਾਂ ਹਨ ਪਰ ਉਸਦੇ ਬਾਵਜੂਦ ਹਰ ਸ਼ਹਿਰ ਵਿੱਚ ਆਵਾਰਾ ਗਊਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹੁਣ ਪੰਜਾਬ ਸਰਕਾਰ ਵੱਲੋਂ ਆਵਾਰਾ ਗਊਆਂ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਊ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇਣ ਦਾ ਐਲਾਣ ਕੀਤਾ ਗਿਆ ਹੈ। ਪਰ ਇਸ ਦੇ ਨਾਲ ਜੇਕਰ ਸਰਕਾਰ ਇਨ੍ਹਾਂ ਲਾਵਾਰਿਸ ਗਊਆਂ ਦੀ ਸੰਭਾਲ ਲਈ ਹੋਰ ਯੋਗ ਕਦਮ ਉਠਾਉਂਦੀ ਤਾਂ ਇਹ ਪੰਜ ਲੱਖ ਰੁਪਏ ਦੇਣ ਦੀ ਨੌਬਤ ਹੀ ਨਾ ਆਏ। ਕਿਸੇ ਵੀ ਪਵਿਵਾਰ ਦਾ ਬੰਦਾ ਅਜਿਹੇ ਹਾਦਸੇ ਵਿਚ ਮਰੇ ਹੀ ਨਾ। ਪੰਜਾਬ ਵਿੱਚ ਆਵਾਰਾ ਗਾਵਾਂ ਦੀ ਦੇਖਭਾਲ ਲਈ ਗਊ ਸੈਸ ਦੇ ਨਾਮ ਤੇ ਜੋ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ, ਉਸ ਦੀ ਸਹੀ ਵਰਤੋਂ ਇਸ ਕੰਮ ਲਈ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਆਵਾਰਾ ਗਾਵਾਂ ਦੀ ਪ੍ਰੇਸ਼ਾਨੀ ਸਮਾਪਤ ਹੋ ਜਾਵੇਗੀ। ਇਹ ਸਮੱਸਿਆ ਲਗਭਗ ਖਤਮ ਹੋ ਜਾਵੇਗੀ। ਜਿੱਥੇ ਸੜਕਾਂ ’ਤੇ ਘੁੰਮਦੀਆਂ ਆਵਾਰਾ ਗਊਆਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ, ਰਾਤ ਦੇ ਹਨੇਰੇ ’ਚ ਸੜਕਾਂ ’ਤੇ ਬੈਠਣ ਕਾਰਨ ਵੱਡੇ ਹਾਦਸੇ ਵੀ ਵਾਪਰਦੇ ਹਨ। ਗਊ ਹੱਤਿਆ ਦੇ ਨਾਂਅ ’ਤੇ ਹੁੰਦੇ ਲੜਾਈ-ਝਗੜੇ ਅਤੇ ਦੰਗੇ ਵੀ ਖ਼ਤਮ ਹੋ ਜਾਣਗੇ। ਸਰਕਾਰ ਇਸ ਵੱਲ ਗੰਭੀਰਤਾ ਨਾਲ ਧਿਆਨ ਦੇਵੇ। ਭਾਰਤ ਵਿੱਚ ਗਊ ਨੂੰ ਸਤਿਕਾਰਤ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਬਾਵਜੂਦ ਇਸਦੇ ਸ਼ਰਾਰਤੀ ਲੋਕ ਆਵਾਰਾ ਗਊਆਂ ਨੂੰ ਫੜ ਕੇ ਉਨ੍ਹਾਂ ਦਾ ਕਤਲ ਕਰ ਦਿੰਦੇ ਹਨ ਅਤੇ ਅੱਗੇ ਗਊ ਮਾਸ ਵੇਚਦੇ ਹਨ। ਜਦੋਂ ਅਜਿਹੇ ਲੋਕ ਫੜੇ ਜਾਂਦੇ ਹਨ ਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਕਈ ਵਾਰ ਉਹ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ, ਜੋ ਸਾਰਿਆਂ ਲਈ ਮੁਸੀਬਤ ਦਾ ਕਾਰਨ ਬਣਦੀਆਂ ਹਨ। ਇਸ ਲਈ ਇਹ ਬਹੁਤ ਗੰਭੀਰ ਅਤੇ ਭਾਵਨਾਤਮਕ ਮਾਮਲਾ ਹੈ। ਜਿਸ ’ਤੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਭਾਵੇਂ ਸਰਕਾਰ ਗਊ ਸੈਸ ਦੇ ਨਾਮ ਤੇ ਵਸੂਲੀ ਜਾਣ ਵਾਲੀ ਰਕਮ ਨੂੰ ਹੋਰ ਵਧਾ ਦੇਵੇ ਪਰ ਸੜਕਾਂ ਤੇ ਘੁੰਮ ਰਹੀਆਂ ਲਾਵਾਰਿਸ ਗਊਆਂ ਦੀ ਸੰਭਾਲ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕਿਸੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੇਣ ਦੀ ਨੌਬਤ ਹੀ ਨਾ ਆਏ।
ਹਰਵਿੰਦਰ ਸਿੰਘ ਸੱਗੂ।