ਮੋਗਾ (ਰਾਜੇਸ ਜੈਨ) ਸੀਆਈਏ ਸਟਾਫ ਮਹਿਣਾ ਦੀ ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ‘ਤੇ ਇਕ ਕਾਰ ਨੂੰ ਰੋਕ ਕੇ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਕਾਰ ਵਿਚੋਂ 35 ਪੇਟੀਆਂ ਸ਼ਰਾਬ ਚੰਡੀਗੜ੍ਹ ਮਾਰਕਾ ਦੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਮਹਿਣਾ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਦੀ ਸੂਚਨਾ ‘ਤੇ ਮੋਗਾ ਦੀ ਚੱਕੀ ਵਾਲੀ ਗਲੀ ਵਿਚ ਇਕ ਸਵਿਫਟ ਕਾਰ ਨੂੰ ਰੋਕ ਕੇ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲੈਣ ‘ਤੇ ਕਾਰ ਵਿਚੋਂ ਚੰਡੀਗੜ੍ਹ ਮਾਰਕਾ ਦੀਆਂ 35 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਅਮਰੀਕ ਸਿੰਘ ਅਤੇ ਰੇਸ਼ਮ ਸਿੰਘ ਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ ਨੂੰ ਮੌਕੇ ‘ਤੇ ਹੀ ਗਿ੍ਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਵਿਚੋਂ ਰੇਸ਼ਮ ਸਿੰਘ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜੱਜ ਵੱਲੋਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।