ਲੁਧਿਆਣਾ 28 ਮਾਰਚ (ਰਾਜੇਸ਼ ਜੈਨ) : ਮੰਗਲਵਾਰ ਨੂੰ ਗਲਾਡਾ ਵਿਭਾਗ ਨੇ ਥ੍ਰੀਕੇ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦੀਆਂ ਤਿੰਨ ਅਣ ਅਧਿਕਾਰਤ ਕਾਲੋਨੀਆਂ ਤੇ ਕਾਰਵਾਈ ਕੀਤੀ। ਜਾਣਕਾਰੀ ਦਿੰਦਿਆਂ ਏਸੀਏ ਗਲਾਡਾ ਅਮਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਨ੍ਹਾਂ ਅਣਅਧਿਕਾਰਤ ਕਲੋਨੀਆਂ ਨੂੰ ਪਹਿਲਾਂ ਹੀ ਪੀਏਪੀਆਰ ਐਕਟ 1995 (ਸੋਧਿਆ-2014) ਦੀ ਧਾਰਾ 39 ਤਹਿਤ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਮੰਗਲਵਾਰ ਸਵੇਰੇ ਐਸਡੀਓ ਦਵਲੀਨ ਸਿੰਘ ਦੀ ਅਗਵਾਈ ਵਿੱਚ 4 ਜੇਈਜ਼ ਅਮਨਦੀਪ ਸਿੰਘ, ਅਮਰਜੀਤ ਸਿੰਘ, ਵਰਿੰਦਰ ਸਿੰਘ ਦੀ ਇੱਕ ਵਿਸ਼ੇਸ਼ ਡਿਮੋਲੇਸ਼ਨ ਟੀਮ ਗਠਿਤ ਕੀਤੀ ਗਈ ਹੈ। ਨਾਜਾਇਜ਼ ਕਾਲੋਨੀਆਂ ਤੇ ਕਾਰਵਾਈ ਮੁਹਿੰਮ ਅਸਟੇਟ ਅਫ਼ਸਰ ਡਾ.ਬੀਐਸ ਢਿਲੋਂ ਦੀ ਅਗਵਾਈ ਵਿੱਚ ਕੀਤੀ ਗਈ। ਕਾਰਵਾਈ ਕਰਦਿਆਂ ਵਿਭਾਗ ਨੇ ਥਰੀਕੇ ਅਤੇ ਝਾਂਡੇ ਵਿੱਚ 3 ਕਲੋਨੀਆਂ ਢਾਹ ਦਿੱਤੀਆਂ ਗਈਆਂ।ਏਸੀਏ ਅਮਰਿੰਦਰ ਸਿੰਘ ਮੱਲੀ ਨੇ ਦੱਸਿਆ ਗਲਾਡਾ ਆਉਣ ਵਾਲੇ ਹਫ਼ਤਿਆਂ ਵਿੱਚ ਅਣ-ਅਧਿਕਾਰਤ ਕਲੋਨੀਆਂ ਤੇ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਮੌਕੇ ਮੁੱਖ ਪ੍ਰਸ਼ਾਸਕ ਗਲਾਡਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਇਮਾਰਤਾਂ ਨਾ ਖਰੀਦਣ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਪ੍ਰਦਾਨ ਨਹੀਂ ਕਰੇਗਾ।
