ਜਗਰਾਓਂ, 31 ਅਗਸਤ (ਬਲਦੇਵ ਸਿੰਘ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ.ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ. ਐਸ. ਪੀ.ਟਰੈਫਿਕ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਦੇ ਏ.ਐਸ.ਆਈ.ਹਰਪਾਲ ਸਿੰਘ ਮਾਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਵਿਖੇ ਪ੍ਰਿੰਸੀਪਲ ਮੀਨੂ ਗੁਪਤਾ ਦੀ ਹਾਜ਼ਰੀ ਵਿੱਚ ਸੰਬੰਧਿਤ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਬੰਧੀ ਹਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜ਼ਿੰਦਗੀ ਬਹੁਤ ਹੀ ਕੀਮਤੀ ਹੈ, ਹਾਦਸਿਆ ਤੋਂ ਬਚਣ ਲਈ,ਆਪ ਜਿਉਂਦੇ ਰਹਿਣ ਲਈ ਤੇ ਦੂਜਿਆਂ ਨੂੰ ਜਿਉਂਦੇ ਰੱਖਣ ਲਈ ਟ੍ਰੈਫਿਕ ਨਿਯਮਾਂ ਤੋਂ ਜਾਣੂ ਹੋਣਾ ਅਤਿ ਜ਼ਰੂਰੀ ਹੈ।ਇਸ ਲਈ ਸੜਕ ਤੇ ਗੁਜਰਦੇ ਸਮੇਂ ਕਦੇ ਵੀ ਲਾਪ੍ਰਵਾਹੀ ਨਾ ਵਰਤੋ। ਕਦੇ ਵੀ ਸੜਕ ਦੌੜ ਕੇ ਪਾਰ ਨਾ ਕਰੋ।ਸੱਜੇ-ਖੱਬੇ ਵੇਖਕੇ ਹੀ ਸੜਕ ਪਾਰ ਕਰੋ।ਦੋ ਪਹੀਆ ਵਾਹਨ ਚਲਾਉਂਦੇ ਸਮੇਂ ਸਿਰ ਤੇ ਹੈਲਮਟ ਜ਼ਰੂਰ ਪਹਿਨੋ। ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰੋ, ਤਿੰਨ ਸਵਾਰੀਆਂ ਨਾ ਬੈਠੋ। ਮੋਟਰਸਾਈਕਲ ਚਲਾਉਂਦੇ ਸਮੇਂ ਪਟਾਕੇ ਨਾ ਪੁਆਵੋ। ਅਠਾਰਾ ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ ਵਹੀਕਲ ਨਾ ਚਲਾਉਣ ਅਤੇ ਨਾ ਹੀ ਸਰਕਾਰੀ ਨੰਬਰ ਪਲੇਟ ਬਿਨਾਂ ਵਹੀਕਲ ਚਲਾਓ। ਹਰਪਾਲ ਸਿੰਘ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਨਾਲ ਨਾਲ ਵੱਡੀ ਉਮਰ ਦੇ ਲੋਕ ਵੀ ਟਰੈਫਿਕ ਨਿਯਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਅਤੇ ਅਧਿਆਪਕ ਵਰਗ ਵੀ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਵੇ।ਇਸ ਸਮੇਂ ਸਬੰਧਤ ਸਕੂਲ ਪ੍ਰਿੰਸੀਪਲ ਮੀਨੂ ਗੁਪਤਾ, ਜਸਵੀਰ ਕੌਰ, ਪਰਮਜੀਤ ਸਿੰਘ ਆਦਿ ਸਕੂਲ ਅਧਿਆਪਕ ਹਾਜਰ ਸਨ।ਅੰਤ ਵਿਚ ਸਕੂਲ ਪ੍ਰਬੰਧਕ ਵੱਲੋਂ ਹਰਪਾਲ ਸਿੰਘ ਏ ਐਸ ਆਈ ਦਾ ਧੰਨਵਾਦ ਵੀ ਕੀਤਾ ਗਿਆ।