ਜਗਰਾਉਂ 28 ਮਾਰਚ ( ਵਿਕਾਸ ਮਠਾੜੂ )- ਸਾਹਿਤ ਸਭਾ ਜਗਰਾਉਂ ਦੇ ਅਜ਼ੀਮ ਸ਼ਾਇਰ ਰਾਜਦੀਪ ਸਿੰਘ ਤੂਰ ਦਾ ਗ਼ਜ਼ਲ ਸੰਗ੍ਰਹਿ “ ਰੂਹ ਵੇਲ਼ਾ ” ਹੁਣ ਸ਼ਾਹਮੁਖੀ ਵਿੱਚ ਵੀ ਛਪ ਗਿਆ ਹੈ । ਦੱਸਣਯੋਗ ਹੈ ਕਿ ” ਰੂਹ ਵੇਲਾ ” ਨੂੰ ਲਹਿੰਦੇ ਪੰਜਾਬ ਵਿੱਚ ਜਨਾਬ ਆਸਿਫ ਰਜ਼ਾ ਵੱਲੋਂ ਸ਼ਾਹਮੁਖੀ ਵਿੱਚ ਉੱਲਥਾ ਕੀਤਾ ਗਿਆ ਹੈ ਤੇ ਸਾਂਝਾ ਵਿਰਸਾ ਪ੍ਰਕਾਸ਼ਨ ਲਹੌਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ । ਸਾਹਿਤ ਸਭਾ ਜਗਰਾਉਂ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਪ੍ਰਭਜੋਤ ਸੋਹੀ, ਹਰਬੰਸ ਸਿੰਘ ਅਖਾੜਾ, ਮੇਜ਼ਰ ਸਿੰਘ ਛੀਨਾਂ, ਗੁਰਜੀਤ ਸਹੋਤਾ ਤੇ ਕੁਲਦੀਪ ਸਿੰਘ ਲੋਹਟ ਨੇ ਆਪਣੇ ਅਜ਼ੀਜ਼ ਸ਼ਾਇਰ ਰਾਜਦੀਪ ਤੂਰ ਦੀ ਇਸ ਉਪਲੱਬਧੀ ਤੇ ਨਾਜ਼ ਕਰਦਿਆਂ ਤੂਰ ਨੂੰ ਵਧਾਈ ਦਿੱਤੀ।ਇੱਕ ਵਿਸ਼ੇਸ਼ ਇਕੱਤਰਤਾ ਵਿੱਚ ਪੰਜਾਬ ਆਰਟ ਕੌਂਸਲ ਦੇ ਪ੍ਰਧਾਨ ਪਦਮ ਸ੍ਰੀ ਸੁਰਜੀਤ ਪਾਤਰ, ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਗੁਰਭਜਨ ਗਿੱਲ, ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਜੌਹਲ, ਸਕੱਤਰ ਗੁਰਇਕਬਾਲ ਤੂਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸੁੰਨੜ, ਅਰਤਿੰਦਰ ਸੰਧੂ, ਬਲਵਿੰਦਰ ਸੰਧੂ ਵੱਲੋਂ ਰਾਜਦੀਪ ਤੂਰ ਨੂੰ ਉਹਨਾ ਦੇ ਇਸ ਗ਼ਜ਼ਲ ਸੰਗ੍ਰਹਿ ਦੇ ਸ਼ਾਹਮੁਖੀ ਵਿੱਚ ਛਪਣ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਾਸਾਰ ਵਿੱਚ ਵਾਧਾ ਕਰਨਗੇ ਅਤੇ ਦੋਵਾਂ ਮੁਲਕਾਂ ਦੇ ਪਾਠਕਾਂ ਨੂੰ ਇੱਕ ਦੂਸਰੇ ਦੀ ਸ਼ਾਇਰੀ ਪੜ੍ਹਨ ਤੇ ਮਾਨਣ ਦਾ ਮੌਕਾ ਮਿਲ਼ ਸਕੇਗਾ ।
