ਨਸ਼ੇ ਨੇ ਇਕ ਹੋਰ ਨੌਜਵਾਨ ਦੀ ਲਈ ਜਾਨ
ਮੁੱਲਾਂਪੁਰ 2 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਇੱਥੋਂ ਨੇੜਲੇ ਪਿੰਡ ਪਮਾਲ ਦੇ 17 ਸਾਲਾ ਕਬੱਡੀ ਖਿਡਾਰੀ ਨੇ ਨਸ਼ੇ ਦੀ ਨਸ਼ੇ ਦਾ ਟੀਕਾ ਲਗਵਾਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਥਾਣਾ ਦਾਖਾ ਵਿੱਚ ਦੋ ਔਰਤਾਂ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਪਿੰਡ ਪਮਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਦੋ ਲੜਕੇ ਅਤੇ ਇੱਕ ਲੜਕੀ ਹੈ। ਉਸਦੀ ਲੜਕੀ 12ਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਵੱਡਾ ਪੁੱਤਰ ਅਰਮੇਨੀਆ ਵਿੱਚ ਵਿਦੇਸ਼ ਗਿਆ ਹੋਇਆ ਹੈ। ਉਸਦਾ ਛੋਟਾ ਲੜਕਾ ਸ਼ਾਨਵੀਰ ਸਿੰਘ ਉਮਰ 17 ਸਾਲ ਜੋ ਕਿ ਕਬੱਡੀ ਦਾ ਖਿਡਾਰੀ ਹੈ। ਪਿੰਡ ਦੇ ਹੀ ਲੜਕੇ ਸੁਖਰਾਜ ਸਿੰਘ ਨਾਲ ਮੋਟਰਸਾਈਕਲ ’ਤੇ ਗਿਆ ਸੀ। ਜਦੋਂ ਉਹ ਦੇਰ ਤੱਕ ਵਾਪਸ ਨਾ ਆਇਆ ਤਾਂ ਅਸੀਂ ਸੁਖਰਾਜ ਸਿੰਘ ਤੋਂ ਉਸ ਦੇ ਲੜਕੇ ਬਾਰੇ ਪੁੱਛਗਿੱਛ ਕੀਤੀ ਪਰ ਉਹ ਟਾਲ-ਮਟੋਲ ਕਰਦਾ ਰਿਹਾ। ਜਦੋਂ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਪਿੰਡ ਆਲੀਵਾਲ ਦੇ ਸਾਬਕਾ ਸਰਪੰਚ ਦੀ ਮੋਟਰ ’ਤੇ ਨਸ਼ਾ ਕਰਨ ਲਈ ਗਏ ਸੀ। ਉਥੇ ਉਸ ਨੂੰ ਟੀਕਾ ਲਗਾਉਣ ਨਾਲੋਂ ਜ਼ਿਆਦਾ ਨਸ਼ਾ ਚੜ੍ਹ ਗਿਆ। ਇਸ ਲਈ ਮੈਂ ਡਰ ਕੇ ਉਥੋਂ ਭੱਜ ਗਿਆ। ਜਦੋਂ ਅਸੀਂ ਉਥੋਂ ਜਾ ਕੇ ਦੇਖਿਆ ਤਾਂ ਉਥੇ ਸ਼ਾਨਵੀਰ ਦੀ ਮੌਤ ਹੋ ਚੁੱਕੀ ਸੀ। ਸਬ ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਖਰਾਜ ਸਿੰਘ ਅਤੇ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਪਮਾਲ ਦੇ ਵਸਨੀਕ ਸ਼ਾਨਵੀਰ ਸਿੰਘ ਅਤੇ ਸੁਖਰਾਜ ਸਿੰਘ ਬੂਟਾ ਸਿੰਘ ਵਾਸੀ ਪਿੰਡ ਕੁਲਗਹਣਾ ਪਾਸੋਂ ਨਸ਼ਾ ਲੈਣ ਲਈ ਗਏ ਸਨ। ਬੂਟਾ ਸਿੰਘ ਨੇ ਉਨ੍ਹਾਂ ਤੋਂ 800 ਰੁਪਏ ਲੈ ਲਏ ਅਤੇ ਕਿਹਾ ਕਿ ਇਸ ਮੇਰੇ ਕੋਲ ਸਮਾਨ ਨਹੀਂ ਹੈ। ਮੈਂ ਦਰਸ਼ਨ ਕੌਰ ਉਰਫ਼ ਦਰਸ਼ੋ ਤੋਂ ਲੈ ਦਿੰਦਾ ਹਾਂ। ਬੂਟਾ ਤੇ ਇਹ ਦੋਵੇਂ ਮੁੰਡੇ ਦਰਸ਼ਨਾ ਕੌਰ ਕੋਲ ਨਸ਼ਾ ਲੈਣ ਲਈ ਚਲੇ ਗਏ । ਉਥੇ ਦਰਸ਼ਨਾ ਨੇ ਬੂਟਾ ਸਿੰਘ ਤੋਂ ਪੈਸੇ ਲੈ ਲਏ ਅਤੇ ਕਿਹਾ ਕਿ ਮੇਰੇ ਕੋਲ ਵੀ ਅਜੇ ਨਸ਼ਾ ਨਹੀਂ ਹੈ ਮੈਂ ਕਰਮਜੀਤ ਕੌਰ ਤੋਂ ਲੈ ਦਿੰਦੀ ਹਾਂ। ਉਹ ਬੂਟਾ ਸਿੰਘ ਅਤੇ ਦਰਸ਼ਨਾ ਕੌਰ ਰਾਹੀਂ ਕਰਮਜੀਤ ਕੌਰ ਤੋਂ ਨਸ਼ਾ ਲੈ ਕੇ ਦੋਵੇਂ ਲੜਕੇ ਪਿੰਡ ਅਲੀਵਾਲ ਦੇ ਸਾਬਕਾ ਸਰਪੰਚ ਦੇ ਖੇਤ ਦੀ ਮੋਟਰ ’ਤੇ ਚਲੇ ਗਏ। ਉਸ ਮੌਕੇ ਨਸ਼ੇ ਦਾ ਟੀਕਾ ਲਗਾਉਣ ਨਾਲ ਸ਼ਾਨਵੀਰ ਸਿੰਘ ਦੀ ਮੌਤ ਹੋ ਗਈ ਅਤੇ ਸੁਖਰਾਜ ਸਿੰਘ ਉਸ ਨੂੰ ਉੱਥੇ ਛੱਡ ਕੇ ਘਰ ਭੱਜ ਆਇਆ। ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਸੁਖਰਾਜ ਸਿੰਘ ਵਾਸੀ ਪਿੰਡ ਪਮਾਲ, ਦਰਸ਼ਨਾ ਕੌਰ, ਕਰਮਜੀਤ ਕੌਰ ਅਤੇ ਬੂਟਾ ਸਿੰਘ ਵਾਸੀ ਪਿੰਡ ਕੁਲ ਗਹਿਣਾ ਖ਼ਿਲਾਫ਼ ਕੇਸ ਦਰਜ ਕਰਕੇ ਸੁਖਰਾਜ ਸਿੰਘ ਅਤੇ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
